ਪੰਜਾਬ ਦੇ ਝੂਠੇ ਹੁਕਮਰਾਨ ਨੂੰ ਹਰਾਉਣ ਲਈ ਤਤਕਾਲੀ ਲੋੜ ਬਣਿਆ ਅਕਾਲੀਆਂ ਨਾਲ ਸਮਝੌਤਾ: ਜਸਵੀਰ ਗੜ੍ਹੀ

Wednesday, Jun 16, 2021 - 10:14 AM (IST)

ਪੰਜਾਬ ਦੇ ਝੂਠੇ ਹੁਕਮਰਾਨ ਨੂੰ ਹਰਾਉਣ ਲਈ ਤਤਕਾਲੀ ਲੋੜ ਬਣਿਆ ਅਕਾਲੀਆਂ ਨਾਲ ਸਮਝੌਤਾ: ਜਸਵੀਰ ਗੜ੍ਹੀ

ਜਲੰਧਰ (ਰਮਨਦੀਪ ਸੋਢੀ) : ਪੰਜਾਬ ਵਿੱਚ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਸਿਆਸੀ ਜੋੜ-ਤੋੜ ਵੀ ਜ਼ੋਰਾਂ 'ਤੇ ਹੈ। ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੋਇਆ ਹੈ। 25 ਸਾਲ ਬਾਅਦ ਦੋਵੇਂ ਧਿਰਾਂ ਫਿਰ ਇਕੱਠੀਆਂ ਹੋਈਆਂ ਹਨ।  ਇਸ ਗੱਠਜੋੜ ਦੀ ਵਜ੍ਹਾ ਸਮੇਂ ਦੀ ਲੋੜ ਹੈ ਜਾਂ ਦੋਹਾਂ ਧਿਰਾਂ ਦੀ ਮਜਬੂਰੀ ਇਸ ਬਾਰੇ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਤਮਾਮ ਸਵਾਲਾਂ ਦੇ ਜਵਾਬ ਦਿੱਤੇ। ਗੜ੍ਹੀ ਮੁਤਾਬਿਕ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ, ਦੋਨਾਂ ਨੂੰ ਹੀ ਇਸ ਸਮਝੌਤੇ ਦੀ ਲੋੜ ਸੀ। ਉਨ੍ਹਾਂ ਕਿਹਾ ਕਿ  ਪੰਜਾਬ ਦੇ ਝੂਠੇ ਹੁਕਮਰਾਨ ਨੂੰ ਹਰਾਉਣ ਲਈ ਤੇ ਪੰਜਾਬ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸਮਝੌਤਾ ਹੋਇਆ ਹੈ । ਸਾਡੀ ਪਾਰਟੀ ਗੁਰੂਆਂ ਦੀ ਵਿਚਾਰਧਾਰਾ ਅਤੇ ਸਾਹਿਬ ਕਾਂਸ਼ੀ ਰਾਮ ਦੇ ਸੁਫ਼ਨਿਆ ਨੂੰ ਪ੍ਰਣਾਈ ਹੋਈ ਪਾਰਟੀ ਹੈ ਜੋ ਹਮੇਸ਼ਾ ਪੰਜਾਬ ਦੀ ਭਲਾਈ ਲਈ ਕੰਮ ਕਰੇਗੀ।

ਇਹ ਵੀ ਪੜ੍ਹੋ: ਖਹਿਰਾ ਸਮੇਤ ਬਾਕੀ ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਡਾ. ਧਰਮਵੀਰ ਗਾਂਧੀ ਦੀ ਪੰਜਾਬੀਆਂ ਨੂੰ ਸਲਾਹ

ਅਕਾਲੀ ਦਲ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਦੇ ਕਾਰਨ ਦਾ ਜਵਾਬ ਦਿੰਦਿਆਂ ਗੜ੍ਹੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂ ਰਹਿਬਰਾਂ ਦੀ ਧਰਤੀ ਹੈ। ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਦੀ ਹੈ। ਭਾਰਤ ਦਾ ਸੰਵਿਧਾਨ ਵੀ ਜਾਤ-ਪਾਤ ਦੀ ਮਨਾਹੀ ਕਰਦਾ ਹੈ ਤੇ ਬਸਪਾ ਵੀ ਇਸੇ ਵਿਚਾਰਧਾਰਾ ਨੂੰ ਲੈ ਕੇ ਚੱਲਦੀ ਹੈ। ਇਸ ਕਰਕੇ ਦੋਵਾਂ ਪਾਰਟੀਆਂ ਦੀਆਂ ਵਿਚਾਰਧਾਰਾਵਾਂ ਦਾ ਆਪਸੀ ਬੜਾ ਗੂੜ੍ਹਾ ਸਬੰਧ ਹੈ ਜੋ ਸਮਝੌਤੇ ਦਾ ਮੁੱਖ ਕਾਰਨ ਰਿਹਾ। ਉਨ੍ਹਾਂ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਪੰਜਾਬ ਦੀ ਧਰਤੀ 'ਤੇ ਅੰਦੋਲਨ ਸ਼ੁਰੂ ਕੀਤਾ ਸੀ। ਅਸੀਂ ਸੁਣਦੇ ਆਂ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਕਿ ਜੇਕਰ ਅਸੀਂ ਬਾਬਾ ਸਾਹਿਬ ਦੇ ਭਾਰਤੀ ਸੰਵਿਧਾਨ ਨੂੰ ਆਪਣਾ ਆਦਰਸ਼ ਮੰਨਦੇ ਹਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਦੱਸੇ ਰਾਹਾਂ 'ਤੇ ਚੱਲ ਕੇ ਆਪਣੇ ਨਿਸ਼ਾਨੇ ਪੂਰੇ ਕਰਨੇ ਚਾਹੀਦੇ ਹਨ। ਹੁਣ ਵੀ ਸਿੱਖਾਂ ਦੀ ਅਗਵਾਈ ਕਰਨ ਵਾਲੀ ਪਾਰਟੀ ਨਾਲ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਪੰਜਾਬ ਤੇ ਪੰਜਾਬੀਅਤ ਦਾ ਫ਼ੈਸਲਾ ਹੈ।

