ਨਕੋਦਰ ''ਚ ਹੋਏ ਕੱਪੜਾ ਵਪਾਰੀ ਦੇ ਕਤਲ ਮਗਰੋਂ ਪੰਜਾਬ ''ਚ 5 ਥਾਵਾਂ ''ਤੇ ਵਾਪਰੀਆਂ ਫਾਇਰਿੰਗ ਦੀਆਂ ਘਟਨਾਵਾਂ, ਸਹਿਮੇ ਲੋਕ
Friday, Dec 09, 2022 - 07:00 PM (IST)
ਜਲੰਧਰ- ਪੰਜਾਬ ਵਿਚ ਕਤਲ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਨਕੋਦਰ ਵਿਚ ਫਿਰੌਤੀ ਨਾ ਦੇਣ 'ਤੇ 7 ਦਸੰਬਰ ਨੂੰ ਗੋਲੀਆਂ ਮਾਰ ਕੇ ਕੱਪੜਾ ਵਪਾਰੀ ਟਿੰਮੀ ਚਾਵਲਾ ਦਾ ਕਤਲ ਕਰ ਦਿੱਤਾ ਗਿਆ। ਇਸ ਕਤਲ ਕਰਨ ਦੀ ਘਟਨਾ ਦੇ 24 ਘੰਟਿਆਂ ਦੇ ਅੰਦਰ ਪੰਜਾਬ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚ ਫਾਇਰਿੰਗ ਦੀਆਂ 5 ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਵਿਚ 5 ਲੋਕ ਜ਼ਖ਼ਮੀ ਹੋ ਗਏ ਹਨ। ਫਾਇਰਿੰਗ ਦੀਆਂ ਦੋ ਘਟਨਾਵਾਂ ਮਾਝਾ ਖੇਤਰ ਦੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ, ਦੋ ਘਟਨਾਵਾਂ ਮਾਲਵਾ ਖੇਤਰ ਦੇ ਜ਼ਿਲ੍ਹਾ ਬਠਿੰਡਾ ਅਤੇ ਇਕ ਘਟਨਾ ਦੋਆਬਾ ਦਾ ਕਪੂਰਥਲਾ ਵਿਚ ਵਾਪਰੀ। ਇਨ੍ਹਾਂ ਘਟਨਾਵਾਂ ਵਿਚ ਪੁਲਸ ਵੱਲੋਂ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਉਥੇ ਹੀ ਨਕੋਦਰ ਵਿਚ ਗੈਂਗਸਟਰ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਭੁਪਿੰਦਰ ਸਿੰਘ ਉਰਫ਼ ਟਿੰਮੀ ਚਾਵਲਾ ਦੇ ਗੰਨਮੈਨ ਨੇ ਵੀ ਵੀਰਵਾਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ। ਟਿੰਮੀ ਚਾਵਲਾ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੰਪਤ ਨਹਿਰਾ ਨੇ ਲਈ ਹੈ।
ਇਹ ਵੀ ਪੜ੍ਹੋ : ਜਲੰਧਰ: ਸਕੂਲ ਗਈ 10ਵੀਂ ਦੀ ਵਿਦਿਆਰਥਣ ਲਾਪਤਾ, ਕਾਪੀ 'ਚੋਂ ਮਿਲੇ ਫੋਨ ਨੰਬਰ 'ਤੇ ਹੋਇਆ ਵੱਡਾ ਖ਼ੁਲਾਸਾ
ਉਥੇ ਹੀ ਤਰਨਤਾਰਨ ਵਿਚ ਹੋਈ ਫਾਇਰਿੰਗ ਦਾ ਮਾਮਲਾ ਫਿਰੌਤੀ ਨਾਲ ਜੁੜਿਆ ਹੈ। ਗੈਂਗਸਟਰ ਹੈਰੀ ਚੱਠਾ ਨੇ ਆਈਲੈੱਟਸ ਸੈਂਟਰ ਦੇ ਮਾਲਕ ਅਤੇ ਪਿੰਡ ਵਲਟੋਹਾ ਦੇ ਮਹਾਵੀਰ ਸਿੰਘ ਤੋਂ 15 ਲੱਖ ਦੀ ਫਿਰੌਤੀ ਮੰਗੀ ਸੀ। ਮਹਾਵੀਰ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਤਾਂ ਬੁੱਧਵਾਰ ਨੂੰ ਬਾਈਕ ਸਵਾਰ ਹਥਿਆਰਬੰਦ ਤਿੰਨ ਲੋਕਾਂ ਨੇ ਆਈਲੈੱਟਸ ਸੈਂਟਰ 'ਤੇ ਤਿੰਨ ਰਾਊਂਡ ਗੋਲੀਆਂ ਚਲਾ ਦਿੱਤੀਆਂ ਪਰ ਉਹ ਬੱਚ ਗਿਆ। ਮਹਾਵੀਰ ਮੁਤਾਬਕ ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਕਰੀਬ ਦੋ ਦਰਜਨ ਤੋਂ ਵਧ ਵਿਦਿਆਰਥੀ ਸੈਂਟਰ ਵਿਚ ਕੋਚਿੰਗ ਲੈ ਰਹੇ ਸਨ।
