ਅਜਨਾਲਾ ਪਰਿਵਾਰ ਦੀ ਅਕਾਲੀ ਦਲ ''ਚ ਵਾਪਸੀ ''ਤੇ ਮੰਤਰੀ ਬਾਜਵਾ ਦਾ ਵੱਡਾ ਬਿਆਨ

Friday, Feb 14, 2020 - 06:37 PM (IST)

ਅਜਨਾਲਾ ਪਰਿਵਾਰ ਦੀ ਅਕਾਲੀ ਦਲ ''ਚ ਵਾਪਸੀ ''ਤੇ ਮੰਤਰੀ ਬਾਜਵਾ ਦਾ ਵੱਡਾ ਬਿਆਨ

ਅੰਮ੍ਰਿਤਸਰ (ਸੁਮਿਤ ਖੰਨਾ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਡਾ.ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਦੇ ਮੁੜ ਤੋਂ ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਬਾਅਦ ਸਿਆਸਤ ਕਾਫੀ ਗਰਮਾ ਚੁੱਕੀ ਹੈ। ਇਸ ਸਬੰਧੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਰਤਨ ਸਿੰਘ ਅਜਨਾਲਾ ਅਤੇ ਬੋਨੀ ਅਜਨਾਲਾ ਨੂੰ ਘੇਰਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਰਤਨ ਸਿੰਘ ਅਜਨਾਲਾ ਅਤੇ ਬੋਨੀ ਅਜਨਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ੍ਹੇ ਹੋ ਕੇ ਨਵਾਂ ਅਕਾਲੀ ਦਲ ਬਣਾਉਣ ਲਈ ਸਹੁੰ ਖਾਧੀ ਸੀ ਪਰ ਲੱਗਦਾ ਹੈ ਕਿ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਬੋਨੀ ਸਾਹਿਬ ਨੇ ਇਕ ਬਿਆਨ ਦਿੱਤਾ ਸੀ ਕਿ ਮਜੀਠੀਆ ਸਾਹਿਬ ਨਸ਼ੇ ਦੇ ਸਭ ਤੋਂ ਵੱਡੇ ਸੌਦਾਗਰ ਹਨ ਤੇ ਅੱਜ ਉਸੇ ਨੂੰ ਭਰਾ ਕਹਿ ਰਿਹੇ ਹੈ। ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਆਪਣੀ ਲੀਡਰਸ਼ਿਪ ਫੇਲ ਹੁੰਦੀ ਨਜ਼ਰ ਆਈ ਹੈ ਤਾਂ ਉਹ ਰਤਨ ਸਿੰਘ ਅਜਨਾਲਾ ਨੂੰ ਮਨਾਂ ਕੇ ਲਿਆਏ ਹਨ। ਇਸ ਮੌਕੇ ਉਨ੍ਹਾਂ ਕਿਹਾ ਪ੍ਰਕਾਸ਼ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਨਹੀਂ ਟੇਕ ਸਕੇ ਅਤੇ ਰੈਲੀ ਦੌਰਾਨ ਖੜ੍ਹੇ ਹੋ ਕੇ ਭਾਸ਼ਣ ਵੀ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਪਤਾ ਲੱਗ ਗਿਆ ਹੈ ਕਿ ਬਾਬੇ ਬਿਨ੍ਹਾਂ ਬੱਕਰੀਆਂ ਨਹੀਂ ਚਰ ਰਹੀਆਂ ਤਾਂ ਇਸ ਲਈ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਨਾਲ ਲੈ ਕੇ ਲੋਕਾਂ 'ਚ ਪੁੱਜੇ ਸਨ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਆਰਾਮ ਕਰਨ ਦੇਣ।

ਇਥੇ ਦੱਸ ਦੇਈਏ ਕਿ ਕੈਬਨਿਟ ਮੰਤਰੀ ਬਾਜਵਾ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਸ਼ਿਕਾਇਤ ਦੇਣ ਪੁੱਜੇ ਸਨ, ਜਿਸ 'ਚ ਉਨ੍ਹਾਂ ਨੇ ਕਿਹਾ ਉਹ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਜਾਰੀ ਕਰਨ ਕਿ ਸ੍ਰੀ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਦੇ ਸਿੱਧੇ ਪ੍ਰਸਾਰਨ ਦਾ ਹੱਕ ਇਕ ਟੀ. ਵੀ. ਚੈਨਲ ਦੀ ਥਾਂ ਦੁਨੀਆ ਦੇ ਹਰ ਉਸ ਟੀ. ਵੀ. ਅਤੇ ਰੇਡੀਓ ਚੈਨਲ ਦਿੱਤਾ ਜਾਵੇ ।


author

Baljeet Kaur

Content Editor

Related News