ਅਕਾਲੀ ਦਲ ਨਾਲ ਭਲਾਉਣਗੇ ਪੈਣਗੇ ਪੁਰਾਣੇ ਗੁੱਸੇ
1996 ਵਿੱਚ ਅਕਾਲੀ ਦਲ ਵੱਲੋਂ ਤੋੜੇ ਗਏ ਗੱਠਜੋੜ 'ਤੇ ਬੋਲਦਿਆਂ ਕਿਹਾ ਕਿ ਜਦੋਂ ਇਹ ਗੱਠਜੋੜ ਟੁੱਟਿਆ ਸੀ ਤਾਂ ਸ.ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਾਂਸ਼ੀ ਰਾਮ ਕੋਲ ਆਏ ਸਨ ਤੇ ਉਨ੍ਹਾਂ ਕਿਹਾ ਸੀ ਕਿ ਕੇਂਦਰ ਵਿੱਚ ਅਸੀਂ ਕਾਂਗਰਸ ਨੂੰ ਸੁਪੋਰਟ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਬੀਜੇਪੀ ਨਾਲ ਜਾਣਾ ਪਵੇਗਾ ਤਾਂ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਕਿ ਅਸੀਂ ਬੀਜੇਪੀ ਨਾਲ ਨਹੀਂ ਜਾ ਸਕਦੇ। ਕਾਂਸ਼ੀ ਰਾਮ ਜੀ ਨੇ ਕਿਹਾ ਸੀ ਕਿ ਤੁਸੀਂ ਆਪਣੇ ਹਿਸਾਬ ਨਾਲ ਚੱਲੋ ਅਸੀਂ ਆਪਣੇ ਨਾਲ ਚੱਲਾਂਗੇ। 1984 ਦੇ ਘਟਨਾਕ੍ਰਮ ਮਗਰੋਂ ਕਾਂਗਰਸ ਨੂੰ ਹਰਾਉਣ ਲਈ ਅਕਾਲੀ ਦਲ ਬੀਜੇਪੀ ਦੇ ਹੱਕ ਵਿੱਚ ਚਲਾ ਗਿਆ। ਉਨ੍ਹਾਂ ਕਿਹਾ ਕਿ ਪਵਨ ਕੁਮਾਰ ਟੀਨੂੰ ਅਤੇ ਅਵਿਨਾਸ਼ ਚੰਦਰ ਨੂੰ ਅਕਾਲੀ ਦਲ ਆਪਣੇ ਨਾਲ ਰਲਾ ਲੈਣ ਦੇ ਮਾਮਲੇ ਨੂੰ ਭੁੱਲਣਾ ਚਾਹੀਦਾ ਹੈ ਤਾਂ ਹੀ ਨਵੀਂ ਇਬਾਰਤ ਲਿਖੀ ਜਾਵੇਗੀ। ਸਿੱਖ ਬਹੁਜਨ ਸਮਾਜ ਦਾ ਅੰਗ ਹੈ। ਬਹੁਜਨ ਵਿੱਚ ਓਬੀਸੀ ਭਾਈਚਾਰਾ ਵੀ ਆਉਂਦਾ। ਬਹੁਜਨ ਵਿੱਚ ਘੱਟ ਗਿਣਤੀਆਂ ਆਉਂਦੀਆਂ ਹਨ। ਦੇਸ਼ ਵਿੱਚ ਘੱਟ ਗਿਣਤੀਆਂ ਵਿੱਚ ਪੰਜਾਬ ਅੰਦਰ ਸਭ ਤੋਂ ਵੱਡੀ ਧਿਰ ਸਿੱਖ ਹਨ। ਮੁਸਲਮਾਨ, ਕ੍ਰਿਸਚੀਅਨ, ਪਾਰਸੀ, ਬੋਧੀ ਸਭ ਬਹੁਜਨ 'ਚ ਆਉਂਦੇ ਨੇ। ਇਸ ਕਰਕੇ ਜੇਕਰ ਪਹਿਲਾਂ ਕੋਈ ਵਾਧ ਘਾਟ ਹੋਈ ਹੈ ਤਾਂ ਕੁਮਾਰੀ ਮਾਇਆਵਤੀ ਨੇ ਉਹਲੇ ਕਰਕੇ ਨਵਾਂ ਇਤਿਹਾਸ ਲਿਖਣਾ ਦਾ ਮੌਕਾ ਹੈ।

ਇਹ ਵੀ ਪੜ੍ਹੋ: ਕਿਸਾਨੀ ਘੋਲ ਦੇ 200 ਦਿਨ ਪੂਰੇ, ਮਨਾਂ 'ਚ ਸ਼ੰਕਾ ਕੀ ਹੋਵੇਗਾ ਅੰਦੋਲਨ ਦਾ ਭਵਿੱਖ? ਜਾਣੋ ਆਪਣੇ ਸਵਾਲਾਂ ਦੇ ਜਵਾਬ

ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਅਕਾਲੀ ਦਲ ਰਾਜ਼ੀ
ਸਾਨੂੰ ਖੁਸ਼ੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਬਣੇ ਤੇ ਪ੍ਰਧਾਨ ਮੰਤਰੀ ਕੁਮਾਰੀ ਮਾਇਆਵਤੀ ਬਣੇ। ਜੇਕਰ ਇਸ ਗੱਲ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਇਤਰਾਜ਼ ਨਹੀਂ ਤਾਂ ਅਸੀਂ ਵੀ ਇਸ ਗੱਲ ਦਾ ਅਹਿਦ ਲਿਆ ਹੈ ਕਿ ਕੋਈ ਵੀ ਯੋਗ ਸਿੱਖ ਚਿਹਰਾ ਪੰਜਾਬ ਦਾ ਮੁੱਖ ਮੰਤਰੀ ਬਣੇ। ਸਾਡਾ ਮਕਸਦ ਹੈ ਕਿ ਦੇਸ਼ ਤੇ ਸੂਬਿਆਂ ਦੀ ਵਾਗਡੋਰ ਬਹੁਜਨ ਸਮਾਜ ਕੋਲ ਹੋਵੇ। ਮੇਰੀ ਜ਼ਿੰਮੇਵਾਰੀ 117 ਸੀਟਾਂ ਜਿੱਤਣ ਲਈ ਲੱਗੀ ਹੈ। ਚੋਣ ਲੜ੍ਹਨ ਨੂੰ ਲੈ ਕੇ ਜੋ ਕੁਮਾਰੀ ਮਾਇਆਵਤੀ ਜੀ ਕਹਿਣਗੇ ਮੈਂ ਉਨ੍ਹਾਂ ਦੇ ਹੁਕਮ ਅਨੁਸਾਰ ਚੱਲਾਂਗਾ। ਅਕਾਲੀ ਦਲ ਵੱਲੋਂ ਡਿਪਟੀ ਮੁੱਖ ਮੰਤਰੀ ਦਲਿਤ ਚਿਹਰਾ ਬਣਾਏ ਜਾਣ ਦੇ ਐਲਾਨ ਦਾ ਸੁਆਗਤ ਕਰਦਿਆਂ ਉਨਾਂ ਆਖਿਆ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਕਿ ਬਹੁਜਨ ਦਾ ਆਖਰੀ ਉਦੇਸ਼ ਭਾਰਤ ਦੀ ਸ਼ਾਸਨ ਜਮਾਤ ਬਣਨਾ ਹੈ। ਪਰ ਹਾਲੇ ਇਹ ਤੈਅ ਨਹੀਂ ਹੈ ਕਿ ਮੈਂ ਚੋਣ ਲੜਾਂਗਾ ਜਾਂ ਨਹੀਂ ਤੇ ਨਾ ਹੀ ਹਾਲੇ ਇਹ ਤੈਅ ਹੈ ਕਿ ਸਰਕਾਰ ਆਉਣ 'ਤੇ ਕੌਣ ਇਹ ਅਹੁਦੇ ਦੇ ਯੋਗ ਹੋਵੇਗਾ। ਇਹ ਫ਼ੈਸਲਾ ਹਾਈਕਮਾਨ ਨੇ ਕਰਨਾ ਹੈ।

ਲਗਾਤਾਰ ਘਟਦੇ ਵੋਟ ਸ਼ੇਅਰ ਨੂੰ ਲੈ ਕੇ ਜਸਵੀਰ ਸਿੰਘ ਨੇ ਕਿਹਾ ਕਿ 1996 ਵਿੱਚ  ਬਸਪਾ ਦਾ ਵੋਟ ਸ਼ੇਅਰ 19 ਫ਼ੀਸਦੀ ਸੀ ਜੋ ਹੁਣ ਡੇਢ ਫ਼ੀਸਦੀ ਰਹਿ ਗਿਆ ਹੈ। 1997 ਵਿੱਚ ਸਾਡਾ ਆਖਰੀ ਐੱਮ. ਐੱਲ. ਏ. ਵਿਧਾਨ ਸਭਾ ਵਿੱਚ ਗਿਆ। ਉਸ ਮਗਰੋਂ ਬੇਸ਼ੱਕ ਅਸੀਂ ਕੁਝ ਖ਼ਾਸ ਨਹੀਂ ਕਰ ਪਾਏ ਪਰ ਬਹੁਜਨ ਸਮਾਜ ਪਾਰਟੀ ਦਾ ਕੇਡਰ ਮਜ਼ਬੂਤੀ ਨਾਲ ਖੜਾ ਰਿਹਾ ਹੈ। 25 ਸਾਲ ਤਕ ਧਨ, ਜ਼ਮੀਨ ਤੋਂ ਵਿਹੂਣਾ ਪਾਰਟੀ ਦੇ ਗ਼ਰੀਬ ਮਜ਼ਦੂਰ ਕੇਡਰ ਦਾ ਵੱਡਾ ਹੌਂਸਲਾ ਹੈ ਜਿਸਨੇ ਪਾਰਟੀ ਨੂੰ ਡੁੱਬਣ ਨਹੀਂ ਦਿੱਤਾ ਤੇ ਗੱਠਜੋੜ ਹੋਣ ਨਾਲ ਸੂਬੇ ਦੀ ਰਾਜਨੀਤੀ ਦਾ ਮਾਹੌਲ ਬਦਲ ਗਿਆ ਹੈ।

