ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੈਂਕੜੇ ਕਾਰਕੁੰਨ ਪੁਲਸ ਵੱਲੋਂ ਗ੍ਰਿਫਤਾਰ, ਥਾਣੇ ਡੱਕੇ

Tuesday, May 20, 2025 - 08:49 PM (IST)

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੈਂਕੜੇ ਕਾਰਕੁੰਨ ਪੁਲਸ ਵੱਲੋਂ ਗ੍ਰਿਫਤਾਰ, ਥਾਣੇ ਡੱਕੇ

ਭਵਾਨੀਗੜ੍ਹ (ਵਿਕਾਸ, ਕਾਂਸਲ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੰਗਰੂਰ ਨੇੜਲੇ ਬੀੜ ਐਸ਼ਵਨ ਦੀ 950 ਏਕੜ ਦੇ ਲੱਗਭਗ ਜ਼ਮੀਨ ’ਚ ਪਿੰਡ ਬੇਗਮਪੁਰਾ ਵਸਾਉਣ ਦੇ ਸਬੰਧ ’ਚ ਅੱਜ ਪਿੰਡ ਘਰਾਚੋਂ ਵਿਖੇ ਵੱਡੀ ਇਕੱਤਰਤਾ ਕੀਤੀ ਗਈ ਸੀ ਜਿੱਥੋਂ ਕਮੇਟੀ ਦੇ ਕਾਰਕੁੰਨਾਂ ਨੇ ਕਾਫਲੇ ਦੇ ਰੂਪ ’ਚ ਬੀੜ ਵਾਲੀ ਜਗ੍ਹਾ ’ਤੇ ਨੀਂਹ ਰੱਖਣ ਲਈ ਰਵਾਨਾ ਹੋਣਾ ਸੀ ਪਰ ਮੌਕੇ ’ਤੇ ਪਹੁੰਚੇ ਭਾਰੀ ਪੁਲਸ ਬਲ ਵੱਲੋਂ ਸੰਗਰੂਰ ਜਾਣ ਤੋਂ ਪਹਿਲਾਂ ਹੀ ਸੈਂਕੜੇ ਵਰਕਰਾਂ ਨੂੰ ਆਪਣੀ ਹਿਰਾਸਤ ’ਚ ਲੈ ਲਿਆ ਅਤੇ ਉਨ੍ਹਾਂ ਨੂੰ ਬੱਸਾਂ ਰਾਹੀਂ ਵੱਖ-ਵੱਖ ਥਾਣੇ ਚੌਕੀਆਂ ’ਚ ਲਿਜਾ ਕੇ ਡੱਕ ਦਿੱਤਾ।

ਇਸ ਤੋਂ ਇਲਾਵਾ ਸੂਤਰਾਂ ਮੁਤਾਬਕ ਪੁਲਸ ਪ੍ਰਸ਼ਾਸਨ ਨੇ ਬੀਤੀ ਰਾਤ ਤੋਂ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਮੇਤ ਹੋਰ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ’ਚ ਲੈਣਾ ਸ਼ੁਰੂ ਕਰ ਦਿੱਤਾ ਸੀ। ਕਮੇਟੀ ਦੇ ਸਰਗਰਮ ਕਾਰਕੁੰਨ ਰਾਮਪਾਲ ਸਿੰਘ ਬਾਲਦ ਕਲਾਂ, ਚਰਨਾ ਸਿੰਘ, ਭਿੰਦਾ ਸਿੰਘ ਬਾਲਦ ਕਲਾਂ, ਜੀਵਨ ਘਰਾਚੋਂ, ਕਾਲੂ ਸਿੰਘ ਘਰਾਚੋਂ, ਤਰਸੇਮ ਘਰਾਚੋਂ, ਸਤਨਾਮ ਸਿੰਘ ਫਤਿਹਗੜ੍ਹ ਭਾਦਸੋਂ, ਹਰਦੇਵ ਸਿੰਘ, ਸੁਖਵਿੰਦਰ ਸਿੰਘ ਬਟੜਿਆਣਾ, ਰਾਮਚੰਦ, ਬਲਵੀਰ ਸਿੰਘ, ਨਿਰਭੈ ਸਿੰਘ ਝਨੇੜੀ, ਕਰਨੈਲ ਸਿੰਘ ਜੌਲੀਆਂ ਆਦਿ ਨੂੰ ਪੁਲਸ ਨੇ ਉਨ੍ਹਾਂ ਦੇ ਘਰਾਂ ’ਚ ਛਾਪਾਮਾਰੀ ਕਰਦਿਆਂ ਚੁੱਕ ਲਿਆ।

ਮੰਗਲਵਾਰ ਤੜਕਸਾਰ ਤਾਇਨਾਤ ਹੋਈ ਭਾਰੀ ਪੁਲਸ ਫੋਰਸ ਨੇ ਇਲਾਕੇ ’ਚ ਥਾਂ-ਥਾਂ ਹਾਈਟੈੱਕ ਨਾਕੇ ਲਗਾ ਕੇ ਭਵਾਨੀਗੜ੍ਹ ਤੋਂ ਸੰਗਰੂਰ ਨੂੰ ਜਾਣ ਵਾਲੇ ਲੱਗਭਗ ਸਾਰੇ ਰਾਹਾਂ ਨੂੰ ਗੱਡੀਆਂ ਆਦਿ ਲਗਾ ਕੇ ਰੋਕ ਦਿੱਤਾ। ਪੁਲਸ ਦੀ ਭਾਰੀ ਨਾਕੇਬੰਦੀ ਦੇ ਚੱਲਦਿਆਂ ਆਮ ਲੋਕਾਂ ’ਚ ਦਹਿਸ਼ਤ ਦੇਖੀ ਗਈ ਉੱਥੇ ਕੰਮਕਾਜੀ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


author

Inder Prajapati

Content Editor

Related News