ਏਜੰਸੀਆਂ ਬਾਗੀਆਂ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਲਈ ਯਤਨਸ਼ੀਲ : ਸਰਨਾ

Friday, Jul 26, 2024 - 06:12 PM (IST)

ਏਜੰਸੀਆਂ ਬਾਗੀਆਂ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਲਈ ਯਤਨਸ਼ੀਲ : ਸਰਨਾ

ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਲਈ ਸਰਵ ਉੱਚ ਹੈ। ਅਕਾਲੀ ਦਲ ਤੋਂ ਬਾਗੀ ਚੱਲ ਰਹੇ ਧੜੇ ਦੀ ਸ਼ਿਕਾਇਤ ਉੱਪਰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਦਿਆ ਸੀ ਜਿਸ 'ਤੇ ਫੁੱਲ ਚੜ੍ਹਾਉਂਦੇ ਹੋਏ ਉਹ ਇਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਪਰ ਬਾਗੀ ਧੜੇ ਨਾਲ ਦੇ ਕੁੱਝ ਆਗੂ ਇੰਨੇ ਕਾਹਲ਼ੇ ਹਨ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਸਤੀ 'ਤੇ ਮਾਣ ਮਰਿਯਾਦਾ ਦਾ ਖ਼ਿਆਲ ਵੀ ਨਹੀਂ ਕਰ ਰਹੇ। ਸਿੰਘ ਸਾਹਿਬ ਨੇ ਇਹ ਸਪੱਸ਼ਟ ਕੀਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਸਪੱਸ਼ਟੀਕਰਨ ਵਾਲੀ ਚਿੱਠੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਖੋਲ੍ਹੀ ਜਾਵੇਗੀ। ਫਿਰ ਹੋਰ ਕੋਈ ਵੀ ਕੌਣ ਹੁੰਦਾ ਹੈ ਕਿ ਉਹ ਪੰਜ ਸਿੰਘ ਸਾਹਿਬਾਨ ਤੋਂ ਉੱਪਰ ਦੀ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ‘ਚ ਦਖਲ ਦੇਵੇ । ਇਹ ਵਿਚਾਰ ਪਰਮਜੀਤ ਸਿੰਘ ਸਰਨਾ ਨੇ ਪੇਸ਼ ਕੀਤੇ। 

ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਅੱਜ ਏਜੰਸੀਆਂ ਦੇ ਇਸ਼ਾਰਿਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਸਤੀ ਨੂੰ ਚੈਲੇਂਜ ਹੋ ਰਹੇ ਹਨ । ਜਿਸਦਾ ਬਹਾਨਾ ਸੁਖਬੀਰ ਬਾਦਲ ਨੂੰ ਬਣਾਇਆ ਜਾ ਰਿਹਾ ਹੈ ਪਰ ਇਸਦੇ ਪਿੱਛੇ ਜੋ ਮਨਸ਼ਾ ਕੰਮ ਕਰ ਰਹੀ ਹੈ ਉਹ ਇਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾਵੇ ਅਤੇ ਸਿੱਖ ਮਨਾਂ ਵਿਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਅਤੇ ਮਹਾਨਤਾ ਨੂੰ ਮਨਫੀ ਕੀਤਾ ਜਾਵੇ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪੱਕੇ ਤੌਰ 'ਤੇ ਖਤਮ ਕਰਕੇ ਸਿੱਖ ਰਾਜਸ਼ੀ ਤਾਕ਼ਤ ਨੂੰ ਸਦਾ ਲਈ ਮੁਕਾਇਆ ਜਾਵੇ।

ਉਨ੍ਹਾਂ ਕਿਹਾ ਕਿ ਜਿਹੜੇ ਅੱਜ ਪੰਥ ਹਿਤੈਸ਼ੀ ਬਣੇ ਫਿਰਦੇ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਕਿਉਂ ਜ਼ੁਬਾਨ ਨਹੀ ਖੋਲ ਰਹੇ ? ਅਕਾਲੀ ਸਰਕਾਰ ਵੇਲੇ ਸ਼ੁਰੂ ਹੋਈ ਜਾਂਚ ਨੂੰ ਪਹਿਲਾ ਸੀ.ਬੀ.ਆਈ ਨੂੰ ਸੌਂਪਿਆ ਗਿਆ ਤੇ ਮੁੜਕੇ ਜੋ ਸਿੱਟ ਕੈਪਟਨ ਸਰਕਾਰ ਵੇਲੇ ਕਾਇਮ ਹੋਈ ਜਾਂ ਮੌਜੂਦਾ ਸਰਕਾਰ ਨੇ ਅੱਜ ਤੱਕ ਨਾ ਦੋ਼ਸ਼ੀ ਨਸ਼ਰ ਕੀਤੇ ਤੇ ਨਾ ਕਾਰਵਾਈ ਹੋਈ । ਇਸ ਬਾਰੇ ਕੋਈ ਨਹੀਂ ਬੋਲ ਰਿਹਾ। ਚਾਹੀਦਾ ਤਾਂ ਇਹ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਕਾਇਮ ਰੱਖਣ ਲਈ ਅਤੇ ਬੇਅਦਬੀਆਂ ਰੋਕਣ ਲਈ ਕੋਈ ਸਾਂਝੀ ਰਣਨੀਤੀ ਬਣਦੀ ਪਰ ਇਸਦੇ ਉਲਟ ਇੱਕੋ ਇੱਕੋ ਮਿਸ਼ਨ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰਨਾ ਬਣਾ ਕੇ ਬਾਕੀ ਸਿੱਖ ਮੁੱਦਿਆਂ ਤੋਂ ਧਿਆਨ ਭਟਕਾਉਣਾ ਇਹ ਏਜੰਸੀਆਂ ਦੀ ਚਾਲ ਹੈ ਤੇ ਸਾਡੇ ਬਹੁਤੇ ਆਗੂ ਜਾਣ ਅਣਜਾਣੇ ਇਸਦਾ ਹਿੱਸਾ ਬਣ ਰਹੇ ਹਨ।


author

Gurminder Singh

Content Editor

Related News