ਬੌਧਿਕ ਤੌਰ 'ਤੇ ਅਕਲੋਂ ਖਾਲੀ ਰਵਨੀਤ ਬਿੱਟੂ  
ਰਵਨੀਤ ਬਿੱਟੂ ਵੱਲੋਂ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਸੀਟਾਂ ਬਸਪਾ ਨੂੰ ਦਿੱਤੇ ਜਾਣ ਬਾਰੇ ਦਿੱਤੇ ਵਿਵਾਦਤ ਬਿਆਨ ਦਾ ਗੜ੍ਹੀ ਨੇ ਵਿਰੋਧ ਕੀਤਾ। ਉਨਾਂ ਕਿਹਾ ਕਿ ਬਿੱਟੂ ਦੇ ਪਰਿਵਾਰ ਨੇ ਪੰਜਾਬ 'ਚ ਕਤਲੋਗਾਰਤ ਮਚਾਈ ਹੈ ਜਿਸਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ।  ਉਹ ਲੋਕਾਂ ਦੇ ਪੈਰੀਂ ਹੱਥ ਲਾ-ਲਾ ਕੇ ਐੱਮ.ਪੀ. ਬਣ ਗਏ। ਉਹ ਬੌਧਿਕ ਤੌਰ 'ਤੇ ਅਕਲੋਂ ਖਾਲੀ ਨੇ। ਲਗਦਾ ਉਹ ਦਲਿਤਾਂ ਨੂੰ ਪਵਿੱਤਰ ਨਹੀਂ ਮੰਨਦੇ। ਗੁਰੂ ਸਾਹਿਬ ਨੇ ਰੰਘਰੇਟਾ ਗੁਰੂ ਕਾ ਬੇਟਾ ਕਿਹਾ ਸੀ ਤੇ ਬਿੱਟੂ ਨੇ ਇਸਨੂੰ ਅਪਵਿੱਤਰ ਕਿਹਾ ਹੈ। ਇਸ ਤੋਂ ਇਲਾਵਾ ਉਸਨੇ ਕੁਮਾਰੀ ਮਾਇਆਵਤੀ 'ਤੇ 200-300 ਕਰੋੜ ਦਾ ਇਲਜ਼ਾਮ ਲਗਾ ਕੇ ਗ਼ਲਤੀ ਕੀਤੀ ਹੈ ਜਿਸ ਦਾ ਹਿਸਾਬ ਦੇਣਾ ਪਵੇਗਾ। ਬਹੁਜਨ ਸਮਾਜ ਪਾਰਟੀ ਨੇ ਮਾਣਹਾਨੀ ਦੇ ਰੂਪ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਹੈ । ਜੇਕਰ ਬਿੱਟੂ ਖ਼ਿਲਾਫ਼ ਕੈਪਟਨ ਨੇ ਕਾਰਵਾਈ ਨਾ ਕੀਤੀ ਤਾਂ ਬਹੁਜਨ ਸਮਾਜ ਪਾਰਟੀ ਵੱਲੋਂ ਬਿੱਟੂ ਦੇ ਪੁਤਲੇ ਫੂਕੇ ਜਾਣਗੇ ਅਤੇ ਅਸੀਂ ਉਸਨੂੰ ਕੋਰਟ ਵਿੱਚ ਵੀ ਘੜੀਸਾਂਗੇ।

ਨੋਟ : ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News