ਹਲਕੇ ਕੁੱਤੇ ਵੱਲੋਂ ਵੱਢਣ ਤੇ ਸੱਪ ਦੇ ਡੰਗਣ ਤੋਂ ਬਚਾਅ ਲਈ ਹਸਪਤਾਲ ''ਚ ਟੀਕੇ ਖਤਮ
Friday, Jan 26, 2018 - 12:40 AM (IST)
ਬਟਾਲਾ, (ਮਠਾਰੂ)- ਹਲਕੇ ਕੁੱਤੇ ਵੱਲੋਂ ਵੱਢਣ ਤੋਂ ਬਾਅਦ ਇਕ ਗਰੀਬ ਬਜ਼ੁਰਗ ਸਿਵਲ ਹਸਪਤਾਲ ਬਟਾਲਾ ਵਿਖੇ ਟੀਕਾ ਲਵਾਉਣ ਲਈ ਪਹੁੰਚਿਆ ਤਾਂ ਡਾਕਟਰਾਂ ਨੇ ਉਸ ਨੂੰ ਇਹ ਕਹਿ ਕੇ ਹਸਪਤਾਲ ਤੋਂ ਬਾਹਰ ਭੇਜ ਦਿੱਤਾ ਕਿ ਹਸਪਤਾਲ 'ਚ ਟੀਕੇ ਨਹੀਂ ਹਨ। ਉਪਰੰਤ ਪੀੜਤ ਸਭ ਦਾ ਭਲਾ ਹਿਊਮੈਨਿਟੀ ਕਲੱਬ ਦੇ ਮੁੱਖ ਸੰਚਾਲਕ ਤੇ ਸਮਾਜ ਸੇਵੀ ਨਵਤੇਜ ਸਿੰਘ ਗੁੱਗੂ ਕੋਲ ਪਹੁੰਚਿਆ।ਉਨ੍ਹਾਂ ਪਿੰਡ ਅਕਬਰਪੁਰਾ ਤੋਂ ਪਹੁੰਚੇ ਬਜ਼ੁਰਗ ਚਮਨ ਲਾਲ ਦੀ ਗੱਲ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਕਲੱਬ ਦੇ ਦੋ ਮੈਂਬਰਾਂ ਨੂੰ ਬਜ਼ੁਰਗ ਨਾਲ ਦੁਬਾਰਾ ਸਿਵਲ ਹਸਪਤਾਲ 'ਚ ਟੀਕਾ ਲਵਾਉਣ ਲਈ ਭੇਜਿਆ ਪਰ ਡਾਕਟਰਾਂ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਨਾ ਤਾਂ ਹਲਕੇ ਕੁੱਤੇ ਵੱਲੋਂ ਵੱਢਣ ਤੇ ਨਾ ਹੀ ਸੱਪ ਦੇ ਡੰਗਣ ਤੋਂ ਬਚਾਅ ਲਈ ਟੀਕੇ ਮੌਜੂਦ ਹਨ। ਉਪਰੰਤ ਨਵਤੇਜ ਸਿੰਘ ਗੁੱਗੂ ਨੇ ਤੁਰੰਤ ਬਜ਼ੁਰਗ ਨੂੰ ਆਪਣੇ ਮੈਡੀਕਲ ਸਟਾਫ਼ ਕੋਲੋਂ ਬਾਹਰੋਂ ਮੰਗਵਾ ਕੇ ਟੀਕਾ ਲਵਾ ਕੇ ਉਸ ਦੀ ਜਾਨ ਬਚਾਈ।ਇਸ ਦੌਰਾਨ ਨਵਤੇਜ ਗੁੱਗੂ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਤੇ ਡਾਕਟਰਾਂ ਵੱਲੋਂ ਗਰੀਬ ਮਰੀਜ਼ਾਂ ਦੀ ਲੁੱਟ-ਖਸੁੱਟ ਤੇ ਖੱਜਲ-ਖੁਆਰੀ ਕੀਤੀ ਜਾ ਰਹੀ ਹੈ, ਜਦਕਿ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਦਵਾਈਆਂ ਵੀ ਗਾਇਬ ਹੋ ਰਹੀਆਂ ਹਨ ਤੇ ਐਮਰਜੈਂਸੀ 'ਚ ਸੱਪ ਵੱਲੋਂ ਡੰਗੇ ਤੇ ਹਲਕਾਏ ਕੁੱਤੇ ਵੱਲੋਂ ਵੱਢੇ ਗਏ ਮਰੀਜ਼ਾਂ ਦੇ ਇਲਾਜ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਕੀ ਕਹਿਣੈ ਐੱਸ. ਐੱਮ. ਓ. ਦਾ
ਇਸ ਸੰਬੰਧੀ ਜਦੋਂ ਸਿਵਲ ਹਸਪਤਾਲ ਬਟਾਲਾ ਦੇ ਐੱਸ. ਐੱਮ. ਓ. ਡਾ. ਸੰਜੀਵ ਭੱਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਕ ਦਿਨ ਲਈ ਹਸਪਤਾਲ 'ਚ ਟੀਕੇ ਖਤਮ ਹੋ ਗਏ ਸਨ। ਅਗਲੇ ਦਿਨ ਐਮਰਜੈਂਸੀ ਵਿਚ ਇਹ ਟੀਕੇ ਮੰਗਵਾਏ ਗਏ ਹਨ। ਹਲਕੇ ਕੁੱਤੇ ਵੱਲੋਂ ਵੱਢੇ ਤੇ ਸੱਪ ਦੇ ਡੰਗੇ ਮਰੀਜ਼ਾਂ ਨੂੰ 9 ਤੋਂ 3 ਵਜੇ ਤੱਕ ਸਿਵਲ ਹਸਪਤਾਲ 'ਚ ਟੀਕੇ ਲਾਏ ਜਾਂਦੇ ਹਨ। ਜਦੋਂ ਉਨ੍ਹਾਂ ਨੂੰ ਐਮਰਜੈਂਸੀ ਵਿਚ ਇਹ ਜ਼ਰੂਰੀ ਟੀਕੇ ਮਰੀਜ਼ਾਂ ਨੂੰ ਲਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਟੀਕੇ ਮਹਿੰਗੇ ਹੁੰਦੇ ਹਨ, ਇਸ ਲਈ ਇਨ੍ਹਾਂ ਦਾ ਖਿਆਲ ਰੱਖਣਾ ਪੈਂਦਾ ਹੈ।
