ਅਕਾਲੀ ਦਲ ਨੇ ਐੱਨ.ਕੇ. ਸ਼ਰਮਾ ਨੂੰ ਬਣਾਇਆ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ

04/13/2024 6:10:26 PM

ਪਟਿਆਲਾ (ਬਲਜਿੰਦਰ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾ ਲਈ ਜਾਰੀ ਕੀਤੀ ਗਈ ਪਹਿਲੀ ਸੂਚੀ ਵਿਚ ਸਾਬਕਾ ਪਾਰਲੀਮਾਨੀ ਸਕੱਤਰ ਐੱਨ.ਕੇ. ਸ਼ਰਮਾ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਹਲਾਂਕਿ ਐੱਨ.ਕੇ. ਸ਼ਰਮਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਵਿਚ ਕਾਫੀ ਜ਼ਿਆਦਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸਨ ਪਰ ਅੱਜ ਅਧਿਕਰਾਰਤ ਤੌਰ ‘ਤੇ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਲੋਕ ਚੋਣ ਵਿਚ ਮੁਕਾਬਲੇ ਲਈ ਤਸਵੀਰ ਸਾਫ ਹੁੰਦੀ ਜਾ ਰਹੀ ਹੈ। ਐੱਨ.ਕੇ. ਸ਼ਰਮਾ ਇਕ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ, ਜਿਨ੍ਹਾਂ ਨੇ ਆਪਣਾ ਰਾਜਨੀਤਕ ਕੈਰੀਅਰ ਪਿੰਡ ਲੋਹਗੜ੍ਹ ਜ਼ਿਲ੍ਹਾ ਮੋਹਾਲੀ ਦੇ ਸਰਪੰਚ ਦੇ ਤੌਰ ’ਤੇ ਸ਼ੁਰੂ ਕੀਤਾ ਅਤੇ ਇਸ ਤੋਂ ਬਾਅਦ ਉਹ ਦੋ ਵਾਰ ਜੀਰਕਪੁਰ ਕਮੇਟੀ ਦੇ ਪ੍ਰਧਾਨ ਵੀ ਰਹੇ। ਇਸ ਤੋ ਬਾਅਦ ਸਾਲ 2009 ਵਿਚ ਉਨ੍ਹਾਂ ਜਿਲਾ ਯੋਜਨਾ ਕਮੇਟੀ ਮੁਹਾਲੀ ਦਾ ਚੇਅਰਮੈਨ ਅਕਾਲੀ ਦਲ ਵੱਲੋਂ ਲਗਾਇਆ ਗਿਆ ਸੀ ਅਤੇ ਸਾਲ 2012 ਵਿਚ ਡੇਰਾ ਬਸੀ ਤੋਂ ਅਕਾਲੀ ਦਲ ਦੀ ਟਿਕਟ ’ਤੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ। ਜਿਥੇ ਉਨ੍ਹਾਂ ਨੂੰ ਮੁੱਖ ਪਾਰਲੀਮਾਨੀ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। 

ਇਸ ਤੋਂ ਇਲਾਵਾ ਉਹ ਕਬੱਡੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਦੇ ਨਾਲ-ਨਾਲ ਕਈ ਕਲੱਬਾਂ ਅਤੇ ਸਮਾਜ ਸੇਵੀ ਸੰਗਠਨਾਂ ਦੇ ਪ੍ਰਧਾਨ ਵੀ ਰਹੇ ਹਨ ਅਤੇ ਅਜੇ ਵੀ ਚਲੇ ਆ ਰਹੇ ਹਨ। ਐੱਨ.ਕੇ. ਸ਼ਰਮਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਤਿ ਨਜ਼ਦੀਕੀਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਜਿਨ੍ਹਾਂ ਦੀ ਤਾਕਤ ਜ਼ਮੀਨ ਨਾਲ ਜੁੜੇ ਹੋਣਾ ਅਤੇ ਰਾਜਨੀਤੀ ਦਾ ਲੰਬਾ ਤਜਰਬਾ ਕਿਹਾ ਜਾ ਸਕਦਾ ਹੈ। ਆਪਣੀ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਐਨ.ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਅਕਾਲੀ ਦਲ ਦਾ ਸਾਥ ਦੇਣ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਲਿਜਾਇਆ ਜਾ ਰਿਹਾ ਹੈ ਉਸ ਨਾਲ ਪੰਜਾਬ ਦਿਨੋਂ ਦਿਨ ਆਰਥਿਕ ਤੌਰ ‘ਤੇ ਕਰਜ਼ਾਈ ਹੀ ਨਹੀਂ ਹੁੰਦਾ ਜਾ ਰਿਹ ਸਗੋਂ ਹਰ ਖੇਤਰ ਵਿਚ ਪਛੜਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਹੁਣ ਤਜਰਬੇ ਨਹੀਂ ਕਰਨੇ ਸਗੋਂ ਅਸੂਲਾਂ ’ਤੇ ਪਹਿਰਾ ਦੇਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਹੈ।


Anuradha

Content Editor

Related News