ਅਜੀਤ ਡੋਵਾਲ ਦੀ ਕੈਪਟਨ ਨਾਲ ਮੁਲਾਕਾਤ ਬਣੀ ਚਰਚਾ ਦਾ ਵਿਸ਼ਾ

Monday, Feb 12, 2018 - 01:18 PM (IST)

ਅਜੀਤ ਡੋਵਾਲ ਦੀ ਕੈਪਟਨ ਨਾਲ ਮੁਲਾਕਾਤ ਬਣੀ ਚਰਚਾ ਦਾ ਵਿਸ਼ਾ

ਚੰਡੀਗੜ੍ਹ - ਪ੍ਰਧਾਨ ਮੰਤਰੀ ਦੇ ਸੁੱੱਰਖਿਆ ਸਲਾਹਕਾਰ ਅਜੀਤ ਡੋਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦਿੱਲੀ ਵਿਖੇ ਹੋਈ ਮੀਟਿੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 7 ਫਰਵਰੀ ਦੀ ਸ਼ਾਮ ਨੂੰ ਕਾਫੀ ਸਮੇਂ ਤੱਕ ਹੋਈ ਇਹ ਮੀਟਿੰਗ ਪ੍ਰਸ਼ਾਸਨਿਕ ਅਤੇ ਸਿਆਸੀ ਹਲਕਿਆਂ ਲਈ ਵੱਡੇ ਚਰਚਿਆਂ ਦਾ ਵਿਸ਼ਾ ਬਣੀ ਹੋਈ ਹੈ। ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ ਇਸ ਬੈਠਕ ਦੌਰਾਨ ਪੰਜਾਬ ਪੁਲਸ ਦੇ 2 ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਡੋਵਾਲ ਪ੍ਰਧਾਨ ਮੰਤਰੀ ਦੇ ਨੇੜਲੇ ਅਤੇ ਵਿਸ਼ਵਾਸ ਪਾਤਰ ਸਮਝੇ ਜਾਂਦੇ ਹਨ। ਪ੍ਰਧਾਨ ਮੰਤਰੀ ਉਨ੍ਹਾਂ ਤੋਂ ਸੁਰੱਖਿਆ ਮਾਮਲਿਆਂ ਤੋਂ ਇਲਾਵਾ ਅਹਿਮ ਸਿਆਸੀ ਅਤੇ ਕੌਮਾਂਤਰੀ ਪੱਧਰ ਦੇ ਮੁੱਦਿਆਂ 'ਤੇ ਵੀ ਸਲਾਹ ਲੈਂਦੇ ਹਨ। ਮੁੱਖ ਮੰਤਰੀ ਨੂੰ ਕਪੂਰਥਲਾ ਹਾਊਸ 'ਚ ਮਿਲਣ ਆਉਣਾ ਅਤੇ ਉਨ੍ਹਾਂ ਨਾਲ ਕਰੀਬ 2 ਘੰਟੇ ਵਿਚਾਰ-ਵਟਾਂਦਰਾ ਕਰਨਾ ਸਾਰੀਆਂ ਧਿਰਾਂ ਲਈ ਹੈਰਾਨੀਜਨਕ ਬਣਿਆ ਹੋਇਆ ਹੈ। ਪੁਲਸ ਸੂਤਰਾਂ ਦਾ ਮੰਨਣਾ ਹੈ ਕਿ ਇਸ ਮੌਕੇ ਰਾਜ ਦੇ 2 ਉੱਚ ਪੁਲਸ ਅਧਿਕਾਰੀਆਂ ਦਾ ਸ਼ਾਮਿਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਸ ਮਿਲਣੀ ਦੌਰਾਨ ਇਸ ਸਰਹੱਦੀ ਸੂਬੇ ਨਾਲ ਸਬੰਧਿਤ ਸੁਰੱਖਿਆ ਅਤੇ ਸਰਹੱਦ ਪਾਰ ਤੋਂ ਚੱਲਦੀਆਂ ਕਾਰਵਾਈਆਂ ਸਮੇਤ ਕਈ ਅਜਿਹੇ ਮੁੱਦੇ ਵਿਚਾਰ ਦਾ ਵਿਸ਼ਾ ਹੋ ਸਕਦੇ ਹਨ, ਜਿਨ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਚਿੰਤਤ ਰਹਿੰਦੀ ਹੈ। ਕਾਂਗਰਸ ਸਰਕਾਰ ਵਾਲੇ ਸੂਬੇ ਦੀ ਡੋਵਾਲ ਨਾਲ ਨੇੜਤਾ ਕਾਂਗਰਸੀ ਹਲਕਿਆਂ 'ਚ ਕਾਫੀ ਰੜਕ ਰਹੀ ਹੈ। ਪੁਲਸ ਹਲਕਿਆਂ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਦੇ ਨਵੀਨੀਕਰਨ ਲਈ ਰਾਜ ਸਰਕਾਰ ਵੱਲੋਂ ਕੇਂਦਰ ਤੋਂ ਮੰਗੀ ਜਾ ਰਹੀ ਵਿੱਤੀ ਮਦਦ ਲਈ ਰਾਜ ਸਰਕਾਰ ਡੋਵਾਲ ਤੋਂ ਮਦਦ ਦੀ ਉਮੀਦ ਰੱਖ ਰਹੀ ਹੈ। ਇਸ ਮੀਟਿੰਗ ਸੰਬੰਧੀ ਮੁੱਖ ਮੰਤਰੀ ਸਕੱਤਰੇਤ ਵੱਲੋਂ ਕਿਸੇ ਤਰ੍ਹਾਂ ਦਾ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।


Related News