ਹਾਈਕਮਾਨ ਦੇ ਐਕਸ਼ਨ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕੀਤੇ ਵੱਡੇ ਖ਼ੁਲਾਸੇ

11/04/2022 1:42:48 PM

ਜਲੰਧਰ (ਅਨਿਲ ਪਾਹਵਾ, ਰਜਿੰਦਰ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਹਮੇਸ਼ਾ ਗਹਿਮਾਗਹਿਮੀ ਰਹੀ ਹੈ ਪਰ ਇਸ ਵਾਰ ਇਨ੍ਹਾਂ ਚੋਣਾਂ ਤੋਂ ਪਹਿਲਾਂ ਜੋ ਸ਼੍ਰੋਮਣੀ ਅਕਾਲੀ ਦਲ ’ਚ ਖਿੱਚੋਤਾਣ ਪੈਦਾ ਹੋਈ ਹੈ, ਉਹ ਇਸ ਤੋਂ ਪਹਿਲਾਂ ਕਦੇ ਵੀ ਵੇਖਣ ਨੂੰ ਨਹੀਂ ਮਿਲੀ। ਇਸ ਵਾਰ ਖ਼ਾਸ ਗੱਲ ਇਹ ਹੈ ਕਿ ਐੱਸ. ਜੀ. ਪੀ. ਸੀ. ਪ੍ਰਧਾਨ ਦੇ ਅਹੁਦੇ ਲਈ ਇਸ ਅਹੁਦੇ ਦੀ ਦਾਅਵੇਦਾਰ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ’ਚ ਤਣ ਗਈ ਹੈ। ਜਿੱਥੇ ਬੀਬੀ ਜਗੀਰ ਕੌਰ ’ਤੇ ਬਾਦਲਾਂ ਨਾਲ ਮਿਲ ਕੇ ਫ੍ਰੈਂਡਲੀ ਮੈਚ ਖੇਡਣ ਦਾ ਦੋਸ਼ ਲੱਗ ਰਿਹਾ ਹੈ, ਉੱਥੇ ਹੀ ਕੁਝ ਲੋਕ ਬੀਬੀ ਵੱਲੋਂ ਭਾਜਪਾ ਦੇ ਇਸ਼ਾਰਿਆਂ ’ਤੇ ਨੱਚਣ ਦੇ ਕਸੀਦੇ ਵੀ ਕੱਸ ਰਹੇ ਹਨ। ਇਸ ਪੂਰੇ ਮਾਮਲੇ ’ਚ ਮਾਜਰਾ ਕੀ ਹੈ, ਇਹ ਜਾਣਨ ਲਈ ਅਸੀਂ ਬੀਬੀ ਜਗੀਰ ਕੌਰ ਨਾਲ ਗੱਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਅੰਸ਼–

•ਪਾਰਟੀ ਵਿਰੋਧੀ ਕਿਨ੍ਹਾਂ ਸਰਗਰਮੀਆਂ ਕਾਰਨ ਤੁਹਾਨੂੰ ਨੋਟਿਸ ਜਾਰੀ ਕੀਤਾ ਗਿਆ?

ਮੈਂ ਸੁਖਬੀਰ ਬਾਦਲ ਕੋਲ ਮੁੜ ਪ੍ਰਧਾਨ ਬਣਨ ਦੀ ਇੱਛਾ ਜ਼ਾਹਿਰ ਕੀਤੀ ਸੀ ਅਤੇ ਕਿਹਾ ਸੀ ਕਿ ਐੱਸ. ਜੀ. ਪੀ. ਸੀ. ਦੇ ਮੈਂਬਰਾਂ ਨੂੰ ਮਿਲਣਾ ਚਾਹੁੰਦੀ ਹਾਂ ਪਰ ਬਾਦਲ ਨੇ ਇਨਕਾਰ ਕਰ ਦਿੱਤਾ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਸੇਵਾ ਕਰਨਾ ਚਾਹੁੰਦੀ ਹਾਂ। ਕੋਰੋਨਾ ਕਾਲ ਅਤੇ ਕਿਸਾਨ ਅੰਦੋਲਨ ਕਾਰਨ ਰਹਿ ਗਏ ਬਹੁਤ ਸਾਰੇ ਅਜਿਹੇ ਸੇਵਾ ਕਾਰਜ ਹਨ, ਜੋ ਮੈਂ ਕਰਨਾ ਚਾਹੁੰਦੀ ਹਾਂ।

•5ਵੀਂ ਵਾਰ ਪ੍ਰਧਾਨਗੀ ਦੀ ਇੱਛਾ ਕਿਉਂ ਜਾਗੀ?

ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਹ ਸੇਵਾ ਕਰੇ ਅਤੇ ਜੇ ਐੱਸ. ਜੀ. ਪੀ. ਸੀ. ਪ੍ਰਧਾਨ ਦੇ ਅਹੁਦੇ ’ਤੇ ਰਹਿ ਕੇ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਇਸ ਨਾਲੋਂ ਬਿਹਤਰ ਸੇਵਾ ਹੋਰ ਕੋਈ ਨਹੀਂ ਹੈ। ਮੈਂ ਜੇ 4 ਵਾਰ ਪ੍ਰਧਾਨ ਰਹਿ ਕੇ 5ਵੀਂ ਵਾਰ ਇਸ ਅਹੁਦੇ ਲਈ ਇੱਛਾ ਜ਼ਾਹਿਰ ਕੀਤੀ ਹੈ ਤਾਂ ਇਸ ਵਿਚ ਗਲਤ ਹੀ ਕੀ ਹੈ? ਮੈਂ ਪ੍ਰਧਾਨ ਦੇ ਅਹੁਦੇ ’ਤੇ ਰਹਿੰਦੇ ਹੋਏ ਕੋਈ ਗਲਤ ਕੰਮ ਕੀਤਾ ਹੋਵੇ, ਮੇਰੀ ਸੇਵਾ ਵਿਚ ਕੋਈ ਕਮੀ ਰਹੀ ਹੋਵੇ, ਮੇਰੇ ਉੱਪਰ ਕੋਈ ਦਾਗ-ਧੱਬਾ ਹੋਵੇ ਤਾਂ ਮੈਨੂੰ ਦੱਸੋ। ਮੈਂ ਤਾਂ ਪੰਥ ਅਤੇ ਸਿੱਖ ਸਮਾਜ ਲਈ ਕੰਮ ਕਰਨਾ ਚਾਹੁੰਦੀ ਹਾਂ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਭੁਲੱਥ ਵਿਖੇ ਛੱਪੜ ਨੇੜਿਓਂ ਮਿਲਿਆ ਬੱਚੇ ਦਾ ਭਰੂਣ

•4 ਵਾਰ ਤੁਹਾਡਾ ਨਾਂ ਵੀ ਤਾਂ ਲਿਫ਼ਾਫ਼ੇ ’ਚੋਂ ਹੀ ਨਿਕਲਿਆ, ਉਸ ਵੇਲੇ ਇਹ ਸੋਚ ਕਿਉਂ ਨਹੀਂ ਆਈ?

ਮੈਂ ਤਾਂ ਹਮੇਸ਼ਾ ਕਹਿੰਦੀ ਆਈ ਹਾਂ ਕਿ ਇਹ ਪ੍ਰਧਾਨ ਚੁਣਨ ਦੀ ਇਕ ਪ੍ਰਕਿਰਿਆ ਹੈ, ਜਿਸ ਨੂੰ ਲਿਫ਼ਾਫ਼ੇ ਦਾ ਨਾਂ ਦਿੱਤਾ ਗਿਆ ਹੈ। ਉਂਝ ਲਿਫ਼ਾਫ਼ਾ ਬਣਨ ਤੋਂ ਪਹਿਲਾਂ ਬਾਕਾਇਦਾ ਇਕ ਪ੍ਰਕਿਰਿਆ ਹੰਦੀ ਹੈ, ਜਿਸ ਵਿਚ ਵੱਡੇ ਬਾਦਲ ਸਾਹਿਬ, ਪ੍ਰਧਾਨ ਅਤੇ ਹੋਰ ਮੈਂਬਰ ਮਿਲ ਕੇ ਬੈਠਦੇ ਹਨ ਅਤੇ ਪ੍ਰਧਾਨ ਦੇ ਅਹੁਦੇ ਲਈ ਨਾਂ ’ਤੇ ਚਰਚਾ ਕੀਤੀ ਜਾਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਪਾਰਟੀ ’ਚ ਸਥਿਤੀ ਖ਼ਰਾਬ ਹੋਈ ਹੈ ਅਤੇ ਉਸ ਨੂੰ ਠੀਕ ਕਰਨਾ ਸਾਡਾ ਹੀ ਕੰਮ ਹੈ। ਜੇ ਇਸ ਦੇ ਲਈ ਕੁਝ ਤਬਦੀਲੀ ਕੀਤੀ ਜਾ ਸਕਦੀ ਹੋਵੇ ਤਾਂ ਫਿਰ ਇਤਰਾਜ਼ ਹੀ ਕੀ ਹੈ? ਪਾਰਟੀ ਦਾ ਵਰਕਰ ਨਾਰਾਜ਼ ਬੈਠਾ ਹੈ, ਕਈ ਨੇਤਾ ਘਰ ਬੈਠੇ ਹਨ, ਵਰਕਰ ਸਾਨੂੰ ਸੁਣਨ ਨੂੰ ਤਿਆਰ ਨਹੀਂ।

