ਐਡਵੋਕੇਟ ਨੇ ਗੈਂਗਸਟਰ ਦਾਸੂਵਾਲ ਨਾਲ ਮਿਲ ਆਪਣੇ ਹੀ ਭਰਾ ਕੋਲੋਂ ਮੰਗੀ ਫਿਰੌਤੀ; ਗ੍ਰਿਫਤਾਰ
Wednesday, Jun 11, 2025 - 10:30 PM (IST)

ਤਰਨਤਾਰਨ (ਰਮਨ ਚਾਵਲਾ, ਰਾਜੂ)- ਪੁਲਸ ਵਲੋਂ ਵਿਦੇਸ਼ ਵਿਚ ਬੈਠੇ ਗੈਂਗਸਟਰ ਨਾਲ ਮਿਲ ਕੇ ਆਪਣੇ ਹੀ ਐਕਸੀਅਨ ਭਰਾ ਪਾਸੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਇਕ ਐਡਵੋਕੇਟ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਦਾਅਵਾ ਕੀਤਾ ਹੈ ਕਿ ਗ੍ਰਿਫਤਾਰ ਮੁਲਜ਼ਮ ਨੇ ਗੈਂਗਸਟਰ ਨਾਲ ਮਿਲ ਕੇ ਨਾਮੀ ਬੈਂਕਾਂ ਅਤੇ ਹੋਰ ਲੋਕਾਂ ਨੂੰ ਲੁੱਟਣ ਦਾ ਪਲਾਨ ਤਿਆਰ ਕੀਤਾ ਸੀ, ਜਿਸ ਨੂੰ ਪੁਲਸ ਨੇ ਅਸਫਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਅਤੇ ਐਡਵੋਕੇਟ ਦਰਮਿਆਨ ਫਿਰੌਤੀ ਮੰਗਣ ਨੂੰ ਲੈ ਕੇ ਕੀਤੇ ਜਾਣ ਵਾਲੇ ਸੌਦੇ ਅਤੇ ਰਕਮ ਵਸੂਲਣ ਸਬੰਧੀ ਆਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ।
ਐੱਸ. ਐੱਸ. ਪੀ. ਫਿਰੋਜ਼ਪੁਰ, ਜਿਨ੍ਹਾਂ ਦੇ ਕੋਲ ਜ਼ਿਲਾ ਤਰਨਤਾਰਨ ਦਾ ਵਾਧੂ ਚਾਰਜ ਮੌਜੂਦ ਹੈ ਨੇ ਦੱਸਿਆ ਕਿ ਬੀਤੀ 8 ਮਾਰਚ ਨੂੰ ਐਡਵੋਕੇਟ ਬਰੂਨੋ ਧਵਨ ਨਿਵਾਸੀ ਪੱਟੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੇ ਭਰਾ ਨਵਦੀਪ ਧਵਨ, ਜੋ ਬਿਜਲੀ ਮਹਿਕਮੇ ਵਿਚ ਬਤੌਰ ਐਕਸੀਅਨ ਨੌਕਰੀ ਕਰਦਾ ਹੈ ਨੂੰ ਇਕ ਕਰੋੜ ਰੁਪਏ ਦੀ ਫਿਰੌਤੀ ਦੇਣ ਸਬੰਧੀ ਬੀਤੀ 22 ਫਰਵਰੀ ਸ਼ਾਮ ਫੋਨ ਕਾਲ ਰਾਹੀਂ ਧਮਕੀ ਆਈ ਸੀ। ਫੋਨ ਕਰਨ ਵਾਲੇ ਨੇ ਆਪਣਾ ਨਾਮ ਪ੍ਰਭ ਦਾਸੂਵਾਲ ਦੱਸਿਆ ਅਤੇ ਫਿਰੌਤੀ ਨਾ ਦੇਣ ਦੀ ਸੂਰਤ ’ਚ ਦੋਵਾਂ ਭਰਾਵਾਂ ਨੂੰ ਸਮੇਤ ਪਰਿਵਾਰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਐੱਸ. ਐੱਸ. ਪੀ ਸਿੱਧੂ ਨੇ ਦੱਸਿਆ ਕਿ ਇਸ ਤੋਂ ਬਾਅਦ ਬੀਤੀ 7 ਮਾਰਚ ਨੂੰ ਰਾਤ 11 ਵਜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਿਕਾਇਤਕਰਤਾ ਦੇ ਘਰ ਦੇ ਗੇਟ ’ਤੇ ਫਾਇਰਿੰਗ ਕੀਤੀ ਗਈ। ਇਸ ਮਾਮਲੇ ਦੀ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਐਡਵੋਕੇਟ ਬਰੂਨੋ ਧਵਨ ਦੇ ਸਬੰਧ ਵਿਦੇਸ਼ ਵਿਚ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਨਾਲ ਹਨ। ਐਡਵੋਕੇਟ ਬਰੂਨੋ ਧਵਨ ਨੇ ਗੈਂਗਸਟਰ ਨਾਲ ਮਿਲ ਕੇ ਆਪਣੇ ਹੀ ਭਰਾ ਪਾਸੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ।
ਐੱਸ.ਐੱਸ.ਪੀ ਨੇ ਦੱਸਿਆ ਕਿ ਐਡਵੋਕੇਟ ਦੇ ਪ੍ਰਭ ਦਾਸੂਵਾਲ ਨਾਲ ਬੀਤੇ ਕਰੀਬ ਚਾਰ ਮਹੀਨਿਆਂ ਤੋਂ ਸਬੰਧ ਹੋਣੇ ਪਾਏ ਗਏ ਹਨ, ਜਿਸ ਵੱਲੋਂ ਕਈ ਹੋਰ ਲੋਕਾਂ ਦੀਆਂ ਜਾਣਕਾਰੀਆਂ ਵੀ ਸਾਂਝੀਆਂ ਕਰਦੇ ਹੋਏ ਉਨ੍ਹਾਂ ਪਾਸੋਂ ਫਿਰੌਤੀ ਦੀਆਂ ਰਕਮਾਂ ਵਸੂਲ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਐਡਵੋਕੇਟ ਬਰੂਨੋ ਧਵਨ ਨੂੰ ਗ੍ਰਿਫਤਾਰ ਕਰਦੇ ਹੋਏ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e