ਤ੍ਰਿਪਤ ਬਾਜਵਾ ਨੂੰ ਮੰਤਰੀ ਅਹੁਦੇ ਤੋਂ ਹਟਾਇਆ ਜਾਵੇ : ਅਕਾਲੀ ਦਲ

09/07/2018 10:45:20 AM

ਚੰਡੀਗੜ੍ਹ (ਅਸ਼ਵਨੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਰੀ ਨਾਲ ਹੀ ਸਹੀ ਪਰ ਮੀਡੀਆ ਨਾਲ ਗੱਲਬਾਤ ਦੌਰਾਨ ਕਬੂਲ ਕਰ ਚੁੱਕੇ ਹਨ ਕਿ ਹਾਲ ਹੀ 'ਚ ਪੰਜਾਬ 'ਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਪਿੱਛੇ ਆਈ. ਐੱਸ. ਆਈ. ਦਾ ਹੱਥ ਹੈ। ਇਸ ਤਰ੍ਹਾਂ ਉਨ੍ਹਾਂ ਨੇ 3 ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਦਿੱਤੇ ਬਿਆਨ ਦਾ ਸਮਰਥਨ ਕਰ ਦਿੱਤਾ ਹੈ। ਇਸ ਸਬੰਧੀ ਤਿੱਖਾ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਜਸਟਿਸ ਰਣਜੀਤ ਸਿੰਘ ਰਿਪੋਰਟ 'ਤੇ ਅਕਾਲੀ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਵਿਧਾਨ ਸਭਾ ਦੀ ਦੁਰਵਰਤੋਂ ਕੀਤੀ ਹੈ ਪਰ ਹੁਣ ਅਚਾਨਕ ਹੀ ਉਸ ਨੂੰ ਸੋਝੀ ਆ ਗਈ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਆਈ. ਐੱਸ. ਆਈ. ਵਲੋਂ ਕਰਵਾਈਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਅਮਰਿੰਦਰ ਨੇ ਆਪ ਕਿਹਾ ਸੀ ਕਿ ਰਾਏਸ਼ੁਮਾਰੀ 2020 ਇਕੱਤਰਤਾ ਸਿੱਖਸ ਫਾਰ ਜਸਟਿਸ ਵਲੋਂ ਕਰਵਾਈ ਗਈ ਸੀ, ਜਿਸ ਵਾਸਤੇ ਆਈ. ਐੱਸ. ਆਈ. ਨੇ ਪੈਸੇ ਲਾਏ ਸਨ। ਉਨ੍ਹਾਂ ਕਿਹਾ ਕਿ ਅਜੀਬ ਗੱਲ ਹੈ ਕਿ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਇਕੱਤਰਤਾ ਦੇ ਮੁੱਖ ਆਯੋਜਕਾਂ ਅਤੇ ਗਰਮ ਖ਼ਿਆਲੀ ਬਲਜੀਤ ਸਿੰਘ ਦਾਦੂਵਾਲ ਨਾਲ ਨੇੜਤਾ ਵਾਲੀ ਗੱਲ ਛੁਪਾ ਗਏ ਜਦਕਿ ਦਾਦੂਵਾਲ ਨੂੰ ਕੈਪਟਨ ਨੇ 'ਸ਼ਰਾਰਤੀ ਅਨਸਰ' ਕਰਾਰ ਦਿੱਤਾ ਹੈ। ਗਰੇਵਾਲ ਨੇ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਬਾਜਵਾ ਨੂੰ ਤੁਰੰਤ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਰਾਸ਼ਟਰ-ਵਿਰੋਧੀ ਗਤੀਵਿਧੀਆਂ ਲਈ ਉਸ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।


Related News