•ਜੇ ਇਸ ਵਾਰ ਵੀ ਤੁਹਾਡਾ ਨਾਂ ਤੈਅ ਹੁੰਦਾ ਤਾਂ ਫਿਰ ਲਿਫ਼ਾਫ਼ਾ ਮਨਜ਼ੂਰ ਸੀ?

ਮੇਰੀ ਲੜਾਈ ਹੀ ਇਹੀ ਹੈ ਕਿ ਮੈਂ ਕਾਫ਼ੀ ਦੇਰ ਤੋਂ ਇਸ ਪ੍ਰਕਿਰਿਆ ’ਚ ਤਬਦੀਲੀ ਲਈ ਪਾਰਟੀ ਵਿਚ ਗੱਲ ਰੱਖ ਰਹੀ ਹਾਂ। ਲਗਭਗ 2-3 ਮਹੀਨੇ ਪਹਿਲਾਂ ਵੀ ਮੈਂ ਬਾਦਲ ਸਾਹਿਬ ਨਾਲ ਗੱਲ ਕੀਤੀ ਸੀ। ਇਸੇ ਪ੍ਰਕਿਰਿਆ ਲਈ ਮੈਂ ਮੈਂਬਰਾਂ ਨੂੰ ਮਿਲਣਾ ਚਾਹੁੰਦੀ ਸੀ।

•ਜੇ ਸੁਝਾਅ ਨਹੀਂ ਮੰਨਿਆ ਤਾਂ ਬਗਾਵਤ ਕਿਉਂ?

ਜੇ ਮੈਂ ਪਾਰਟੀ ਅਤੇ ਸਿੱਖ ਕੌਮ ਦੇ ਭਲੇ ਲਈ ਕੋਈ ਵਧੀਆ ਸੁਝਾਅ ਦਿੱਤਾ ਹੈ ਅਤੇ ਜੇ ਲੋਕ ਚਾਹੁੰਦੇ ਹਨ ਕਿ ਸਿਸਟਮ ਨੂੰ ਠੀਕ ਕੀਤਾ ਜਾਵੇ, ਜਿਸ ਨਾਲ ਨੁਕਸਾਨ ਹੋ ਰਿਹਾ ਸੀ, ਤਾਂ ਇਸ ’ਚ ਗਲਤ ਕੀ ਸੀ। ਇਹ ਕੋਈ ਤਾਨਾਸ਼ਾਹੀ ਥੋੜ੍ਹਾ ਹੈ।

•ਕਿੱਤੇ ਭਾਜਪਾ ਦੀ ਪਲਾਨਿੰਗ ਦਾ ਹਿੱਸਾ ਤਾਂ ਨਹੀਂ ਤੁਸੀਂ?