ਅੰਮ੍ਰਿਤਸਰ ਵਿਚ ਵੀਰਵਾਰ ਸ਼ਾਮ ਨੂੰ ਕ੍ਰਿਸਟਲ ਚੌਂਕ ਦੇ ਕੋਲ ਕੁਝ ਲੋਕਾਂ ਨੇ ਟੈਂਪੂ ਟਰੈਵਲ ਦੇ ਚਾਲਕ 'ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਲਵਪ੍ਰੀਤ ਸਿੰਘ ਦੀ ਲੱਤ ਵਿਚ ਲੱਗੀ। ਲਵਪ੍ਰੀਤ ਨੇ ਦੱਸਿਆ ਕਿ ਉਹ ਏਅਰਪੋਰਟ ਤੋਂ ਸਵਾਰੀ ਲੈ ਕੇ ਇਕ ਹੋਟਲ ਵਿਚ ਛੱਡਣ ਜਾ ਰਿਹਾ ਸੀ। ਇਕ ਸੜਕ 'ਤੇ ਟੈਂਪੂ ਟਰੈਵਲ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਲੱਗਾ ਤਾਂ ਕੁਝ ਲੋਕਾਂ ਨੇ ਉਸ ਨੂੰ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਗੱਡੀ ਪਿੱਛੇ ਕਰ ਲਈ। ਇਸ ਦੌਰਾਨ ਕਰੀਬ 5 ਨੌਜਵਾਨਾਂ ਨੇ ਉਸ 'ਤੇ ਫਾਇਰਿੰਗ ਕਰ ਦਿੱਤੀ ਅਤੇ ਫਰਾਰ ਹੋ ਗਏ। ਇਕ ਗੋਲੀ ਉਸ ਦੀ ਲੱਤ ਵਿਚ ਲੱਗੀ।
ਇਹ ਵੀ ਪੜ੍ਹੋ : ਗਮਗੀਨ ਮਾਹੌਲ 'ਚ ਹੋਇਆ ਕਤਲ ਕੀਤੇ ਕੱਪੜਾ ਵਪਾਰੀ ਦਾ ਸਸਕਾਰ, ਸ਼ਹਿਰ ਵਾਸੀਆਂ ਨੇ ਬਾਜ਼ਾਰ ਰੱਖੇ ਪੂਰਨ ਤੌਰ 'ਤੇ ਬੰਦ
ਇਸੇ ਤਰ੍ਹਾਂ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਫਗਵਾੜਆ ਦੇ ਅਧੀਨ ਆਉਂਦੇ ਪਿੰਡ ਪਾਸ਼ਟਾ ਵਿਚ ਕੇਸ ਵਾਪਸ ਨਾ ਲੈਣ 'ਤੇ ਬਦਮਾਸ਼ਾਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਜ਼ਖ਼ਮੀ ਸਤਪਾਲ ਦੇ ਅਨੁਸਾਰ ਉਸ ਨੂੰ ਵੀਰਵਾਰ ਸਵੇਰੇ ਫੋਨ ਕਰਕੇ ਲੱਕੜ ਟਾਲ 'ਤੇ ਬੁਲਾਇਆ ਗਿਆ ਸੀ। ਇਥੇ ਤਿੰਨ ਨੌਜਵਾਨਾਂ ਨੇ ਉਸ ਨੂੰ ਕੇਸ ਵਾਪਸ ਲੈਣ ਲਈ ਧਮਕਾਇਆ ਅਤੇ ਉਸ ਦੇ ਮਨ੍ਹਾ ਕਰਨ 'ਤੇ ਗੋਲੀ ਮਾਰ ਦਿੱਤੀ। ਗੋਲੀ ਸਤਪਾਲ ਦੇ ਹੱਥ ਵਿਚ ਲੱਗੀ। ਬਠਿੰਡਾ ਦੇ ਸੰਤਪੁਰਾ ਰੋਡ ਉਤੇ ਵੀਰਵਾਰ ਸ਼ਾਮ ਨੂੰ ਤਿੰਨ ਅਣਪਛਾਤੇ ਨੌਜਵਾਨਾਂ ਨੇ ਦੋ ਨੌਜਵਾਨ ਗੱਗੂ ਅਤੇ ਹਰਮਿੰਦਰ ਨੂੰ ਗੋਲੀ ਮਾਰ ਦਿੱਤੀ। ਤਲਵੰਡੀ ਸਾਬੋ ਵਿਚ ਕਾਰ ਸਵਾਰ ਗੁਰਪ੍ਰੀਤ ਸਿੰਘ 'ਤੇ ਗੋਲੀ ਚਲਾ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਸਹਿਮ ਦਾ ਮਾਹੌਲ! ਵਧ ਰਹੀਆਂ ਫਿਰੌਤੀ ਦੀਆਂ ਘਟਨਾਵਾਂ, ਪੈਸੇ ਨਾ ਦੇਣ 'ਤੇ ਹੋ ਰਹੇ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