ਤਾਜਪੁਰ ਰੋਡ ''ਤੇ ਵਾਪਰਿਆ ਭਿਆਨਕ ਹਾਦਸਾ, ਐਕਟਿਵਾ ਸਵਾਰ ਜਨਾਨੀ ਦੀ ਮੌਤ
Monday, Oct 05, 2020 - 06:15 PM (IST)

ਲੁਧਿਆਣਾ (ਰਿਸ਼ੀ) : ਥਾਣਾ ਡਵੀਜ਼ਨ ਨੰ.7 ਦੇ ਇਲਾਕੇ ਤਾਜਪੁਰ ਰੋਡ 'ਤੇ ਐਕਟਿਵਾ ਸਵਾਰ ਜਨਾਨੀ ਨੂੰ ਟਰੱਕ ਨੇ ਦਰੜ ਦਿੱਤਾ। ਹਾਦਸੇ ਵਿਚ ਜਨਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪਤਾ ਲੱਗਦੇ ਹੀ ਘਟਨਾ ਸਥਾਨ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਅਤੇ ਮ੍ਰਿਤਕਾ ਦੇ ਬੇਟੇ ਦੇ ਬਿਆਨ 'ਤੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।ਚੌਕੀ ਤਾਜਪੁਰ ਦੇ ਇੰਚਾਰਜ ਏ.ਐੱਸ.ਆਈ. ਇਕਬਾਲ ਸਿੰਘ ਮੁਤਾਬਕ ਮ੍ਰਿਤਕਾ ਦੀ ਪਛਾਣ ਗੁਰੂ ਅਰਜਨ ਦੇਵ ਨਗਰ ਦੀ ਰਹਿਣ ਵਾਲੀ ਕਮਲਜੀਤ ਕੌਰ (40) ਵਜੋਂ ਹੋਈ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਬੇਟੇ ਕਰਣਦੀਪ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰ ਲਗਭਗ 6.25 ਵਜੇ ਮਾਂ ਦਸਮੇਸ਼ ਡਾਇਰੀ 'ਤੇ ਦੁੱਧ ਲੈਣ ਗਈ ਸੀ। ਜਦੋਂ ਘਰ ਵਾਪਸ ਐਕਟਿਵਾ 'ਤੇ ਆ ਰਹੀ ਸੀ ਤਾਂ ਪਿੱਛੋਂ ਆਏ ਓਵਰ ਸਪੀਡ ਟਰੱਕ ਨੇ ਆਪਣੀ ਲਪੇਟ ਵਿਚ ਲੈ ਲਿਆ ਟਰੱਕ ਦੇ ਅਗਲੇ ਟਾਇਰ ਮਾਂ ਦੇ ਉੱਪਰੋਂ ਨਿਕਲ ਗਏ ਜਿਸ ਕਾਰਨ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਟਰੱਕ ਰਾਜਸਥਾਨ ਨੰਬਰ ਦਾ ਹੈ। ਉਸ ਦੇ ਡਰਾਈਵਰ ਦੀ ਪਛਾਣ ਕੀਤੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਦਾ ਦੋਸ਼ ਸੀ ਕਿ ਨਿਗਮ ਵੱਲੋਂ ਸਾਫ ਸਫਾਈ ਕਾਰਨ ਸੜਕ 'ਤੇ ਪਾਈਪਾਂ ਪਾਈਆਂ ਹੋਈਆਂ ਸਨ ਜਿਸ ਕਾਰਨ ਐਕਟਿਵਾ ਦਾ ਟਾਇਰ ਸਲਿੱਪ ਹੋਣ 'ਤੇ ਔਰਤ ਥੱਲੇ ਡਿੱਗੀ ਅਤੇ ਹਾਦਸਾ ਹੋ ਗਿਆ।