ਬੀਬੀ ਜਗੀਰ ਕੌਰ ਹੀ ਇਕ ਅਜਿਹੀ ਔਰਤ ਸੀ, ਜਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਇਹ ਮਤਾ ਪੇਸ਼ ਕੀਤਾ ਸੀ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਸਿੱਖਾਂ ਦੇ ਮਸਲਿਆਂ ’ਚ ਦਖ਼ਲ ਨਾ ਦੇਵੇ। ਜਦੋਂ ਕਿਸਾਨਾਂ ਨੇ ਮੋਰਚਾ ਲਾਇਆ ਉਦੋਂ ਵੀ ਮੈਂ ਖੁੱਲ੍ਹ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇ ਖ਼ਿਲਾਫ਼ ਟਿੱਪਣੀ ਕੀਤੀ। ਪੰਜਾਬ ’ਚ ਇਕ ਵਿਸ਼ੇਸ਼ ਸਮਾਗਮ ’ਤੇ ਪ੍ਰਧਾਨ ਮੰਤਰੀ ਨੂੰ ਬੁਲਾਏ ਜਾਣ ’ਤੇ ਵੀ ਮੈਂ ਇਤਰਾਜ਼ ਕੀਤਾ ਸੀ ਅਤੇ ਸਪੱਸ਼ਟ ਕਿਹਾ ਸੀ ਕਿ ਜਦੋਂ ਤਕ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਪ੍ਰਧਾਨ ਮੰਤਰੀ ਨੂੰ ਨਾ ਬੁਲਾਇਆ ਜਾਵੇ। ਮੈਂ ਹਮੇਸ਼ਾਂ ਕਿਸਾਨਾਂ ਨੂੰ ਲੈ ਕੇ ਭਾਜਪਾ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਡਟ ਕੇ ਆਪਣੀ ਗੱਲ ਰੱਖੀ ਹੈ।

ਇਹ ਵੀ ਪੜ੍ਹੋ : NRI ਪਤੀ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼, ਭੇਸ ਬਦਲ ਕੇ ਰਚਾ ਚੁੱਕੈ 3 ਵਿਆਹ, ਇੰਝ ਖੁੱਲ੍ਹਿਆ ਭੇਤ

•ਜੇਕਰ ਤੁਸੀਂ ਸਹੀ ਹੋ, ਤਾਂ ਮੈਂਬਰ ਤੁਹਾਡਾ ਸਾਥ ਕਿਉਂ ਨਹੀਂ ਦੇ ਰਹੇ?

ਬੇਸ਼ੱਕ ਮੇਰੀ ਗੱਲ ਸਹੀ ਹੈ ਅਤੇ ਮੈਂ ਪਾਰਟੀ ’ਚ ਆਪਣੀ ਗੱਲ ਇਸ ਲਈ ਰੱਖੀ ਹੈ ਕਿਉਂਕਿ ਮੈਂ ਪਾਰਟੀ ’ਚ ਸੁਧਾਰ ਚਾਹੁੰਦੀ ਹਾਂ। ਜੋ ਗਲਤੀਆਂ ਪਹਿਲਾਂ ਕੀਤੀਆਂ ਹਨ, ਉਨ੍ਹਾਂ ਨੂੰ ਸਹੀ ਕਰਨਾ ਸਮੇਂ ਦੀ ਲੋੜ ਹੈ। ਹੋ ਸਕਦਾ ਹੈ ਕਿ ਹੋਰ ਮੈਂਬਰ ਕਿਸੇ ਦਬਾਅ ਹੇਠ ਨਾ ਬੋਲ ਰਹੇ ਹੋਣ। ਵੈਸੇ ਵੀ ਜੋ ਵੀ ਬੋਲੇਗਾ, ਉਸ ਨੂੰ ਜਾਂ ਤਾਂ ਪਾਰਟੀ ’ਚੋਂ ਕੱਢ ਦਿੱਤਾ ਜਾਵੇਗਾ ਜਾਂ ਫਿਰ ਉਸ ਨੂੰ ਨੋਟਿਸ ਜਾਰੀ ਕਰ ਦਿੱਤਾ ਜਾਵੇਗਾ। ਹੋ ਸਕਦਾ ਹੈ ਕਿ ਇਸ ਲਈ ਸ਼ਾਇਦ ਉਹ ਲੋਕ ਨਹੀਂ ਬੋਲ ਰਹੇ।

•ਸੁਖਪਾਲ ਖਹਿਰਾ ਪੁੱਛ ਰਹੇ ਹਨ ਕਿ ਪਹਿਲਾਂ ਪੰਥ ਕਿਉਂ ਨਹੀਂ ਯਾਦ ਆਇਆ?

