ਖੇਤੀ ਕਾਨੂੰਨ ਦੇ ਵਿਰੋਧ 'ਚ ਭਾਜਪਾ ਆਗੂ ਮਨਪ੍ਰੀਤ ਸਿੰਘ ਨਮੋਲ ਨੇ ਦਿੱਤਾ ਅਸਤੀਫ਼ਾ
Saturday, Oct 31, 2020 - 05:15 PM (IST)
ਸੰਗਰੂਰ (ਬੇਦੀ,ਵਿਜੈ ਕੁਮਾਰ ਸਿੰਗਲਾ, ਹਨੀ ਕੋਹਲੀ): ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਜ਼ਿਲ੍ਹਾ ਉਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਹ ਅਸਤੀਫਾ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੀ ਏਕਤਾ ਦੇ ਹੱਕ 'ਚ ਹੈ ਉੱਥੇ ਹੀ ਕੇਂਦਰ ਦੀਆਂ ਪੰਜਾਬ ਪ੍ਰਤੀ ਮਾਰੂ ਨੀਤੀਆਂ ਖੇਤੀਬਾੜੀ ਸੋਧ ਕਾਨੂੰਨ ਅਤੇ ਝੋਨੇ ਦੀ ਕਟਾਈ ਸਮੇਂ ਪਰਾਲੀ ਨੂੰ ਅੱਗ ਲਗਾਉਣ ਤੇ ਭਾਰੀ ਜੁਰਮਾਨਾ ਤੇ ਸਜ਼ਾ ਦਾ ਕਾਨੂੰਨ ਦੇ ਵਿਰੋਧ 'ਚ ਅਸਤੀਫ਼ਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਉਹ ਕਿਸਾਨ ਹਨ ਤੇ ਕਿਸਾਨ ਹੋਣ ਨਾਤੇ ਕਿਸਾਨ ਮਾਰੂ ਕਾਨੂੰਨ ਬਿਲਕੁਲ ਮਨਜ਼ੂਰ ਨਹੀਂ।
ਸ੍ਰੀ ਐਡਵੋਕੇਟ ਨਮੋਲ ਨੇ ਇਹ ਅਸਤੀਫ਼ਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਜੀਵਨ ਗੁਪਤਾ ਅਤੇ ਰਿਸ਼ੀ ਪਾਲ ਖੇੜਾ ਜ਼ਿਲ੍ਹਾ ਪ੍ਰਧਾਨ ਸੰਗਰੂਰ -2 ਨੂੰ ਭੇਜਿਆ ਹੈ।ਸ੍ਰੀ ਅਨਮੋਲ ਨੇ ਕਿਹਾ ਕਿ ਆਪ ਜੀ ਪਾਸੋਂ ਦਿੱਲੀ ਮੀਟਿੰਗ ਦਾ ਹਵਾਲਾ ਦਿੱਤਾ ਸੀ ਅਤੇ ਇਹ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਨਾ ਹੀ ਇਹ ਕਾਨੂੰਨ ਵਾਪਸ ਲਏ ਗਏ ਹਨ ਪਰ ਨਾਲ ਹੀ ਝੋਨੇ ਦੇ ਸਮੇਂ ਪਰਾਲੀ ਨੂੰ ਮੁੱਖ ਰੱਖਦੇ ਹੋਏ ਨਵੇਂ ਹੋਰ ਮਾਰੂ ਕਾਨੂੰਨ ਪਾਸ ਵੀ ਕਰ ਦਿੱਤੇ ਜੋ ਪੰਜਾਬ ਲਈ ਹੋਰ ਮਾਰੂ ਸਿੱਧ ਹੋਵੇਗਾ।