ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

Saturday, May 09, 2020 - 03:59 PM (IST)

ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

(ਕਿਸ਼ਤ ਸੱਤਾਈਵੀਂ)
ਮਹਿਤਾ ਕਾਲੂ ਜੀ ਦੇ ਮਨ ਦੀ ਊਹਾਪੋਹ

ਭਾਈ ਗੁਰਦਾਸ ਜੀ ਦੀਆਂ ਇਹਨਾਂ ਸਤਰਾਂ (ਚੜਿਆ ਸੋਧਣਿ ਧਰਤਿ ਲੁਕਾਈ ਅਤੇ ਮਿਟੀ ਧੁੰਧੁ ਜਗਿ ਚਾਨਣੁ ਹੋਆ) ਤੋਂ ਪ੍ਰਾਪਤ ਗੁਰਮਤਿ ਦੀ ਤੇਜੱਸਵੀ ਅੰਤਰ-ਸੂਝ ਦੀ ਲੋਅ ਵਿੱਚ ਇਹ ਵਾਰਤਾਲਾਪੀ ਬਿਰਤਾਂਤ ਸਪਸ਼ਟ ਇਸ਼ਾਰਾ ਦਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਧਰਤ ਲੋਕਾਈ ਨੂੰ ਸੋਧਣ, ਸਮਾਜ ਵਿੱਚ ਪਸਰੀ ਅਗਿਆਨਤਾ ਦੀ ਧੁੰਦ ਨੂੰ ਹਟਾਉਣ ਅਤੇ ਲੋਕਾਈ ਨੂੰ ਗਿਆਨ ਦਾ ਚਾਨਣ ਵੰਡਣ ਦੇ ਆਪਣੇ ਵੱਡੇ ਮਿਸ਼ਨ ਦੀ ਸ਼ੁਰੂਆਤ, ਆਪਣੇ ਪਿੰਡ ਤਲਵੰਡੀ ਅਤੇ ਆਪਣੇ ਚਾਰ ਸਤਿਕਾਰਤ ਉਸਤਾਦਾਂ ਤੋਂ, ਬੜੀ ਛੋਟੀ ਉਮਰ ਵਿੱਚ ਹੀ ਕਰ ਦਿੱਤੀ ਸੀ।
ਪਿੰਡ ਦੇ ਗੁਣੀ—ਜਨਾਂ ਅਰਥਾਤ ਗੁਰੂ ਨਾਨਕ ਸਾਹਿਬ ਦੇ ਬਚਪਨ ਦੇ ਚਾਰ ਉਸਤਾਦਾਂ (ਪੰਡਤ ਹਰਿਦਿਆਲ ਜੀ, ਪਾਂਧਾ ਗੋਪਾਲ ਜੀ, ਪੰਡਤ ਬ੍ਰਿਜ ਨਾਥ ਜੀ ਅਤੇ ਮੌਲਵੀ ਕੁਤਬੁੱਦੀਨ ਜੀ) ਦੀ ਮਨੋ—ਹਾਲਤ ਦੇ ਐਨ ਉਲਟ, ਗੁਰੂ ਨਾਨਕ ਸਾਹਿਬ ਨੂੰ ਲੈ ਕੇ ਉਨ੍ਹਾਂ ਦੇ ਪਿਤਾ ਮਹਿਤਾ ਕਾਲੂੂ ਜੀ ਬਿਲਕੁਲ ਵੱਖਰੀ ਭਾਂਤ ਦੀ ਮਾਨਸਿਕ ਉਥਲ—ਪੁਥਲ ਅਤੇ ਊਹਾਪੋਹ (ਚਿੰਤਾ, ਉਖੜਨ ਅਤੇ ਦੁਬਿਧਾ) ਦਾ ਸ਼ਿਕਾਰ ਸਨ। ਕਿਹਾ ਜਾ ਸਕਦਾ ਹੈ ਕਿ ਉਹ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਬਹੁਤ ਅਜੀਬ ਮਾਨਸਿਕ ਉਲਝਣ ਅਤੇ ਚੱਕਰਵਿਊ ਵਿੱਚ ਫਸੇ ਹੋਏ ਸਨ। ਉਨ੍ਹਾਂ ਨੂੰ ਸਮਝ ਨਹੀਂ ਸੀ ਪੈਂਦੀ ਕਿ ਉਹ ਨਾਨਕ ਦਾ ਕੀ ਹੱਲ ਕਰਨ? ਉਸ ਨਾਲ ਕਿੰਜ ਨਜਿੱਠਣ? ਜ਼ਿਆਦਾਤਰ ਉਹ ਆਪਣੀ ਇਹ ਚਿੰਤਾ ਕਿਸੇ ਨਾਲ ਸਾਂਝੀ ਨਹੀਂ ਸਨ ਕਰਦੇ। ਪਰ ਇੱਕ ਦਿਨ ਘਰ ਅੰਦਰ ਸੁਪਤਨੀ ਕੋਲ ਚੌਂਕੇ ਵਿੱਚ ਮੂੜੇ ’ਤੇ ਬੈਠਿਆਂ ਜਦੋਂ ਇਹ ਚਿੰਤਾ ਅਤੇ ਦੁਬਿਧਾ ਡਾਢੀ ਜ਼ੋਰਾਵਰ ਹੋ ਗਈ ਤਾਂ ਉਨ੍ਹਾਂ ਤੋਂ ਰਿਹਾ ਨਾ ਗਿਆ। 
ਬੜੇ ਦੁੱਖ ਵਾਲੀ ਮੁਦਰਾ ਵਿੱਚ ਮੱਥੇ ’ਤੇ ਹੱਥ ਰੱਖ ਕੇ ਤ੍ਰਿਪਤਾ ਜੀ ਨੂੰ ਸੰਬੋਧਨ ਹੁੰਦਿਆਂ ਆਖਿਆ, ਭਾਗਵਾਨੇ ! ਤੂੰ ਹੀ ਦੱਸ ਮੈਂ ਕੀ ਕਰਾਂ, ਕੀ ਨਾ ਕਰਾਂ? ਮੈਨੂੰ ਤਾਂ ਕੁੱਝ ਸੁੱਝਦਾ ਨਹੀਂ। ਤ੍ਰਿਪਤਾ ਜੀ ਆਖਿਆ, ਜੀ ! ਮੈਨੂੰ ਤਾਂ ਆਪ ਕੁੱਝ ਸਮਝ ਨਹੀਂ ਆਉਂਦੀ। ਸਾਡੇ ਲਈ ਤਾਂ ਰਾਇ ਬੁਲਾਰ ਖ਼ਾਨ ਸਾਹਿਬ ਹੀ ਸਭ ਤੋਂ ਵੱਡੇ, ਸਤਿਕਾਰਤ ਅਤੇ ਸਿਆਣੇ ਹਨ। ਉਨ੍ਹਾਂ ਨੂੰ ਆਖੋ, ਉਹ ਨਾਨਕ ਨੂੰ ਸਮਝਾਉਣ। ਹੋ ਸਕਦੈ ਉਨ੍ਹਾਂ ਦੇ ਕਹਿਣ ਦਾ ਨਾਨਕ ’ਤੇ ਅਸਰ ਹੋ ਜਾਵੇ। ਸਤੇ ਪਏ ਮਹਿਤਾ ਜੀ ਆਖਿਆ, ਓਏ ਭਾਗਾਂਵਾਲੀਏ ! ਤੂੰ ਵੀ ਭੋਲੀਆਂ ਗੱਲਾਂ ਕਰਦੀ ਐਂ। ਅਖੇ ਡੁੱਬੀ ਤਾਂ ਤਾਂ ਜੇ ਸਾਹ ਨਾ ਆਇਆ। ਜਾਂ ਤਾਂ ਮੈਂ ਕਮਲਾ ਹਾਂ ਅਤੇ ਜਾਂ ਫਿਰ ਇਹ ਜਗ ਕਮਲਾ ਹੈ। ਨਾਨਕ ਦੇ ਚਾਰ ਉਸਤਾਦਾਂ ਵਾਂਗ ਉਸ ਕੀ ਸਮਝਾਉਣੈਂ, ਉਹ ਤਾਂ ਆਪ ਆਖਦਾ ਪਈ ਨਾਨਕ ਆਰਫ਼ ਲੋਗ ਹੈ। ਵਲੀ ਹੈ। ਧੁਰੋਂ ਆਇਆ ਹੈ। ਮੈਂ ਜਦੋਂ ਕਦੇ ਵੀ ਉਨ੍ਹਾਂ ਨਾਲ ਨਾਨਕ ਬਾਬਤ ਗੱਲ ਕੀਤੀ ਹੈ, ਉਨ੍ਹਾਂ ਉਸ ਨੂੰ ਕੁੱਝ ਆਖਣ ਅਤੇ ਸਮਝਾਉਣ ਦੀ ਥਾਂ ਉਲਟਾ ਮੈਨੂੰ ਹੀ ਸਮਝਾਇਆ ਹੈ, ਡਾਂਟਿਆ ਹੈ। ਅਖੇ, ਇਸਦੀ ਬਦੌਲਤ ਮੇਰਾ ਨਗਰ ਵਸਦਾ ਹੈ, ਇਸਨੂੰ ਉੱਚਾ ਨਹੀਂ ਬੋਲਣਾ।
ਤ੍ਰਿਪਤਾ ਜੀ— ਫੇਰ ਹੁਣ ਕੀ ਕਰੀਏ? ਇਸਤੋਂ ਉੱਪਰ ਤਾਂ ਆਪਾਂ ਕੁੱਝ ਕਰ ਵੀ ਨਹੀਂ ਸਕਦੇ। ਇਸ ਲਈ ਹੁਣ ਤਾਂ ਭਾਣਾ ਮੰਨਣ ਵਿੱਚ ਹੀ ਭਲਾਈ ਹੈ। ਹੋਰ ਤਾਂ ਹੋਰ ਹੱਥਾਂ ਦੀ ਜਾਈ ਬੀਬੀ (ਨਾਨਕੀ) ਵੀ ਇਹੋ ਆਖਦੀ ਐ ਪਈ ਮੇਰਾ ਪਿਆਰਾ ਵੀਰ (ਨਾਨਕ) ਰੱਬ ਹੈ। ਵੱਡਾ ਹੈ। ਉੱਚਾ ਹੈ। ਉਹ ਜੋ ਕੁੱਝ ਵੀ ਕਰੇਗਾ, ਸੋ ਭਲਾ ਹੋਵੇਗਾ ਅਤੇ ਡਾਢਾ ਉੱਚਾ ਅਤੇ ਸੁੱਚਾ ਵੀ ਹੋਵੇਗਾ। ਸੋ ਮੈਂ ਤਾਂ ਕਹਿੰਨੀ ਆਂ ਪਈ ਤੁਸੀਂ ਐਵੇਂ ਡਰੋ ਨਾ, ਡੋਲੋ ਨਾ, ਝੂਰੋ ਨਾ। ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ’ਚ ਰਾਜ਼ੀ ਹੈ।
ਚੌਂਕੇ ਵਿੱਚ ਆਹਰ—ਪਾਹਰ ਕਰਦਿਆਂ, ਤ੍ਰਿਪਤਾ ਜੀ ਇਸ ਪ੍ਰਕਾਰ ਪਤੀ ਨੂੰ ਧਰਵਾਸ ਬੰਧਾਉਣ ਵਾਲੀਆਂ ਵੰਨ—ਸੁਵੰਨੀਆਂ ਗੱਲਾਂ ਕਰਦੇ ਰਹੇ। ਉਨ੍ਹਾਂ ਦੀਆਂ ਗੱਲਾਂ ਸੁਣਦਿਆਂ—ਸੁਣਦਿਆਂ ਚਾਣਚੱਕ ਮਹਿਤਾ ਕਾਲੂ ਜੀ ਦੀ ਅੱਖ ਲੱਗ ਗਈ। ਆਧੁਨਿਕ ਯੁੱਗ ਦੇ ਮਹਾਨ ਕਵੀ ਅਤੇ ਸਿੱਖ ਚਿੰਤਕ ਭਾਈ ਵੀਰ ਸਿੰਘ ਜੀ ਅਨੁਸਾਰ ਮਹਿਤਾ ਕਾਲੂ ਜੀ ਸੁਪਨੇ ਅੰਦਰ ਕੀ ਪਏ ਵੇਖਦੇ ਹਨ ਕਿ “ਸਿਆਲੇ ਦੀ ਰੁੱਤ ਹੈ, ਇਕ ਨਦੀ ਵਹਿ ਰਹੀ ਹੈ, ਪਾਣੀ ਉਤਾਰੇ ਵਿੱਚ ਹੈ, ਪਰ ਤਦ ਬੀ ਚੋਖਾ ਹੈ ਤੇ ਠੰਢਾ ਠਾਰ ਹੈ, ਤੜਕ ਸਾਰ ਹੈ, ਠੰਢੀ ਹਵਾ ਵਗ ਰਹੀ ਹੈl ਕਾਲੂ ਜੀ ਆਪ ਜਲ ਵਿੱਚ ਖੜੇ ਹਨ ਤੇ ਤਪੱਸਯਾ ਕਰ ਰਹੇ ਹਨ। ਇਸ ਤਰ੍ਹਾਂ ਤਪ ਕਰਦਿਆਂ ਸੂਰਜ ਦੀ ਟਿੱਕੀ ਨਿਕਲ ਆਈ, ਪਰ ਬੱਦਲਾਂ ਨੇ ਛਾ (ਢੱਕ) ਲਈ ਤੇ ਫੇਰ ਘੁਸਮੁਸਾ ਜਿਹਾ ਛਾਇਆ ਰਿਹਾ। ਕਾਲੂ ਜੀ ਹੁਣ ਪਾਣੀ ਵਿਚੋਂ ਬਾਹਰ ਨਿਕਲੇ। ਭਾਵੇਂ ਮੁੱਦਤਾਂ ਤੋਂ ਤਪ ਕਰਦਿਆਂ ਸਰੀਰ ਨੂੰ ਸਰਦੀ ਗਰਮੀ ਸਹਾਰਨ ਦਾ ਸੁਭਾਉ ਹੋ ਚੁੱਕਾ ਸੀ, ਪਰ ਅੱਜ ਬਾਹਰ ਨਿਕਲਕੇ ਪਾਲਾ ਲੱਗਾ ਹੈ ਅਰ ਦੰਦੋੜਿਕਾ ਲਾਉਣ ਵਾਲਾ ਪਾਲਾ ਲਗਾ ਹੈ। ਆਪ ਨੇ ਪਿੰਡਾ ਪੂੰਝਿਆ, ਲੰਗੋਟੀ ਬਦਲੀ, ਗਾਤੀ (ਕੁੜਤੇ ਦੀ ਥਾਂ ਦੇਹ ’ਤੇ ਲਪੇਟਿਆ ਜਾਣ ਵਾਲਾ ਕਪੜਾ) ਬੱਧੀ ਤੇ ਗੋਦੜੀ ਦੀ ਬੁੱਕਲ ਮਾਰੀ, ਕਰਮੰਡਲ ਸੰਭਾਲਿਆ, ਪਰ ਸਰੀਰ ਵਿੱਚ ਆਲਸ ਨਜ਼ਰੀਂ ਆਇਆ, ਇਸ ਕਰਕੇ ਇਕ ਬ੍ਰਿਛ ਦੇ ਮੁੱਢ ਨਾਲ ਢੋ ਲਾ ਕੇ ਬੈਠ ਗਏ। ਬੈਠੇ ਸਨ ਕਿ ਥੱਕੇ ਸਰੀਰ ਨੇ ਨੈਣ ਮੁੰਦ ਲਏ ਤੇ ਇੱਕ ਬੇ—ਸੁਰਤੀ ਛਾ ਗਈ, ਕੀ ਦੇਖਦੇ ਹਨ ਕਿ ਕੋਈ ਦਿੱਬ ਮੂਰਤੀ ਸਾਹਮਣੇ ਆ ਖੜੋਤੀ ਹੈ ਤੇ ਆਖਦੀ ਹੈ— ਕਾਲੂ ! ਤੂੰ ਬੜਾ ਉੱਗ੍ਰ ਤਪ ਕੀਤਾ ਹੈ। ਹੁਣ ਤਾਂ ਤੇਰਾ ਸਰੀਰ ਬੀ ਹਾਰਨ ਵਾਲੇ ਟਿਕਾਣੇ ਆ ਗਿਆ ਹੈ, ਤੂੰ ਤਪ ਛੋੜ ਤੇ ਭਗਤੀ ਕਰ।
ਕਾਲੂ— ਮੈਨੂੰ ਜੋ ਆਖੋ ਸੋ ਕਰਸਾਂ, ਪਰ ਮੇਰੇ ਮਨ ਦੀ ਮੁਰਾਦ ਹਾਸਲ ਥੀਵੇ !