ਮੈਂ ਸਮੇਂ-ਸਮੇਂ ’ਤੇ ਡੇਰਾ ਸਿਰਸਾ ਅਤੇ ਉਸ ਦੇ ਮੁਖੀ ਵਿਰੁੱਧ ਬੋਲਦੀ ਰਹੀ ਹਾਂ। ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਵੀ ਮੈਂ ਆਵਾਜ਼ ਉਠਾਈ ਹੈ। ਰਾਮ ਰਹੀਮ ਦੀ ਮੁਆਫ਼ੀ ’ਤੇ ਵੀ ਮੈਂ ਇਤਰਾਜ਼ ਪ੍ਰਗਟਾਇਆ। ਜਦੋਂ ਵੀ ਸਿੱਖ ਧਰਮ ਨਾਲ ਸਬੰਧਤ ਕੋਈ ਮੁੱਦਾ ਹੁੰਦਾ ਤਾਂ ਮੈਂ ਡੱਟ ਕੇ ਮੈਦਾਨ ’ਚ ਉਤਰਦੀ ਰਹੀ ਹਾਂ। ਕੋਈ ਕਹਿ ਹੀ ਨਹੀਂ ਸਕਦਾ ਕਿ ਬੀਬੀ ਜਗੀਰ ਕੌਰ ਕਿਸੇ ਪੰਥ ਵਿਰੋਧੀ ਮੁੱਦੇ ’ਤੇ ਚੁੱਪ ਰਹੀ ਹੈ ਪਰ ਇਸ ਨੂੰ ਸਿਆਸੀ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ।

•ਅਕਾਲੀ ਦਲ ਨਾਲ ਪੈਚਅੱਪ ਦਾ ਕੀ ਹੁਣ ਕੋਈ ਚਾਂਸ ਨਹੀਂ?

ਮੈਂ ਹਮੇਸ਼ਾ ਪਾਰਟੀ ਨੂੰ ਸਭ ਤੋਂ ਉੱਪਰ ਮੰਨਦੀ ਹਾਂ। ਪਾਰਟੀ ਨੇ ਹੀ ਹਮੇਸ਼ਾ ਮੈਨੂੰ ਚਲਾਇਆ ਹੈ ਅਤੇ ਇਸ ਵਾਰ ਪਾਰਟੀ ਨੇ ਮੈਨੂੰ ਦੂਜੇ ਪਾਸੇ ਚਲਾ ਦਿੱਤਾ ਹੈ। ਪਾਰਟੀ ਮੈਨੂੰ ਕੋਈ ਅਹੁਦਾ ਨਹੀਂ ਦੇਵੇਗੀ ਤਾਂ ਕੋਈ ਗੱਲ ਨਹੀਂ। ਮੈਂ ਵਰਕਰ ਬਣ ਕੇ ਸੇਵਾ ਲਵਾਂਗੀ।

ਇਹ ਵੀ ਪੜ੍ਹੋ : 43 ਸਾਲ ਦੀਆਂ ਸੇਵਾਵਾਂ ਦੇਣ ਮਗਰੋਂ ‘ਰਿਟਾਇਰਡ’ ਹੋਇਆ ਜਲੰਧਰ ਦਾ ਮਸ਼ਹੂਰ ਟੀ. ਵੀ. ਟਾਵਰ, ਜਾਣੋ ਕੀ ਰਹੀ ਵਜ੍ਹਾ

•ਹਰਸਿਮਰਤ ਨਾਲ ਤੁਹਾਡਾ ਕੀ ਵਿਵਾਦ ਹੈ?

