ਇਹ ਹੈ ਮਾਰਸ਼ਲ ਅਰਜਨ ਸਿੰਘ ਦਾ ਪਿੰਡ, ਇਸ ਕਾਰਨ ਤੋੜਿਆ ਸੀ ਨਾਤਾ
Monday, Sep 18, 2017 - 12:22 PM (IST)
ਰਾਮ ਤੀਰਥ - ਏਅਰ ਚੀਫ ਮਾਰਸ਼ਲ ਅਤੇ 5 ਸਟਾਰ ਰੈਂਕ ਪ੍ਰਾਪਤ ਕਰਨ ਵਾਲੀ ਪ੍ਰਮੁੱਖ ਹਸਤੀ ਅਰਜਨ ਸਿੰਘ (98) ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਿੰਡ ਕੋਹਾਲੀ 'ਚ ਸੋਗ ਦੀ ਸਹਿਰ ਛਾਈ ਹੋਈ ਹੈ। ਉਨ੍ਹਾਂ ਦੇ ਇਕ ਹੋਰ ਸਾਥੀ ਸਾਬਕਾ ਸਰਪੰਚ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਲਖਬੀਰ ਸਿੰਘ ਨਾਮਧਾਰੀ ਦੀ ਵੀ ਪਿਛਲੇ ਸਾਲ 28 ਅਕਤੂਬਰ 2016 ਮੌਤ ਹੋ ਗਈ ਸੀ। ਉਨ੍ਹਾਂ ਦੇ ਘਰ 'ਚੋਂ ਲਖਬੀਰ ਸਿੰਘ ਦੇ ਨਾਲ ਇਕ ਤਸਵੀਰ ਵੀ ਮਿਲੀ ਹੈ। 15 ਸਾਲ ਪਿੰਡ ਕੋਹਾਲੀ ਦੇ ਸਰਪੰਚ ਰਹੇ ਲਖਬੀਰ ਸਿੰਘ ਜਦੋਂ ਪਹਿਲੀ ਵਾਰ ਸਰਪੰਚ ਬਣੇ ਤਾਂ ਉਨ੍ਹਾਂ ਨੇ ਅਰਜਨ ਸਿੰਘ ਨੂੰ ਆਪਣੇ ਪਿੰਡ ਬੁਲਾ ਕੇ ਉਨ੍ਹਾਂ ਨੂੰ ਪੰਚਾਇਤ ਵਲੋਂ ਇਕ ਸਨਮਾਨ ਪੱਤਰ ਭੇਟ ਕੀਤਾ। ਉਨ੍ਹਾਂ ਦੇ ਜੱਦੀ ਪਿੰਡ 'ਚ ਅੱਜਕਲ ਡਾ. ਕਰਨੈਲ ਸਿੰਘ ਦਾ ਬੇਟਾ ਸੁਰਿੰਦਰ ਸਿੰਘ ਨਾਮਧਾਰੀ ਅਤੇ ਉਨ੍ਹਾਂ ਦਾ ਪਰਿਵਾਰ ਰਹਿ ਰਿਹਾ ਹੈ। ਅਰਜਨ ਸਿੰਘ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਪਿੰਡ 'ਚ ਨਹੀਂ ਰਹਿੰਦਾ, ਉਨ੍ਹਾਂ ਦੇ ਚਾਚੇ-ਤਾਏ ਦੇ ਪੁੱਤਰਾਂ ਦੇ ਪਰਿਵਾਰ ਵੀ ਪ੍ਰੀਤਨਗਰ ਨੇੜੇ ਪਿੰਡ ਚੱਕ ਮਿਸ਼ਰੀ 'ਚ ਰਹਿ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਏਅਰ ਫੋਰਸ 'ਚੋਂ ਸੇਵਾ ਮੁਕਤ ਹੋਏ ਮਨਜੀਤ ਸਿੰਘ ਸੈਕਟਰੀ ਨੇ ਦੱਸਿਆ ਕਿ ਅਰਜਨ ਸਿੰਘ ਸੈਨਾ 'ਚ ਰਸਾਲਦਾਰ ਸਨ ਅਤੇ ਅਰਜਨ ਸਿੰਘ ਦੇ ਪਿਤਾ ਕਿਸ਼ਨ ਸਿੰਘ ਇੰਗਲੈਂਡ ਤੋਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਕੇ ਆਏ, ਜਿਨ੍ਹਾਂ ਸ੍ਰੀਲੰਕਾ 'ਚ ਰੇਲਵੇ ਵਿਭਾਗ 'ਚ ਨੌਕਰੀ ਕੀਤੀ। ਅਰਜਨ ਸਿੰਘ ਦਾ ਜਨਮ 15 ਅਪ੍ਰੈਲ 1919 ਨੂੰ ਪਿੰਡ ਕੋਹਾਲੀ ਜ਼ਿਲਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਨ੍ਹਾਂ ਦਾ ਥੋੜਾ ਪਰਿਵਾਰ ਪਿੰਡ ਕੋਹਾਲੀ (ਅੰਮ੍ਰਿਤਸਰ) ਆ ਕੇ ਰਹਿਣ ਲੱਗਾ ਪਰ ਅਰਜਨ ਸਿੰਘ ਉਦੋਂ ਦਿੱਲੀ ਹੀ ਨੌਕਰੀ ਕਰ ਰਹੇ ਹਨ। ਉਹ ਪਹਿਲੀ ਵਾਰ ਆਜ਼ਾਦੀ ਤੋਂ ਬਾਅਦ 1965 'ਚ ਜਰਨਲ ਹਰਬਕਸ਼ ਸਿੰਘ ਦੇ ਨਾਲ ਆਪਣੇ ਪਿੰਡ ਕੋਹਾਲੀ ਆਏ। ਉਨ੍ਹਾਂ ਨਾਲ ਸੰਸਦ ਮੈਂਬਰ ਗੁਰਦਿਆਲ ਸਿੰਘ ਢਿੱਲੋਂ ਵੀ ਸਨ। ਉਨ੍ਹਾਂ ਪਿੰਡ ਦੇ ਪ੍ਰਇਮਰੀ ਸਕੂਲ ਨੂੰ ਮਿਡਲ ਤੱਕ ਅਤੇ ਮਿਡਲ ਤੋਂ ਹਾਈ ਤੱਕ ਅਪਗ੍ਰੇਡ ਕਰਵਾਇਆ। ਦੂਜੀ ਵਾਰ 1968-69 ਅਤੇ ਫੇਰ 1978-79 'ਚ ਪਿੰਡ ਆਏ, ਉਸ ਸਮੇਂ ਵਿਧਾਇਕ ਕਾਮਰੇਡ ਦਲੀਪ ਸਿੰਘ ਟਪਿਆਲਾ ਵੀ ਉਨ੍ਹਾਂ ਨਾਲ ਸਨ। ਉਨ੍ਹਾਂ ਅੱਡੇ 'ਚ ਸਕੂਲ ਦੇ ਸਾਹਮਣੇ ਮਾਰਕੀਟ ਦਾ ਉਦਘਾਟਨ ਕੀਤਾ ਪਰ ਅੱਜ ਉਸ ਮਾਰਕੀਟ ਦੀ ਹੋਂਦ ਲਗਭਗ ਖਤਮ ਹੋ ਰਹੀ ਹੈ। ਲਖਬੀਰ ਸਿੰਘ ਦੇ ਬੇਟੇ ਡਾ. ਜਸਮੇਲ ਸਿੰਘ ਨੇ ਦੱਸਿਆ ਕਿ ਅਰਜਨ ਸਿੰਘ ਪਿੰਡ 'ਚ ਡਿਗਰੀ ਕਾਲਜ ਮਨਜ਼ੂਰ ਕਰਵਾਇਆ ਸੀ ਪਰ ਪੰਚਾਇਤ ਨੇ ਕਾਲਜ ਵਾਸਤੇ ਜ਼ਮੀਨ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਉਹ ਕਾਲਜ ਹਰਜਨ ਸਿੰਘ ਅਜਨਾਲਾ ਦੇ ਯਤਨਾਂ ਸਦਕਾ ਅਜਨਾਲੇ ਚਲਾ ਗਿਆ, ਜਿਸ ਤੋਂ ਉਦਾਸ ਹੋ ਕੇ ਅਰਜਨ ਸਿੰਘ ਨੇ ਪਿੰਡ ਨਾਲੋਂ ਵੀ ਆਪਣਾ ਨਾਤਾ ਤੋੜ ਲਿਆ ਅਤੇ ਫੇਰ ਉਹ ਪਿੰਡ ਨਾ ਆਏ। ਡਾ. ਗੁਰਮੀਤ ਸਿੰਘ ਕੋਹਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ 'ਚ ਅਰਜਨ ਸਿੰਘ ਦੀ ਯਾਦਗਾਰ ਸਥਾਪਤ ਕੀਤੀ ਜਾਵੇ। ਕੁਝ ਸਮਾਂ ਉਨ੍ਹਾਂ ਦੀ ਤਸਵੀਰ ਸੀਨੀਅਰ. ਸ. ਸ. ਸਕੂਲ ਕੋਹਲੀ 'ਚ ਲੱਗੀ ਹੁੰਦੀ ਹੈ, ਜੋ ਹੁਣ ਗਾਇਬ ਸੀ। ਪੰਚਾਇਤ ਨੇ ਸਕੂਲ 'ਚ ਉਨ੍ਹਾਂ ਦੀ ਤਸਵੀਰ ਲਾਉਣ ਦਾ ਫੈਸਲਾ ਕੀਤਾ ਹੈ।