ਦਿੱਬ ਮੂਰਤੀ—ਬੋਲ ਫੇਰ ਆਪਣੇ ਮਨ ਦੀ ਮੁਰਾਦ !
ਕਾਲੂ— ਉਹ ਜੋ ਰੱਬ ਹੈ, ਜਿਸ ਨੂੰ ਜੋਤਿ ਸਰੂਪ ਆਖਦੇ ਹਨ, ਮੈਨੂੰ ਮੇਰੇ ਵਰਗਾ ਰੂਪ ਧਾਰਕੇ ਮਿਲੇ ਤੇ ਐਉਂ ਮਿਲੇ ਜਿਵੇਂ ਆਪਣਾ ਹੁੰਦਾ ਹੈ।
ਦਿੱਬ ਮੂਰਤੀ— ਕਾਲੂ ਦੇਖ ! ਤੂੰ ਤਪ ਬੜਾ ਕੀਤਾ ਹੈ, ਪਰ ਭਗਤੀ ਨਹੀਂ ਕੀਤੀ। ਭਗਤੀ ਨਾ ਕਰਨੇ ਕਰਕੇ ਤੇਰੇ ਅਗਯਾਨ ਦੇ ਛੌੜ (ਓਹਲੇ ਅਤੇ ਬੰਧਨ) ਨਹੀਂ ਕੱਟੇ, ਹਉਂ ਨਹੀਂ ਪੂਰੀ ਉਤਰੀl ਲਿਵ ਨਹੀਂ ਲੱਗੀ, ਤੈਨੂੰ ਜੋ ਤੂੰ ਮੰਗਦਾ ਹੈਂ, ਮਿਲ ਗਿਆਂ ਤੇ ਬੀ ਰਸ ਨਹੀਂ ਆਉਣਾ ਕਿਉਂਕਿ ਮਾਇਆ ਛਾਈ ਰਹੀ ਤਾਂ ਰਸ ਕੀਕੂ ਆਸੀ, ਤੂੰ ਪਹਿਲੇ ਭਗਤੀ ਕਰ।
ਕਾਲੂ— ਜੇ ਸਾਰੇ ਛੌੜ ਕੱਟ ਗਏ ਤਾਂ ਜੋ ਸੁਆਦ ਮੈਂ ਲੈਣਾ ਹੈ, ਕੀਕੂੰ ਆਵੇਗਾ? ਗਯਾਨ ਕਿ ਭਗਤੀ ਨਾਲ ਤਾਂ ਮੈਂ ਉਚਿਆਂ ਹੋ ਸਾਂਈਂ ਦੇ ਦੇਸ਼ ਅੱਪੜ ਜਾਣਾ ਹੋਇਆl ਪਰ ਮੇਰਾ ਜੀ ਕਰਦਾ ਹੈ ਕਿ ਸਾਂਈਂ ਮੇਰੇ ਦੇਸ਼, ਮੇਰੇ ਵਿਹੜੇ, ਮੇਰੀ ਗੋਦ ਖੇਲੇ।

                                                                 ਚਲਦਾ...........                                                                                        
                                                     

ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143—01328


 


author

jasbir singh

News Editor

Related News