ਮੇਰਾ ਨਿੱਜੀ ਤੌਰ ’ਤੇ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਕੁਝ ਕੰਮਾਂ ਨੂੰ ਰੋਕਣ ਲਈ ਹਰਸਿਮਰਤ ਸ਼ਾਇਦ ਮੇਰੇ ਨਾਲ ਨਾਰਾਜ਼ ਹਨ। ਵੈਸੇ ਤਾਂ ਉਹ ਮੇਰੇ ਬਹੁਤ ਕਰੀਬ ਹਨ ਪਰ ਹੋ ਸਕਦਾ ਹੈ ਕਿ ਉਨ੍ਹਾਂ ਨੇ ਮੇਰੀਆਂ ਗੱਲਾਂ ਨੂੰ ਦਿਲ ’ਤੇ ਲਾ ਲਿਆ ਹੋਵੇ। 550 ਸਾਲਾ ਸਮਾਗਮ ਦੌਰਾਨ ਉਹ ਮੰਤਰੀ ਸਨ। ਉਸ ਸਮੇਂ ਉਨ੍ਹਾਂ ਨੇ ਮੂਲ ਮੰਤਰ ਲਿਖਿਆ ਇਕ ਸੋਨੇ ਦਾ ਪੱਤਰ ਲਗਵਾ ਦਿੱਤਾ, ਜੋ ਕਿ ਗੁਰਮਤਿ ਅਨੁਸਾਰ ਨਹੀਂ ਸੀ। ਉਹ ਪੱਤਰ ਮੈਂ ਉਤਰਵਾ ਦਿੱਤਾ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ’ਚ ਦਰਸ਼ਨੀ ਢਿਓਡੀ ਦੇ ਸਾਹਮਣੇ ਇਕ ਖੁੱਲ੍ਹਾ ਰਸਤਾ ਹੈ, ਜਿੱਥੇ ਉਹ ਕੰਧ ਕਰਨ ਲਈ ਕਹਿ ਰਹੇ ਸਨ ਪਰ ਮੈਂ ਉਹ ਕੰਧ ਨਹੀਂ ਬਣਵਾਈ, ਕਿਉਂਕਿ ਉਸ ਰਸਤੇ ਸਾਰੇ ਨਗਰ ਕੀਰਤਨ ਆਉਂਦੇ ਸਨ। ਜਦਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ’ਚ ਲੋਕਾਂ ਨੂੰ ਜਾਣ ਤੋਂ ਰੋਕਣ ਲਈ ਉਕਤ ਰਸਤੇ ’ਤੇ ਕੰਧ ਬਣਾਉਣ ਦੇ ਇੱਛੁਕ ਸਨ। ਇਹ ਛੋਟੀਆਂ-ਛੋਟੀਆਂ ਗੱਲਾਂ ਸ਼ਾਇਦ ਉਨ੍ਹਾਂ ਦੇ ਦਿਲ ਵਿਚ ਹਨ ਅਤੇ ਮੈਨੂੰ ਲੱਗਦਾ ਹੈ ਕਿ ਪਾਰਟੀ ਤੋਂ ਉਨ੍ਹਾਂ ਨੂੰ ਲਾਂਭੇ ਕਰਨ ਦਾ ਇਹ ਵੀ ਇਕ ਕਾਰਨ ਹੋ ਸਕਦਾ ਹੈ।

•ਸੁਣਿਆ ਹੈ ਕਿ ‘ਮਾਝੇ ਦੇ ਜਰਨੈਲ’ ਨਾਲ ਵੀ ਤੁਹਾਡਾ ਤਾਲਮੇਲ ਠੀਕ ਨਹੀਂ?

ਮੇਰਾ ਕਿਸੇ ਨਾਲ ਕੋਈ ਗੁੱਸਾ ਨਹੀਂ ਹੈ। ਮੈਂ ਚੋਣ ਨਹੀਂ ਲੜਨਾ ਚਾਹੁੰਦੀ ਸੀ। ਮੇਰਾ ਰਾਜਨੀਤੀ ’ਚ ਆਉਣ ਦਾ ਕੋਈ ਇਰਾਦਾ ਨਹੀਂ ਸੀ। ਵਿਧਾਇਕ ਦੀ ਚੋਣ ਵੀ ਮੈਂ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਲੜੀ। ਜਦੋਂ ਲੋਕ ਸਭਾ ਚੋਣਾਂ ਆਈਆਂ ਤਾਂ ਪ੍ਰਧਾਨ ਨੇ ਮੈਨੂੰ ਜ਼ਬਰਦਸਤੀ ਇਸ ਚੋਣ ’ਚ ਉਤਾਰਿਆ। ਪਹਿਲਾਂ ਤਾਂ ਮੈਂ ਪਾਰਟੀ ਦੇ ਵੱਡੇ ਲੀਡਰਾਂ ਦੇ ਘਰਾਂ ਦੇ ਗੇੜੇ ਮਾਰਦੀ ਰਹੀ। ਕੋਈ ਲੀਡਰ ਮੈਨੂੰ ਕਿਸੇ ਕੋਲ ਜਾਣ ਤੋਂ ਰੋਕੇ ਤਾਂ ਕੋਈ ਮੈਨੂੰ ਕਿਸੇ ਕੋਲ ਜਾਣ ਤੋਂ। ਮੇਰੀ ਕੋਈ ਜ਼ਿਆਦਾ ਜਾਣ-ਪਛਾਣ ਨਹੀਂ ਸੀ। ਮੈਂ ਕਿਤੇ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਕੈਰੋਂ ਦਾ ਨਾਂ ਲੈ ਦੇਣਾ ਤਾਂ ਮੇਰੇ ਨਾਲ ਮਾਝੇ ਦੇ ਜਰਨੈਲ ਨਾਰਾਜ਼ ਹੋ ਜਾਂਦੇ ਅਤੇ ਜੇ ਕਿਤੇ ਮੈਂ ਜਰਨੈਲ ਦਾ ਨਾਂ ਲੈ ਲਿਆ ਤਾਂ ਮੇਰੇ ਨਾਲ ਕੈਰੋਂ ਦੇ ਸਮਰਥਕ ਨਾਰਾਜ਼ ਹੋ ਜਾਂਦੇ। ਕੋਈ ਮੈਨੂੰ ਕਿਤੇ ਜਾਣ ਤੋਂ ਰੋਕਦਾ ਰਿਹਾ ਅਤੇ ਕੋਈ ਕਿਸੇ ਨੂੰ ਮਿਲਣ ਤੋਂ ਰੋਕਦਾ ਰਿਹਾ। ਮੈਂ ਚੋਣ ਕਿੱਥੋਂ ਲੜਨੀ ਸੀ? ਇਹੀ ਸਾਰਾ ਮਾਮਲਾ ਮੈਂ ਬਾਦਲ ਸਾਹਿਬ ਦੇ ਸਾਹਮਣੇ ਰੱਖ ਦਿੱਤਾ ਅਤੇ ਇਹ ਵੀ ਕਿਹਾ ਕਿ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਹੋ ਸਕਦਾ ਹੈ ਕਿ ਕੁਝ ਲੋਕ ਮੇਰੇ ਨਾਲ ਨਾਰਾਜ਼ ਹੋ ਗਏ ਹੋਣ।

