ਮੀਂਹ ਦੇ ਮੌਸਮ ਦੌਰਾਨ ਕਿਸਾਨਾਂ ਨੂੰ ਨਦੀਨ ਨਾਸ਼ਕਾਂ ਦੀ ਵਰਤੋਂ ਨਾ ਕਰਨ ਦੀ ਸਲਾਹ

Friday, Jan 07, 2022 - 11:58 AM (IST)

ਮੋਗਾ (ਗੋਪੀ ਰਾਊਕੇ) : ਪਿਛਲੇ ਦੋ ਦਿਨਾਂ ਤੋਂ ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚ ਪੈ ਰਹੇ ਮੀਂਹ ਦੇ ਸਦਰੰਭ ਵਿਚ ਜ਼ਿਲ੍ਹਾ ਮੋਗਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੌਸਮ ਵਿਭਾਗ ਅਨੁਸਾਰ 4 ਤੋਂ ਲੈ ਕੇ 9 ਜਨਵਰੀ ਤੱਕ ਦੋ ਪੱਛਮੀ ਚੱਕਰਵਰਾਤਾਂ ਕਾਰਣ ਸਮੁੱਚੇ ਇਲਾਕੇ ਵਿਚ ਮੀਂਹ, ਬੱਦਲਵਾਈ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਾਨਾ ਹੈ। ਇਸ ਸਮੇਂ ਦੌਰਾਨ ਉਨ੍ਹਾਂ ਨੇ ਸਲਾਹ ਦਿੱਤੀ ਹੈ ਕਿ ਪਿਛੇਤੀਆਂ ਬੀਜੀਆਂ ਕਣਕਾਂ ਵਿਚ ਜਿੱਥੇ ਕਿਸਾਨਾਂ ਨੇ ਨਦੀਨ ਨਾਸ਼ਕਾਂ ਦੀ ਅਜੇ ਵਰਤੋਂ ਕਰਨੀ ਹੈ, ਉਹ ਇਸ ਖ਼ਰਾਬ ਮੌਸਮ ਦੌਰਾਨ ਦਵਾਈ ਦੀ ਸਪਰੇਅ ਨਾ ਕਰਨ ਅਤੇ ਸਿਰਫ ਮੌਸਮ ਸਾਫ਼ ਹੋਣ ਉਪਰੰਤ ਧੁੱਪ ਵਾਲੇ ਦਿਨਾਂ ਵਿਚ ਹੀ ਨਦੀਨ ਨਾਸ਼ਕਾਂ ਦੀ ਸਪਰੇਅ ਕਰਨ ਨੂੰ ਤਰਜ਼ੀਹ ਦਿੱਤੀ ਜਾਵੇ।

ਉਨ੍ਹਾਂ ਦੱਸਿਆ ਕਿ ਜਿੱਥੇ ਕਣਕਾਂ ਦੀ ਬਿਜਾਈ ਨੂੰ 55 ਤੋਂ ਲੈ ਕੇ 60 ਦਿਨ ਹੋ ਚੁੱਕੇ ਹਨ, ਉੱਥੇ ਕਿਸੇ ਵੀ ਨਦੀਨ ਨਾਸ਼ਕ ਦੀ ਸਪਰੇਅ ਦੀ ਲੋੜ ਨਹੀਂ ਹੈ ਕਿਉਂਕਿ ਵੱਡੀ ਹੋ ਕੇ ਕਣਕ ਇਨ੍ਹਾਂ ਨਦੀਨਾਂ ਨੂੰ ਢੱਕ ਲਵੇਗੀ, ਜਿਹੜੇ ਕਿਸਾਨਾਂ ਨੇ ਮੌਜੂਦਾ ਸਮੇਂ ਕਣਕ ਦੀ ਫ਼ਸਲ ਨੂੰ ਦੂਸਰਾ ਪਾਣੀ ਲਾਉਣਾ ਸੀ, ਉਹ ਆਪਣੇ ਖੇਤ ਵਿਚ ਪਏ ਮੀਂਹ ਅਨੁਸਾਰ ਪਾਣੀ ਨਾ ਲਾਉਣ ਅਤੇ ਜਿਨ੍ਹਾਂ ਕਿਸਾਨਾਂ ਨੇ ਕਣਕ ਦੀ ਫ਼ਸਲ ਨੂੰ ਯੂਰੀਆ ਦੀ ਦੂਸਰੀ ਕਿਸ਼ਤ ਦੇਣੀ ਹੈ, ਉਹ ਮੌਜੂਦਾ ਸਮੇਂ ਖੇਤ ਵਿਚ ਖੋਬਾ ਨਾ ਹੋਣ ਦੀ ਸੂਰਤ ਵਿਚ ਖਾਦ ਪਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਸਮੁੱਚੇ ਤੌਰ ’ਤੇ ਹੁਣ ਤੱਕ ਪਿਆ ਮੀਂਹ ਕਣਕ ਅਤੇ ਸਰੋਂ ਦੀ ਫ਼ਸਲ ਲਈ ਲਾਹੇਵੰਦ ਹੈ ਅਤੇ ਛੋਲਿਆਂ ਵਾਲੇ ਖੇਤਾਂ ਵਿਚ ਜਿੱਥੇ ਪਾਣੀ ਖੜ੍ਹਾ ਹੈ, ਪਾਣੀ ਖੇਤ ’ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਸਮੂਹ ਖਾਦ ਵਿਕਰੇਤਾਵਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਖਾਦ ਵਿਕਰੇਤਾ ਕਿਸੇ ਕਿਸਾਨ ਨੂੰ ਯੂਰੀਆ ਖਾਦ ਸਰਕਾਰੀ ਰੇਟ ਤੋਂ ਜ਼ਿਆਦਾ ਵੇਚਦਾ ਫੜ੍ਹਿਆ ਗਿਆ ਜਾਂ ਖਾਦ ਨਾਲ ਜ਼ਬਰਦਸਤੀ ਕਿਸਾਨਾਂ ਨੂੰ ਹੋਰ ਵਸਤੂਆਂ ਦਿੰਦਾ ਫੜ੍ਹਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


Babita

Content Editor

Related News