ਸ਼੍ਰੋਮਣੀ ਅਕਾਲੀ ਦਲ ਬਣਾਏਗਾ ਸੁਲਤਾਨਪੁਰ ਲੋਧੀ ਨੂੰ ''ਸਫੈਦ ਸ਼ਹਿਰ''
Tuesday, Sep 03, 2019 - 11:25 AM (IST)

ਚੰਡੀਗੜ੍ਹ (ਰਮਨਜੀਤ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਵਿੱਤਰ ਅਤੇ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਨੂੰ 'ਸਫੈਦ ਸ਼ਹਿਰ' ਬਣਾਉਣ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸ਼ੁਭ ਕਾਰਜ ਦਾ ਆਰੰਭ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 5 ਸਤੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਅਰਦਾਸ ਕਰਨ ਉਪਰੰਤ ਕਰਨਗੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਅਕਾਲੀ ਦਲ ਦੀ ਸਮੁੱਚੀ ਜਥੇਬੰਦੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ, ਜ਼ਿਲਾ ਜਥੇਦਾਰ ਸਾਹਿਬਾਨ, ਵਿਧਾਇਕ, ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਹਿੱਸਾ ਲੈਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰੀਕੇ 1999 ਦੇ ਵਿਚ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਸਫੈਦ ਰੰਗ ਕਰ ਕੇ ਵਿਸ਼ੇਸ਼ ਦਿੱਖ ਦਿੱਤੀ ਗਈ ਸੀ, ਉਸੇ ਤਰ੍ਹਾਂ ਸੁਲਤਾਨਪੁਰ ਲੋਧੀ ਨੂੰ ਸਫੈਦ ਸ਼ਹਿਰ ਬਣਾਇਆ ਜਾਵੇਗਾ।