ਕਿਤੇ ਅਕਾਲੀ ਦਲ ਨਾਲ ਕੋਈ ਫ੍ਰੈਂਡਲੀ ਮੈਚ ਤਾਂ ਨਹੀਂ?

ਅਜਿਹਾ ਕੁਝ ਨਹੀਂ ਹੈ, ਸਗੋਂ ਮੈਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਕਿਹਾ ਜਾ ਰਿਹਾ ਹੈ, ਜਦਕਿ ਅਸਲੀਅਤ ਤਾਂ ਇਹ ਹੈ ਕਿ ਮੈਂ ਸੇਵਾ ਕਰਨ ਲਈ ਪ੍ਰਧਾਨਗੀ ਅਹੁਦੇ ਦੀ ਇੱਛੁਕ ਹਾਂ। ਮੇਰਾ ਕਸੂਰ ਸਿਰਫ਼ ਇੰਨਾ ਹੈ ਕਿ ਮੈਂ ਪ੍ਰਕਿਰਿਆ ਵਿਚ ਬਦਲਾਅ ਲਈ ਸਮਰਥਨ ਕੀਤਾ, ਜਿਸ ਨਾਲ ਕਿ ਲੋਕਤੰਤਰਿਕ ਪ੍ਰਕਿਰਿਆ ਨੂੰ ਮਜ਼ਬੂਤ ਕੀਤਾ ਜਾ ਸਕੇ। ਮੈਂ ਕੋਈ ਅਜਿਹੀ ਖੇਡ ਨਹੀਂ ਖੇਡ ਰਹੀ, ਜੋ ਕਿਹਾ ਜਾ ਰਿਹਾ ਹੈ। ਪਾਰਟੀ ’ਚ ਆਪਣੀ ਗੱਲ ਰੱਖੀ ਸੀ, ਉਸ ਨੂੰ ਮੰਨਣਾ ਜਾਂ ਨਾ ਮੰਨਣਾ ਪ੍ਰਧਾਨ ਦੇ ਹੱਥ ’ਚ ਹੈ। ਪੱਥ ਅਤੇ ਕੌਮ ਦੀ ਖ਼ਾਤਰ ਸੁਝਾਅ ਦੇਣਾ ਚਾਹਿਆ ਸੀ। ਹੁਣ ਉਨ੍ਹਾਂ ਨੇ ਨਹੀਂ ਮੰਨਿਆ ਤਾਂ ਇਸ ’ਚ ਮੈਂ ਕੁਝ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ : ਜਲੰਧਰ 'ਚ 5 ਨਵੰਬਰ ਨੂੰ ਪ੍ਰਾਈਵੇਟ ਤੇ ਸਰਕਾਰੀ ਸਕੂਲ-ਕਾਲਜਾਂ 'ਚ ਰਹੇਗੀ ਅੱਧੇ ਦਿਨ ਦੀ ਛੁੱਟੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News