ਬੇਕਾਬੂ ਹੋ ਕੇ ਫੈਕਟਰੀ ਦੀ ਕੰਧ ਨਾਲ ਟਕਰਾਈ ਕਾਰ, ਨੌਜਵਾਨ ਦੀ ਮੌਤ
Friday, Nov 20, 2026 - 08:36 PM (IST)
ਸਮਰਾਲਾ (ਸਚਦੇਵਾ, ਵਰਮਾ): ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਚਹਿਲਾਂ ਨੇੜੇ ਬੀਤੀ ਰਾਤ ਕਾਰ ਬੇਕਾਬੂ ਹੋ ਕੇ ਇਕ ਫੈਕਟਰੀ ਦੀ ਕੰਧ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਵਿਚ ਕਾਰ ਸਵਾਰ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ 2 ਸਾਥੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਰਾਤ ਕਰੀਬ 11 ਵਜੇ ਸਮਰਾਲਾ ਵੱਲ ਮੁੜਨ ਵਾਲੇ ਕੱਟ ਨੇੜੇ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਚਾਹਲ ਉਰਫ਼ ਹੈਪੀ (38) ਵਾਸੀ ਪਿੰਡ ਚਹਿਲਾਂ ਵਜੋਂ ਹੋਈ ਹੈ, ਜਦਕਿ ਜ਼ਖ਼ਮੀਆਂ ਦੀ ਪਛਾਣ ਗਗਨ ਵਾਸੀ ਸਮਰਾਲਾ ਤੇ ਸੁਖਦੀਪ ਸਿੰਘ ਵਾਸੀ ਪਿੰਡ ਲੱਧੜਾਂ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੋਂ ਨੌਜਵਾਨ ਕਾਰ ਵਿਚ ਲੁਧਿਆਣਾ ਵਾਲੇ ਪਾਸਿਓਂ ਸਮਰਾਲਾ ਵੱਲ ਆ ਰਹੇ ਸਨ। ਪਿੰਡ ਚਹਿਲਾਂ ਨੇੜੇ ਸਮਰਾਲਾ ਵੱਲ ਮੁੜਨ ਵਾਲੇ ਕੱਟ ’ਤੇ ਪਹੁੰਚਣ ਦੌਰਾਨ ਕਾਰ ਚਾਲਕ ਗੱਡੀ ਤੋਂ ਸੰਤੁਲਨ ਗੁਆ ਬੈਠਾ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਚੰਡੀਗੜ੍ਹ ਰੋਡ ’ਤੇ ਸਥਿਤ ਇਕ ਫੈਕਟਰੀ ਦੀ ਕੰਧ ਨਾਲ ਜਾ ਟਕਰਾਈ। ਕਾਰ ਦੀ ਅਗਲੀ ਸੀਟ ’ਤੇ ਬੈਠੇ ਹਰਪ੍ਰੀਤ ਸਿੰਘ ਦੀ ਟੱਕਰ ਦੌਰਾਨ ਮੌਕੇ ’ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਪਹੁੰਚਾਇਆ। ਉੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਵੱਖ-ਵੱਖ ਹਸਪਤਾਲਾਂ ’ਚ ਰੈਫਰ ਕਰ ਦਿੱਤਾ ਗਿਆ। ਦੋਵੇਂ ਜ਼ਖ਼ਮੀ ਇਸ ਸਮੇਂ ਜੇਰੇ ਇਲਾਜ ਹਨ।
ਮਿਲਣਸਾਰ ਸੁਭਾਅ ਕਾਰਨ ਇਲਾਕੇ ’ਚ ਸੀ ਹਰਮਨ ਪਿਆਰਾ
ਹਰਪ੍ਰੀਤ ਸਿੰਘ ਸਮਰਾਲਾ ਨੇੜੇ ਆਈ.ਟੀ.ਆਈ. ਸਰਵਿਸ ਸਟੇਸ਼ਨ ਚਲਾਉਂਦਾ ਸੀ ਅਤੇ ਆਪਣੇ ਮਿਲਣਸਾਰ ਸੁਭਾਅ ਕਾਰਨ ਇਲਾਕੇ ’ਚ ਕਾਫ਼ੀ ਹਰਮਨ ਪਿਆਰਾ ਸੀ। ਉਸ ਦੀ ਬੇਵਕਤੀ ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਉਹ ਆਪਣੇ ਪਿੱਛੇ ਪਤਨੀ ਅਤੇ 4 ਸਾਲਾ ਧੀ ਛੱਡ ਗਿਆ ਹੈ। ਉਸ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ, ਜਦਕਿ ਭਰਾ ਕੈਨੇਡਾ ਵਿਚ ਰਹਿੰਦਾ ਹੈ। ਭਰਾ ਦੇ ਪਿੰਡ ਪਰਤਣ ਉਪਰੰਤ ਹਰਪ੍ਰੀਤ ਦਾ ਸਸਕਾਰ ਕੀਤਾ ਜਾਵੇਗਾ।
