ਨਾਜਾਇਜ਼ ਗਰਭਪਾਤ ਕਰਨ ਵਾਲੀਆਂ ਦੋ ਔਰਤਾਂ ਗ੍ਰਿਫਤਾਰ , ਘਰ ''ਚ ਹੀ ਬਣਾ ਰੱਖਿਆ ਸੀ ਕਲੀਨਿਕ

Monday, May 04, 2020 - 01:16 PM (IST)

ਨਾਜਾਇਜ਼ ਗਰਭਪਾਤ ਕਰਨ ਵਾਲੀਆਂ ਦੋ ਔਰਤਾਂ ਗ੍ਰਿਫਤਾਰ , ਘਰ ''ਚ ਹੀ ਬਣਾ ਰੱਖਿਆ ਸੀ ਕਲੀਨਿਕ

ਸ਼ੇਰਪੁਰ (ਅਨੀਸ਼): ਇੱਥੋਂ ਦੇ ਨੇੜਲੇ ਪਿੰਡ ਬਾਲੀਆਂ ਵਿਖੇ ਇਕ ਔਰਤ ਵੱਲੋਂ ਆਪਣੇ ਘਰ 'ਚ ਹੀ ਗਰਭਵਤੀ ਔਰਤਾਂ ਦਾ ਨਾਜਾਇਜ਼ ਗਰਭਪਾਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।ਪੁਲਸ ਚੌਕੀ ਰਣੀਕੇ ਵਿਖੇ ਦਰਜ ਮਾਮਲੇ ਅਨੁਸਾਰ ਕੁਲਦੀਪ ਕੌਰ ਵਿਧਵਾ ਮੱਖਣ ਸਿੰਘ ਵਾਸੀ ਰਣੀਕੇ ਅਤੇ ਮਨਦੀਪ ਕੌਰ ਪਤਨੀ ਰਾਮ ਸਿੰਘ ਵਾਸੀ ਬਾਲੀਆਂ ਖਿਲਾਫ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਤੋਂ ਨਾਜਾਇਜ਼ ਗਰਭਪਾਤ ਬਦਲੇ ਮੋਟੇ ਪੈਸੇ ਵਸੂਲਣ ਦਾ ਦੋਸ਼ ਲੱਗਾ ਹੈ।

ਰਣੀਕੇ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਪ੍ਰਿਤਪਾਲ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਦੀਪ ਕੌਰ ਆਪਣੇ ਘਰ ਪਿੰਡ ਬਾਲੀਆਂ ਵਿਖੇ ਕੁਲਦੀਪ ਕੌਰ ਵਾਸੀ ਰਣੀਕੇ ਨਾਲ ਮਿਲ ਕੇ ਪਿਛਲੇ ਸਮੇਂ ਤੋਂ ਭਰੂਣ ਹੱਤਿਆ ਦਾ ਕੰਮ ਕਰਦੀ ਆ ਰਹੀ ਸੀ। ਅੱਜ ਪੁਲਸ ਵਲੋਂ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ਤੇ ਪੁਲਸ ਪਾਰਟੀ ਦੇ ਛਾਪੇ ਦੌਰਾਨ ਉਕਤ ਦੋਹਾਂ ਔਰਤਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਜਦੋਂ ਇਨ੍ਹਾਂ ਵਲੋਂ ਰਾਮਾ ਮੰਡੀ (ਬਠਿੰਡਾ) ਦੀ ਇਕ ਔਰਤ ਦਾ ਗਰਭਪਾਤ ਕੀਤਾ ਜਾ ਰਿਹਾ ਸੀ ਤਾਂ ਦੋਵੇਂ ਦੋਸ਼ੀ ਔਰਤਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਦੋਂ ਕਿ ਗਰਭਵਤੀ ਔਰਤ ਨੂੰ ਪੀੜਤ ਸਥਿਤੀ 'ਚ ਮੈਡੀਕਲ ਟੀਮ ਬੁਲਾ ਕੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ।ਦੋਵਾਂ ਔਰਤਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 1860/312 ,313, 315 ਅਤੇ 316 ਤਹਿਤ ਕਾਰਵਾਈ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਹਿਲਾ ਹੈੱਡ ਕਾਂਸਟੇਬਲ ਪਰਮਜੀਤ ਕੌਰ ,ਸਹਾਇਕ ਥਾਣੇਦਾਰ ਰਘਵਿੰਦਰ ਪਾਲ ਸਿੰਘ, ਹੌਲਦਾਰ ਪਰਮਵੀਰ ਸਿੰਘ, ਹੌਲਦਾਰ ਇੰਦਰਜੀਤ ਸਿੰਘ, ਹੌਲਦਾਰ ਨਿਰਮਲ ਸਿੰਘ ਕੱਟੂ, ਡਾ ਪਰਵਿੰਦਰ ਸਿੰਘ ਅਤੇ ਅਮਰਜੀਤ ਕੌਰ ਏ.ਐਨ.ਐਮ. ਵੀ ਟੀਮ 'ਚ ਸ਼ਾਮਲ ਸਨ ।


author

Shyna

Content Editor

Related News