ਪੰਜਾਬ ਪੁਲਸ ਦੀ AGTF ਨੇ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ 2 ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ
Wednesday, Apr 27, 2022 - 08:46 PM (IST)
ਚੰਡੀਗੜ੍ਹ (ਬਿਊਰੋ) : ਭਗੌੜੇ ਗੈਂਗਸਟਰਾਂ ਵਿਰੁੱਧ ਜਾਰੀ ਮੁਹਿੰਮ ਦੌਰਾਨ ਪੰਜਾਬ ਪੁਲਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਮਾਰੇ ਗਏ ਗੈਂਗਸਟਰ ਤੋਂ ਨਸ਼ਾ ਤਸਕਰ ਬਣੇ ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਦੇ 2 ਸਾਥੀਆਂ ਨੂੰ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਪਿੰਡ ਖੱਖ ਦੇ ਅੰਮ੍ਰਿਤਪਾਲ ਅਤੇ ਤਰਨਤਾਰਨ ਦੇ ਪਿੰਡ ਸਰਲੀ ਖੁਰਦ ਦੇ ਤਜਿੰਦਰ ਸਿੰਘ ਵਜੋਂ ਹੋਈ ਹੈ। ਦੋਸ਼ੀ ਅੰਮ੍ਰਿਤਪਾਲ ਸਿੰਘ 'ਤੇ ਪਹਿਲਾਂ ਵੀ ਇਰਾਦਾ ਕਤਲ ਦਾ ਮੁਕੱਦਮਾ ਚੱਲ ਰਿਹਾ ਹੈ। ਪੁਲਸ ਨੇ ਇਨ੍ਹਾਂ ਪਾਸੋਂ ਇਕ 12 ਬੋਰ ਦੀ ਪੰਪ ਐਕਸ਼ਨ ਗੰਨ, 5 ਜ਼ਿੰਦਾ ਕਾਰਤੂਸ ਅਤੇ ਇਕ ਹੁੰਡਾਈ ਐਕਸੈਂਟ ਕਾਰ ਜਿਸ ਦਾ ਰਜਿਸਟ੍ਰੇਸ਼ਨ ਨੰ. ਸੀ ਐੱਚ 03 ਵੀ 4397 ਹੈ, ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: CM ਭਗਵੰਤ ਮਾਨ ਸਣੇ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਹੋਰ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ 'ਚ ਗੈਂਗਸਟਰਾਂ ਵਿਰੁੱਧ ਕਾਰਵਾਈ ਨੂੰ ਤੇਜ਼ ਕਰਨ ਲਈ ਡੀ. ਜੀ. ਪੀ. ਪੰਜਾਬ ਵੀ. ਕੇ. ਭਾਵਰਾ ਦੀ ਨਿਗਰਾਨੀ ਹੇਠ ਏ. ਡੀ. ਜੀ. ਪੀ. ਪ੍ਰਮੋਦ ਬਾਨ ਦੀ ਅਗਵਾਈ ਵਿੱਚ ਏ. ਜੀ. ਟੀ. ਐੱਫ. ਦਾ ਗਠਨ ਕੀਤਾ ਹੈ। ਡੀ. ਆਈ. ਜੀ. ਏ. ਜੀ. ਟੀ. ਐੱਫ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ ਉਪਰੰਤ ਅੰਮ੍ਰਿਤਸਰ ਤੋਂ ਏ. ਜੀ. ਟੀ. ਐੱਫ. ਦੀ ਟੀਮ ਜੈਪਾਲ ਗਰੁੱਪ ਦੇ ਇਕ ਸਰਗਰਮ ਮੈਂਬਰ ਹਰਮਨ ਖੱਖ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਨੇ ਮੌਕੇ ਤੋਂ ਅੰਮ੍ਰਿਤਪਾਲ ਤੇ ਤੇਜਿੰਦਰ ਨੂੰ ਕਾਬੂ ਕਰ ਲਿਆ, ਜਦਕਿ ਹਰਮਨ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਖ਼ਿਲਾਫ਼ 26-04-2022 ਨੂੰ ਅਸਲਾ ਐਕਟ ਦੀ ਧਾਰਾ 25 ਤਹਿਤ ਐੱਸ. ਐੱਸ. ਓ. ਸੀ. ਅੰਮ੍ਰਿਤਸਰ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 2 ਸਾਬਕਾ ਵਜ਼ੀਰ ਸਰਕਾਰ ਦੇ ਰਾਡਾਰ 'ਤੇ, ਕਿਸੇ ਵੇਲੇ ਵੀ ਡਿੱਗ ਸਕਦੀ ਹੈ ਗਾਜ!
ਡੀ. ਆਈ. ਜੀ. ਭੁੱਲਰ ਨੇ ਦੱਸਿਆ ਕਿ ਏ. ਜੀ. ਟੀ. ਐੱਫ. ਦੀਆਂ ਟੀਮਾਂ ਜਲਦ ਹੀ ਹਰਮਨ ਨੂੰ ਕਾਬੂ ਕਰ ਲੈਣਗੀਆਂ, ਜੋ ਕਿ ਸਿਟੀ ਖਰੜ ਥਾਣੇ ਵਿੱਚ ਐੱਨ. ਡੀ. ਪੀ. ਐੱਸ. ਅਤੇ ਅਸਲਾ ਐਕਟ ਤਹਿਤ ਦਰਜ ਕੇਸ ਵਿੱਚ ਪਹਿਲਾਂ ਹੀ ਭਗੌੜਾ ਹੈ। ਹਰਮਨ ਭਗੌੜੇ ਗੈਂਗਸਟਰ ਗੁਰਜੰਟ ਉਰਫ ਜੰਟਾ ਦਾ ਵੀ ਕਰੀਬੀ ਸਾਥੀ ਹੈ, ਜੋ ਮੌਜੂਦਾ ਸਮੇਂ ਵਿੱਚ ਆਸਟ੍ਰੇਲੀਆ 'ਚ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਐੱਸ. ਟੀ. ਐੱਫ. ਪੱਛਮੀ ਬੰਗਾਲ ਪੁਲਸ ਵੱਲੋਂ ਮਾਰ ਦਿੱਤਾ ਗਿਆ ਸੀ, ਜਦੋਂ ਉਨ੍ਹਾਂ ਨੇ ਪਿਛਲੇ ਸਾਲ ਜੂਨ ਵਿੱਚ ਕੋਲਕਾਤਾ 'ਚ ਉਨ੍ਹਾਂ ਦੇ ਫਲੈਟ ਵਿੱਚ ਛਾਪਾ ਮਾਰਨ ਵੇਲੇ ਪੱਛਮੀ ਬੰਗਾਲ ਪੁਲਸ ਪਾਰਟੀ 'ਤੇ ਗੋਲੀਬਾਰੀ ਕੀਤੀ ਸੀ।