ਅਕਾਲੀ ਦਲ ਵੱਲੋਂ 2 ਨਵੰਬਰ ਨੂੰ ਧਰਮਸੋਤ ਦੀ ਕੋਠੀ ਘੇਰਨ ਦਾ ਐਲਾਨ

10/25/2020 3:32:25 PM

ਪਟਿਆਲਾ (ਜਗਦੇਵ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪਾਰਟੀ 2 ਨਵੰਬਰ ਨੂੰ ਦਲਿਤ ਵਿਦਿਆਰਥੀਆਂ ਦੇ ਕਰੋੜਾਂ ਦੇ ਵਜ਼ੀਫਾ ਘਪਲੇ 'ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਅ ਕਰੇਗੀ। ਇੱਥੇ ਪਹੁੰਚੇ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਵਜ਼ਾਰਤ 'ਚੋਂ ਬਰਖ਼ਾਸਤ ਕਰਕੇ ਵਜ਼ੀਫਾ ਘਪਲੇ ਦੀ ਜਾਂਚ ਕੀਤੀ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਇਸ ਘਪਲੇ ਦੀ ਅਸਲ ਸੱਚਾਈ ਪੰਜਾਬ ਦੀ ਜਨਤਾ ਸਾਹਮਣੇ ਆ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਜ਼ੀਫਾ ਘਪਲੇ ਸਬੰਧੀ ਕਲੀਨ ਚਿੱਟ ਦਿੱਤੀ ਹੈ, ਉਸ ਦਾ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਸਮੁੱਚੀਆਂ ਸਿਆਸੀ ਪਾਰਟੀਆਂ ਸਖ਼ਤ ਵਿਰੋਧ ਕਰ ਰਹੀਆਂ ਹਨ ਕਿਉਂਕਿ ਪਹਿਲਾਂ ਵੀ ਇਸ ਦੀ ਜਾਂਚ ਉਸ ਦੇ ਹੀ ਮਹਿਕਮੇ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਵਲੋਂ ਕੀਤੀ ਗਈ ਸੀ। ਕੇਂਦਰ ਸਰਕਾਰ ਵੱਲੋਂ ਕਿਸਾਨੀ ਨੂੰ ਲੈ ਕੇ ਬਣਾਏ ਗਏ ਕਾਨੂੰਨਾਂ ਦੇ ਸਬੰਧ 'ਚ ਬੋਲਦਿਆਂ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨੀ ਕਾਨੂੰਨਾਂ ਤੇ ਦੋਗਲੀ ਖੇਡ ਖੇਡ ਰਹੀ ਹੈ, ਜਦ ਕਿ ਸਰਕਾਰ ਨੂੰ ਕਿਸਾਨਾਂ ਦੇ ਹੱਕਾਂ 'ਚ ਸਖ਼ਤ ਸਟੈਂਡ ਲੈਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਕਿਸਾਨੀ ਕਾਨੂੰਨਾਂ ਦੇ ਵਿਰੋਧ 'ਚ ਕੇਂਦਰੀ ਵਜ਼ਾਰਤ 'ਚੋਂ ਅਸਤੀਫ਼ਾ ਦਿੱਤਾ, ਉੱਥੇ ਹੀ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਨਾਲ ਵੀ ਸਾਂਝ ਤੋੜ ਕੇ ਜਨਤਾ ਨੂੰ ਇਹ ਸਾਬਤ ਕਰ ਕੇ ਦਿਖਾ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਹਮੇਸ਼ਾ ਰਹੇਗੀ।  


Babita

Content Editor

Related News