ਅਕਾਲੀ ਦਲ ਦੀ ਬੈਠਕ ''ਚ ਖੁੱਲ੍ਹ ਕੇ ਸਾਹਮਣੇ ਆਈ ਧੜੇਬੰਦੀ

Wednesday, Mar 14, 2018 - 07:14 AM (IST)

ਅਕਾਲੀ ਦਲ ਦੀ ਬੈਠਕ ''ਚ ਖੁੱਲ੍ਹ ਕੇ ਸਾਹਮਣੇ ਆਈ ਧੜੇਬੰਦੀ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਅਕਾਲੀ ਦਲ ਦੀ ਅੱਜ ਹੋਈ ਮੀਟਿੰਗ 'ਚ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ। ਅਕਾਲੀ ਦਲ ਦਾ ਇਕ ਵੱਡਾ ਧੜਾ ਇਸ ਮੀਟਿੰਗ 'ਚੋਂ ਗੈਰ ਹਾਜ਼ਰ ਰਿਹਾ। ਇੰਨਾ ਹੀ ਨਹੀਂ ਬੈਠਕ ਬੁਲਾਉਣ ਸਬੰਧੀ ਵੀ ਕਸ਼ਮਕਸ਼ ਦੀ ਸਥਿਤੀ ਰਹੀ। ਹਲਕਾ ਇੰਚਾਰਜ ਦਾ ਕਹਿਣਾ ਸੀ ਕਿ ਇਹ ਬੈਠਕ ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਨੇ ਬੁਲਾਈ ਹੈ ਜਦੋਂਕਿ ਰੰਮੀ ਢਿੱਲੋਂ ਦਾ ਕਹਿਣਾ ਸੀ ਕਿ ਇਹ ਬੈਠਕ ਉਨ੍ਹਾਂ ਨਹੀਂ ਬੁਲਾਈ ਬਲਕਿ ਸੁਰਿੰਦਰਪਾਲ ਸੀਬੀਆ ਨੇ ਬੁਲਾਈ ਹੈ ਅਤੇ ਉਨ੍ਹਾਂ ਦੇ ਸੱਦੇ 'ਤੇ ਹੀ ਉਹ ਬੈਠਕ 'ਚ ਆਏ ਹਨ। ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਕੁਲਵੰਤ ਸਿੰਘ ਕੀਤੂ ਅਤੇ ਉਨ੍ਹਾਂ ਦੇ ਸਾਥੀ ਇਸ ਮੀਟਿੰਗ ਵਿਚੋਂ ਗੈਰ ਹਾਜ਼ਰ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ। ਇਹ ਮੀਟਿੰਗ ਸੁਰਿੰਦਰਪਾਲ ਸੀਬੀਆ ਨੇ ਨਿੱਜੀ ਤੌਰ 'ਤੇ ਰੱਖੀ ਗਈ ਹੋਵੇਗੀ।
ਹਾਈਕਮਾਨ ਦੇ ਧਿਆਨ 'ਚ ਲਿਆਵਾਂਗਾ ਮਾਮਲਾ : ਕੁਲਵੰਤ ਕੀਤੂ 
ਜਦੋਂ ਇਸ ਸਬੰਧੀ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਕੁਲਵੰਤ ਸਿੰਘ ਕੀਤੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਬੈਠਕ ਸੁਰਿੰਦਰਪਾਲ ਸੀਬੀਆ ਨੇ ਆਪਣੇ ਤੌਰ 'ਤੇ ਬੁਲਾਈ ਸੀ। ਮੈਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ, ਜੋ ਸਰਾਸਰ ਗਲਤ ਗੱਲ ਹੈ। ਇਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿਚ ਬੈਠਕ ਸਬੰਧੀ ਖਬਰਾਂ ਪ੍ਰਕਾਸ਼ਿਤ ਕਰਵਾਈਆਂ। ਜ਼ਿਲੇ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਬੈਠਕ ਵਿਚ ਆਉਣ ਲਈ ਕਿਹਾ ਪਰ ਇਸ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ। ਨਾ ਹੀ ਇਸ ਬੈਠਕ ਵਿਚ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰ ਆਏ। ਮੇਰੇ ਵੱਲੋਂ ਇਸ ਮਾਮਲੇ ਨੂੰ ਹਾਈਕਮਾਨ ਦੇ ਧਿਆਨ 'ਚ ਲਿਆਂਦਾ ਜਾਵੇਗਾ ਕਿ ਇਸ ਤਰ੍ਹਾਂ ਨਾਲ ਬੈਠਕ ਬੁਲਾਉਣਾ ਗਲਤ ਹੈ। ਇਸ ਬੈਠਕ ਦਾ ਗਲਤ ਸੰਦੇਸ਼ ਜਾਂਦਾ ਹੈ ਜੋ ਕਿ ਅਕਾਲੀ ਦਲ ਦੇ ਹਿੱਤ 'ਚ ਨਹੀਂ। ਮੈਂ ਇਸ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਾਂਗਾ।
ਪਾਰਟੀ 'ਚ ਵਰਕਰਾਂ ਦੀ ਭਰਤੀ ਸਬੰਧੀ ਬੈਠਕ 'ਚ ਬੁਲਾਇਆ ਜਾਵੇਗਾ ਸਾਰਿਆਂ ਨੂੰ : ਸਿਬੀਆ 
ਜਦੋਂ ਇਸ ਸਬੰਧੀ ਸੁਰਿੰਦਰਪਾਲ ਸਿੰਘ ਸੀਬੀਆ ਨਾਲ ਗੱਲਬਾਤ ਕੀਤੀ ਗਈ ਕਿ ਕੁਲਵੰਤ ਸਿੰਘ ਕੀਤੂ ਦਾ ਕਹਿਣਾ ਹੈ ਕਿ ਉਨ੍ਹਾਂ (ਸਿਬੀਆ) ਵੱਲੋਂ ਇਹ ਬੈਠਕ ਬੁਲਾਈ ਗਈ ਹੈ ਅਤੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਬੈਠਕ ਉਨ੍ਹਾਂ ਨੇ ਬੁਲਾਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮੀਟਿੰਗ ਸ਼ਹਿਰੀ ਪ੍ਰਧਾਨ ਨੇ ਬੁਲਾਈ ਸੀ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਪਿੰਡਾਂ ਦੇ ਲੋਕ ਵੀ ਇਸ ਬੈਠਕ ਵਿਚ ਆਏ ਸਨ ਤਾਂ ਉਨ੍ਹਾਂ ਕਿਹਾ ਕਿ ਪਿੰਡਾਂ ਦੀ ਬੈਠਕ 'ਚ ਸ਼ਹਿਰੀ ਲੋਕ ਚਲੇ ਜਾਂਦੇ ਹਨ, ਇਸੇ ਤਰ੍ਹਾਂ ਸ਼ਹਿਰੀ ਬੈਠਕ 'ਚ ਪਿੰਡਾਂ ਦੇ ਲੋਕ ਚਲੇ ਜਾਂਦੇ ਹਨ। ਜਲਦੀ ਹੀ ਪਾਰਟੀ 'ਚ ਵਰਕਰਾਂ ਦੀ ਭਰਤੀ ਸਬੰਧੀ ਬੈਠਕ ਬੁਲਾਈ ਜਾਵੇਗੀ, ਉਸ ਵਿਚ ਸਾਰਿਆਂ ਨੂੰ ਬੁਲਾਇਆ ਜਾਵੇਗਾ।


Related News