Love Marriage ਕਰਵਾਉਣਾ ਚਾਹੁੰਦਾ ਸੀ ਜੋੜਾ; ਕੁੜੀ ਵਾਲਿਆਂ ਨੇ ਮੁੰਡੇ ਨੂੰ ਘਰ ਸੱਦ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ

Friday, Nov 20, 2026 - 06:37 PM (IST)

Love Marriage ਕਰਵਾਉਣਾ ਚਾਹੁੰਦਾ ਸੀ ਜੋੜਾ; ਕੁੜੀ ਵਾਲਿਆਂ ਨੇ ਮੁੰਡੇ ਨੂੰ ਘਰ ਸੱਦ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ

ਜਗਰਾਓਂ (ਮਾਲਵਾ): ਪ੍ਰੇਮ ਸਬੰਧਾਂ ਦੇ ਚੱਲਦਿਆਂ ਇਕ ਨੌਜਵਾਨ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੇ ਮਾਮਲੇ 'ਚ ਗੰਭੀਰ ਰੂਪ 'ਚ ਝੁਲਸੇ ਨੌਜਵਾਨ ਦੀ ਕਈ ਦਿਨ ਚੱਲੇ ਇਲਾਜ ਮਗਰੋਂ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਹਠੂਰ ਦੇ ਮੁੱਖ ਅਫ਼ਸਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਲੰਮਾ ਦੇ ਨੌਜਵਾਨ ਹਰਮਨਜੋਤ ਸਿੰਘ ਨੇ ਮੌਤ ਤੋਂ ਪਹਿਲਾਂ ਪੁਲਸ ਨੂੰ ਦਿੱਤੇ ਬਿਆਨਾਂ 'ਚ ਆਪਣੀ ਪ੍ਰੇਮਿਕਾ ਦੇ ਪਿਤਾ, ਉਸ ਦੇ ਦੋ ਭਰਾਵਾਂ ਅਤੇ ਇਕ ਹੋਰ ਵਿਅਕਤੀ, ਜੋ ਉਸ ਦੀ ਪ੍ਰੇਮਿਕਾ ਦਾ ਰਿਸ਼ਤੇਦਾਰ ਹੈ, ਉਨ੍ਹਾਂ ਨੇ ਉਸ ਉੱਪਰ ਪੈਟਰੋਲ ਪਾ ਕੇ ਅੱਗ ਲਗਾਉਣ ਅਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਸਨ। 

ਉਨ੍ਹਾਂ ਕਿਹਾ ਕਿ ਹਰਮਨਜੋਤ ਨੇ ਦੱਸਿਆ ਸੀ ਕਿ ਉਹ ਇਕ ਮਿਸਤਰੀ ਦਾ ਕੰਮ ਕਰਦਾ ਸੀ। ਉਸ ਦੇ ਪਿੰਡ ਜੱਟਪੁਰਾ ਦੀ ਰਹਿਣ ਵਾਲੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ। ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਦੇ ਸਨ ਅਤੇ ਵਿਆਹ ਕਰਵਾਉਣਾ ਚਾਹੁੰਦੇ ਸਨ। ਨੌਜਵਾਨ ਅਨੁਸਾਰ ਬੀਤੀ 9 ਨਵੰਬਰ ਨੂੰ ਸ਼ਾਮ ਕਰੀਬ 7:30 ਵਜੇ ਲੜਕੀ ਦੇ ਪਰਿਵਾਰ ਵੱਲੋਂ ਉਹ ਵਿਆਹ ਦੀ ਗੱਲਬਾਤ ਕਰਨ ਲਈ ਜੱਟਪੁਰਾ ਸਥਿਤ ਘਰ ਗਿਆ ਸੀ। ਜਦੋਂ ਉਹ ਉੱਥੇ ਪਹੁੰਚ ਕੇ ਘਰ ਦਾ ਗੇਟ ਖੜਕਾਉਣ ਲੱਗਾ ਤਾਂ ਲੜਕੀ ਦੇ ਪਿਤਾ ਨੇ ਉਸ ਨੂੰ ਜ਼ਬਰੀ ਘਰ ਦੇ ਅੰਦਰ ਖਿੱਚ ਲਿਆ ਤੇ ਉਸ ਉੱਪਰ ਪੈਟਰੋਲ ਛਿੜਕ ਦਿੱਤਾ। ਪ੍ਰੇਮਿਕਾ ਦੇ ਰਿਸ਼ਤੇਦਾਰ ਨੇ ਫੜਿਆ, ਪਿਤਾ ਨੇ ਅੱਗ ਲਾਈ, ਦੋਵੇਂ ਭਰਾਵਾਂ ਮਨਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਉਸ ਨੂੰ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਨੌਜਵਾਨ ਦੇ ਦੋਸ਼ਾਂ ਮੁਤਾਬਕ ਅੱਗ ਲਗਾਉਣ ਸਮੇਂ ਪ੍ਰੇਮਿਕਾ ਦੇ ਮਾਮੇ ਨੇ ਉਸ ਨੂੰ ਫੜਿਆ ਹੋਇਆ ਸੀ। ਅੱਗ ਦੀਆਂ ਲਪਟਾਂ ਵਿੱਚ ਉਨ੍ਹਾਂ ਨੇ ਲੜਕੀ ਉੱਪਰ ਸੁੱਟ ਦਿੱਤਾ, ਪਰ ਉਹ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਫ਼ੋਨ ਕਰਕੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਅਤੇ ਉਸ ਦਾ ਭਰਾ ਜਸਪ੍ਰੀਤ ਸਿੰਘ ਉਸ ਨੂੰ ਸਿਵਲ ਹਸਪਤਾਲ ਜਗਰਾਉਂ ਲੈ ਕੇ ਪਹੁੰਚਿਆ। 

