ਚੰਗੀ ਖ਼ਬਰ : ਪੰਜਾਬ 'ਚ AIF ਸਕੀਮ ਤਹਿਤ ਖੇਤੀ ਨੂੰ ਵੱਡਾ ਹੁਲਾਰਾ, 3300 ਕਰੋੜ ਦੇ ਪ੍ਰਾਜੈਕਟਾਂ ਦੀ ਹੋਈ ਸ਼ੁਰੂਆਤ
Friday, Jun 02, 2023 - 04:47 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਸਾਲ 2022-23 ਦੌਰਾਨ ਸੂਬੇ ਵੱਲੋਂ ਕੀਤੀ ਪ੍ਰਗਤੀ ਨੂੰ ਸਾਂਝਾ ਕਰਨ ਅਤੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏ. ਆਈ. ਐੱਫ.) ਸਕੀਮ ਦੇ ਪ੍ਰਚਾਰ ਲਈ ਸਰਕਾਰ ਦੇ ਨਾਲ-ਨਾਲ ਨਿੱਜੀ ਖੇਤਰ ਦੇ ਭਾਈਵਾਲਾਂ ਵੱਲੋਂ ਪਾਏ ਯੋਗਦਾਨ ਨੂੰ ਮਾਨਤਾ ਦੇਣ ਲਈ ਮਗਸੀਪਾ, ਸੈਕਟਰ-26 ਵਿਖੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏ. ਆਈ. ਐੱਫ.) ਸੰਮੇਲਨ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਲਾਂਚ ਕੀਤੀ ਇਹ ਏ. ਆਈ. ਐੱਫ. ਸਕੀਮ ਜੁਲਾਈ, 2020 'ਚ ਸ਼ੁਰੂ ਕੀਤੀ ਗਈ ਸੀ। ਏ. ਆਈ. ਐੱਫ. ਸਕੀਮ ਦਾ ਟੀਚਾ ਖੇਤੀਬਾੜੀ ਅਤੇ ਬਾਗਬਾਨੀ ਵੈਲਯੂ ਚੇਨਾਂ 'ਚ ਵਾਢੀ ਉਪਰੰਤ ਪ੍ਰਬੰਧਨ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ। ਸੂਬੇ 'ਚ ਏ. ਆਈ. ਐੱਫ. ਸਕੀਮ ਨੂੰ ਲਾਗੂ ਕਰਨ ਵਾਸਤੇ ਬਾਗਬਾਨੀ ਵਿਭਾਗ ਸੂਬੇ ਦੀ ਨੋਡਲ ਏਜੰਸੀ ਹੈ। ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਫ਼ਨੇ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਨੇ ਏ. ਆਈ. ਐੱਫ ਸਕੀਮ ਤਹਿਤ ਬਹੁਤ ਤਰੱਕੀ ਕੀਤੀ ਹੈ। ਪਿਛਲੇ ਵਿੱਤੀ ਸਾਲ 2022-23 ਦੌਰਾਨ 3480 ਪ੍ਰਾਜੈਕਟਾਂ ਤੋਂ 2877 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਕਰਸ਼ਿਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ 720 ਕਰੋੜ ਰੁਪਏ ਦੇ ਕਰਜ਼ੇ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 591 ਕਰੋੜ ਰੁਪਏ ਦੇ ਕਰਜ਼ੇ ਪਹਿਲਾਂ ਹੀ ਵੱਖ-ਵੱਖ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਵੱਲੋਂ ਵੰਡੇ ਜਾ ਚੁੱਕੇ ਹਨ। ਪੰਜਾਬ ਵਿੱਚੋਂ ਇਸ ਸਕੀਮ ਦਾ ਲਾਭ ਲੈਣ 'ਚ ਮੋਹਰੀ ਜ਼ਿਲ੍ਹੇ ਬਠਿੰਡਾ (326), ਸੰਗਰੂਰ (326), ਪਟਿਆਲਾ (315), ਸ੍ਰੀ ਮੁਕਤਸਰ ਸਾਹਿਬ (294) ਅਤੇ ਫਾਜ਼ਿਲਕਾ (283) ਹਨ।
ਇਹ ਵੀ ਪੜ੍ਹੋ : ਸਰਹਿੰਦ ਨਹਿਰ 'ਚੋਂ ਭਾਰੀ ਮਾਤਰਾ 'ਚ ਅਸਲਾ ਬਰਾਮਦ, ਪੁਲਸ ਨੂੰ ਪਈ ਹੱਥਾਂ-ਪੈਰਾਂ ਦੀ
ਜੌੜਾਮਾਜਰਾ ਨੇ ਦੱਸਿਆ ਕਿ ਇਸ ਸਕੀਮ ਰਾਹੀਂ ਸੂਬੇ 'ਚ ਬਣਾਏ ਗਏ ਪ੍ਰਮੁੱਖ ਖੇਤੀਬਾੜੀ ਬੁਨਿਆਦੀ ਢਾਂਚੇ 'ਚ ਕੋਲਡ ਰੂਮ ਅਤੇ ਕੋਲਡ ਸਟੋਰ, ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ, ਕਸਟਮ ਹਾਇਰਿੰਗ ਸੈਂਟਰ, ਵੇਅਰਹਾਊਸ, ਸੋਰਟਿੰਗ ਅਤੇ ਗਰੇਡਿੰਗ ਯੂਨਿਟ ਅਤੇ ਮੌਜੂਦਾ ਖੇਤੀਬਾੜੀ ਬੁਨਿਆਦੀ ਢਾਂਚੇ 'ਤੇ ਸੋਲਰ ਪੈਨਲ ਸ਼ਾਮਲ ਹਨ। ਇਸ ਸਕੀਮ ਨੂੰ ਲਾਗੂ ਕਰਨ 'ਚ ਹਿੱਸਾ ਲੈਣ ਵਾਲੇ 35 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਪੰਜਾਬ ਇਸ ਸਮੇਂ (31 ਮਾਰਚ 2023 ਅਨੁਸਾਰ) 11ਵੇਂ ਸਥਾਨ 'ਤੇ ਹੈ। ਮੌਜੂਦਾ ਵਰ੍ਹੇ ਦੌਰਾਨ ਪੰਜਾਬ 'ਚ ਏ. ਆਈ. ਐੱਫ. ਸਕੀਮ ਤਹਿਤ ਹੋਈ ਪ੍ਰਗਤੀ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਤੋਂ ਲਗਾਤਾਰ ਵਿਕਾਸ ਵੱਲ ਵੱਧ ਰਿਹਾ ਹੈ। ਪੰਜਾਬ ਤੋਂ ਏ. ਆਈ. ਐੱਫ. ਪੋਰਟਲ 'ਤੇ ਅਪਲੋਡ ਕੀਤੀਆਂ ਕੁੱਲ ਅਰਜ਼ੀਆਂ ਦੀ ਗਿਣਤੀ 5500 ਤੋਂ ਵੱਧ ਹੈ ਅਤੇ 3300 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਕਰਸ਼ਿਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿ ਇਸ ਸਕੀਮ ਰਾਹੀਂ ਲਘੂ, ਛੋਟੇ ਅਤੇ ਦਰਮਿਆਨੇ ਉੱਦਮੀਆਂ ਨੂੰ ਉਤਪਾਦਨ ਖੇਤਰਾਂ ਦੇ ਨੇੜੇ ਪ੍ਰੋਜੈਕਟ ਸਥਾਪਿਤ ਕਰਨ 'ਚ ਮਦਦ ਮਿਲੀ ਹੈ। ਏ. ਆਈ. ਐੱਫ. ਸੰਮੇਲਨ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਅਤੇ ਬੈਂਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ Heat Wave ਚੱਲਣ ਬਾਰੇ ਆਈ ਤਾਜ਼ਾ ਖ਼ਬਰ, ਜਾਣੋ ਜੂਨ ਮਹੀਨੇ ਦੇ ਮੌਸਮ ਦਾ ਹਾਲ
ਜ਼ਿਲ੍ਹਾ ਪਟਿਆਲਾ ਨੂੰ ਏ. ਆਈ. ਐੱਫ. ਸਕੀਮ ਅਧੀਨ ਪ੍ਰਾਜੈਕਟਾਂ ਸਬੰਧੀ ਸਭ ਤੋਂ ਵੱਧ ਮਨਜ਼ੂਰਸ਼ੁਦਾ ਕਰਜ਼ੇ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਸਟੇਟ ਬੈਂਕ ਆਫ਼ ਇੰਡੀਆ ਨੇ 60 ਦਿਨਾਂ ਦੀ ਨਿਰਧਾਰਿਤ ਮਿਆਦ ਦੇ ਅੰਦਰ ਸਭ ਤੋਂ ਵੱਧ ਮਨਜ਼ੂਰਸ਼ੁਦਾ ਕਰਜ਼ੇ ਦੇਣ ਅਤੇ ਵੱਧ ਤੋਂ ਵੱਧ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਾਰੇ ਭਾਈਵਾਲਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਖੇਤੀ ਵਿਭਿੰਨਤਾ ਦੇ ਏਜੰਡੇ ਨੂੰ ਅੱਗੇ ਲਿਜਾਣ ਅਤੇ ਕਿਸਾਨਾਂ ਲਈ ਸਥਾਈ ਤਾਲਮੇਲ ਸਥਾਪਿਤ ਕਰਨ ਲਈ ਬਾਗਬਾਨੀ ਵਿਭਾਗ ਦੀ ਵਚਨਬੱਧਤਾ ਦਾ ਮੁੜ ਭਰੋਸਾ ਦਿਵਾਇਆ। ਇਸ ਮੌਕੇ ਬੋਲਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬਾਗਬਾਨੀ ਵਿਭਾਗ ਨੂੰ ਏ. ਆਈ. ਐੱਫ. ਸਕੀਮ ਤਹਿਤ ਪਿਛਲੇ ਵਿੱਤੀ ਸਾਲ ਦੌਰਾਨ ਸ਼ਾਨਦਾਰ ਸਫ਼ਲਤਾ ਹਾਸਲ ਕਰਨ ਲਈ ਵਧਾਈ ਦਿੱਤੀ ਅਤੇ ਮੌਜੂਦਾ ਵਿੱਤੀ ਸਾਲ 'ਚ ਪ੍ਰਗਤੀ ਦੀ ਨੇੜਿਓਂ ਨਿਗਰਾਨੀ ਕਰਨ ਦੀ ਇੱਛਾ ਜ਼ਾਹਰ ਕੀਤੀ।
ਪੰਜਾਬ 'ਚ ਏ. ਆਈ. ਐੱਫ. ਸਕੀਮ ਦੀ ਮੁੱਖ ਝਲਕ
61 ਫ਼ੀਸਦ ਤੋਂ ਵੱਧ ਪ੍ਰਾਜੈਕਟ 25 ਲੱਖ ਰੁਪਏ ਤੋਂ ਘੱਟ ਦੀ ਨਿਵੇਸ਼ ਸੀਮਾ ਅਧੀਨ ਹਨ
16 ਫ਼ੀਸਦ ਤੋਂ ਵੱਧ ਪ੍ਰਾਜੈਕਟ 25 ਤੋਂ 50 ਲੱਖ ਰੁਪਏ ਦੀ ਨਿਵੇਸ਼ ਸੀਮਾ ਅਧੀਨ ਹਨ
ਲਗਭਗ 5 ਫ਼ੀਸਦ ਪ੍ਰਾਜੈਕਟ 50 ਲੱਖ ਤੋਂ 1 ਕਰੋੜ ਰੁਪਏ ਦੀ ਨਿਵੇਸ਼ ਸੀਮਾ ਅਧੀਨ ਹਨ
ਲਗਭਗ 4 ਫ਼ੀਸਦ ਪ੍ਰਾਜੈਕਟ 1 ਕਰੋੜ ਤੋਂ 1.5 ਕਰੋੜ ਰੁਪਏ ਦੀ ਨਿਵੇਸ਼ ਸੀਮਾ ਅਧੀਨ ਹਨ
ਲਗਭਗ 4 ਫ਼ੀਸਦ ਪ੍ਰਾਜੈਕਟ 1.5 ਕਰੋੜ ਤੋਂ 2 ਕਰੋੜ ਰੁਪਏ ਦੀ ਨਿਵੇਸ਼ ਸੀਮਾ ਅਧੀਨ ਹਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