ਸਮਰਾਲਾ ''ਚ ''ਰਵਨੀਤ ਬਿੱਟੂ'' ਖ਼ਿਲਾਫ਼ ਰੋਹ ਭੜਕਿਆ, ਅਕਾਲੀ-ਬਸਪਾ ਨੇ ਫੂਕਿਆ ਪੁਤਲਾ

Saturday, Jun 19, 2021 - 01:31 PM (IST)

ਸਮਰਾਲਾ ''ਚ ''ਰਵਨੀਤ ਬਿੱਟੂ'' ਖ਼ਿਲਾਫ਼ ਰੋਹ ਭੜਕਿਆ, ਅਕਾਲੀ-ਬਸਪਾ ਨੇ ਫੂਕਿਆ ਪੁਤਲਾ

ਸਮਰਾਲਾ (ਗਰਗ) : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਬੀਤੇ ਦਿਨੀਂ ਅਕਾਲੀ-ਬਸਪਾ ਗਠਜੋੜ ਨੂੰ ਲੈ ਕੇ ਦਲਿਤ ਭਾਈਚਾਰੇ ਖ਼ਿਲਾਫ਼ ਕੀਤੀ ਕਥਿਤ ਜਾਤੀਵਾਦ ਟਿੱਪਣੀ ਨੂੰ ਲੈ ਕੇ ਉੱਠਿਆ ਵਿਵਾਦ ਹੋਰ ਵੀ ਭੜਕ ਗਿਆ ਹੈ। ਸ਼ਨੀਵਾਰ ਨੂੰ ਸਮਰਾਲਾ ਵਿਖੇ ਅਕਾਲੀ-ਬਸਪਾ ਆਗੂਆਂ ਦੀ ਅਗਵਾਈ ਵਿਚ ਗਠਜੋੜ ਵਰਕਰਾਂ ਨੇ ਬਿੱਟੂ ਦਾ ਪੁਤਲਾ ਫੂਕਦੇ ਹੋਏ ਭਾਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਰਵਨੀਤ ਬਿੱਟੂ ਖ਼ਿਲਾਫ਼ ਐਸ. ਸੀ. ਐਕਟ ਅਧੀਨ ਤੁਰੰਤ ਕੇਸ ਦਰਜ ਕੀਤਾ ਜਾਵੇ।
 ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਕਾਂਗਰਸ ਅਕਾਲੀ-ਬਸਪਾ ਗਠਜੋੜ ਤੋਂ ਘਬਰਾ ਗਈ ਹੈ ਅਤੇ ਆਪਣੀ ਹਾਰ ਨੂੰ ਵੇਖਦੇ ਹੋਏ ਜਾਤੀਵਾਦ ਦਾ ਸਹਾਰਾ ਲੈ ਕੇ ਘਟੀਆ ਸਿਆਸਤ 'ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਬਿੱਟੂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਸੀਟ ਨੂੰ ਲੈ ਕੇ ਦਿੱਤੇ ਗਏ ਦਲਿਤ ਵਿਰੋਧੀ ਬਿਆਨ ਨੇ ਕਾਂਗਰਸ ਦਾ ਚਿਹਰਾ ਨੰਗਾ ਕਰ ਦਿੱਤਾ ਹੈ। ਇਸ ਮੌਕੇ ਬਸਪਾ ਆਗੂ ਐਡਵੋਕੇਟ ਸ਼ਿਵ ਕਲਿਆਣ ਅਤੇ ਹਰਭਜਨ ਸਿੰਘ ਦੁਲਵਾ ਨੇ ਧਰਨੇ ਦੀ ਅਗਵਾਈ ਕਰਦੇ ਹੋਏ ਆਖਿਆ ਕਿ ਬਿੱਟੂ ਵੱਲੋਂ ਦਿੱਤਾ ਗਿਆ ਦਲਿਤ ਵਿਰੋਧੀ ਬਿਆਨ ਅਸਲ ਵਿਚ ਕਾਂਗਰਸ ਦੀ ਪਾੜੋ ਅਤੇ ਰਾਜ ਕਰੋ ਦੀ ਰਣਨੀਤੀ ਦਾ ਹਿੱਸਾ ਹੈ। ਇਸ ਲਈ ਸਮੁੱਚੇ ਭਾਈਚਾਰੇ ਨੂੰ ਕਾਂਗਰਸ ਦੀ ਹਰ ਚਾਲ ਤੋਂ ਸੁਚੇਤ ਰਹਿਣਾ ਚਾਹੀਦਾ ਹੈ। 


author

Babita

Content Editor

Related News