ਲੜਾਈ ਝਗੜੇ ''ਚ ਨਾਮਜ਼ਦ ਅਕਾਲੀ ਆਗੂ ਨੇ ਆਪਣੇ ਆਪ ਨੂੰ ਦੱਸਿਆ ਬੇਕਸੂਰ
Friday, Jul 14, 2017 - 02:14 AM (IST)

ਬੁਢਲਾਡਾ(ਮਨਜੀਤ)-ਪਿੰਡ ਬੀਰੋਕੇ ਕਲਾਂ ਵਿਖੇ ਬੀਤੇ ਦਿਨੀਂ ਹੋਏ ਲੜਾਈ-ਝਗੜੇ 'ਚ ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਜਨਰਲ ਸਕੱਤਰ ਬਲਵੀਰ ਸਿੰਘ ਬੀਰਾ ਸਾਬਕਾ ਸਰਪੰਚ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ 'ਤੇ ਦਰਜ ਪੁਲਸ ਕੇਸ ਨੂੰ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਦਰਜ ਕੀਤਾ ਗਿਆ ਝੂਠਾ ਮਾਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਲੜਾਈ ਬਾਰੇ ਕੁਝ ਵੀ ਪਤਾ ਨਹੀਂ ਸੀ ਅਤੇ ਲੜਾਈ ਮੌਕੇ ਉਥੇ ਤਾਂ ਕੀ ਉਹ ਆਪਣੇ ਘਰ ਵੀ ਨਹੀਂ ਸਨ। ਉਨ੍ਹਾਂ ਨੂੰ ਲੜਾਈ ਤੋਂ ਕਾਫੀ ਚਿਰ ਬਾਅਦ ਕਿਸੇ ਨੇ ਫੋਨ 'ਤੇ ਦੱਸਿਆ ਕਿ ਪਿੰਡ 'ਚ ਲੜਾਈ ਹੋ ਗਈ ਹੈ। ਇਸ ਸਬੰਧੀ ਪਿੰਡ ਦੇ ਵਸਨੀਕ ਅਤੇ ਪਨਸੀਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ ਨੇ ਦੱਸਿਆ ਕਿ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ ਕਿਉਂਕਿ ਬਲਵੀਰ ਸਿੰਘ 3 ਵਾਰ ਪਿੰਡ ਦਾ ਸਰਪੰਚ ਰਹਿ ਚੁੱਕਾ ਹੈ। ਅਕਾਲੀ ਦਲ ਦੀ ਜ਼ਿਲਾ ਇਕਾਈ ਦਾ ਅਹੁਦੇਦਾਰ ਅਤੇ ਇਕ ਜ਼ਿੰਮੇਵਾਰ ਵਿਅਕਤੀ ਹੈ। ਉਹ ਇਸ ਤਰ੍ਹਾਂ ਦੇ ਨਿੱਕੇ-ਮੋਟੇ ਝਗੜੇ ਹੱਲ ਤਾਂ ਕਰਵਾਉਂਦਾ ਹੈ ਪਰ ਬਿਨਾਂ ਕਿਸੇ ਵਜ੍ਹਾ ਝਗੜਾ ਕਿਉਂ ਕਰੇਗਾ? ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸ਼ਾਸਨ 'ਚ ਉਨ੍ਹਾਂ ਦੇ ਪਿੰਡ 'ਚ ਕਦੇ ਵੀ ਕਿਸੇ ਅਕਾਲੀ ਆਗੂ ਨੇ ਵਿਰੋਧੀ ਪਾਰਟੀ ਦੇ ਆਗੂ ਨਾਲ ਅਜਿਹੀ ਵਧੀਕੀ ਨਹੀਂ ਕੀਤੀ। ਸ. ਔਲਖ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਬੀਤੇ ਕੱਲ ਅਕਾਲੀ ਆਗੂਆਂ ਦੇ ਇਕ ਵਫਦ ਜਿਸ 'ਚ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ (ਦਿਹਾਤੀ), ਜਥੇਦਾਰ ਸੁਖਦੇਵ ਸਿੰਘ ਦਿਆਲਪੁਰਾ, ਜਥੇਦਾਰ ਮਨਜੀਤ ਸਿੰਘ ਬੱਪੀਆਣਾ, ਬੁਢਲਾਡਾ ਸਰਕਲ ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ, ਰਜਿੰਦਰ ਸਿੰਘ ਰਾਜਾ ਆਦਿ ਨੇ ਜ਼ਿਲਾ ਪੁਲਸ ਮੁਖੀ ਨੂੰ ਮਿਲ ਕੇ ਬਲਵੀਰ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਬੇ-ਕਸੂਰ ਦੱਸਦਿਆਂ ਇਸ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।