ਉੱਥੇ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਤੇ ਫਿਰ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਪੀ.ਜੀ.ਆਈ. ਤੋਂ ਵਾਪਸ ਆਉਣ ਮਗਰੋਂ 10 ਨਵੰਬਰ ਨੂੰ ਉਸ ਨੂੰ ਫ਼ਰੀਦਕੋਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ। ਆਖ਼ਰਕਾਰ ਗੰਭੀਰ ਰੂਪ ਵਿੱਚ ਝੁਲਸਣ ਕਾਰਨ ਉਸ ਨੇ ਦਮ ਤੋੜ ਦਿੱਤਾ। ਥਾਣਾ ਹਠੂਰ ਦੇ ਏ.ਐੱਸ.ਆਈ. ਸੁਖਵਿੰਦਰ ਸਿੰਘ ਅਨੁਸਾਰ ਪੁਲਿਸ ਨੇ 11 ਨਵੰਬਰ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਪਹੁੰਚ ਕੇ ਡਾਕਟਰਾਂ ਦੀ ਰਾਇ ਲੈਣ ਤੋਂ ਬਾਅਦ ਹਰਮਨਜੋਤ ਸਿੰਘ ਦੇ ਬਿਆਨ ਦਰਜ਼ ਕੀਤੇ ਸਨ। ਨੌਜਵਾਨ ਦੇ ਹੱਥਾਂ ਦੀਆਂ ਸਾਰੀਆਂ ਉਂਗਲਾਂ ਉੱਪਰ ਪੱਟੀਆਂ ਬੱਝੀਆਂ ਹੋਣ ਕਾਰਨ ਉਹ ਬਿਆਨਾਂ ਹੇਠ ਦਸਤਖ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਆਪਣੇ ਖੱਬੇ ਪੈਰ ਦੇ ਅੰਗੂਠੇ ਦਾ ਨਿਸ਼ਾਨ ਲਗਾਇਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਸ ਦੇ ਬਿਆਨਾਂ ਦੇ ਆਧਾਰ 'ਤੇ ਲੜਕੀ ਦੇ ਪਿਤਾ, ਦੋ ਭਰਾਵਾਂ ਤੇ ਇਕ ਰਿਸ਼ਤੇਦਾਰ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 109, 3(5) ਅਤੇ 61(2) ਤਹਿਤ ਮਾਮਲਾ ਦਰਜ਼ ਕੀਤਾ ਸੀ ਤੇ ਹੁਣ ਧਾਰਾ 103 ਤਹਿਤ ਕਤਲ ਦੀ ਧਾਰਾ ਵੀ ਜੋੜ ਕੇ ਸੁਭਾਸ਼ ਕੁਮਾਰ, ਮਨਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦ ਕਿ ਚੌਥੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Anmol Tagra

Content Editor

Related News