ਨਾਜਾਇਜ਼ ਹਥਿਆਰਾਂ ਦੇ ਮਾਮਲੇ ’ਚ ਖੰਗਾਲਿਆ ਗੰਨ ਹਾਊਸ ਦਾ ਰਿਕਾਰਡ
Wednesday, Feb 12, 2020 - 03:18 PM (IST)
ਅਬੋਹਰ (ਸੁਨੀਲ) - ਵੱਖ-ਵੱਖ ਗੁੱਟਾਂ ਦੇ ਬਦਮਾਸ਼ਾਂ ਤੇ ਸ਼ਰਾਰਤੀ ਅਨਸਰਾਂ ਨੂੰ ਨਾਜਾਇਜ਼ ਹਥਿਆਰ ਤੇ ਕਾਰਤੂਸ ਉਪਲੱਬਧ ਕਰਵਾਉਣ ਦੇ ਮਾਮਲੇ ’ਚ ਫਾਜ਼ਿਲਕਾ ਪੁਲਸ ਨੇ ਅਬੋਹਰ ਵਾਸੀ 2 ਗੰਨ ਹਾਊਸ ਸੰਚਾਲਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ’ਚ ਮਾਮਲਾ ਦਰਜ ਕੀਤਾ ਹੈ। ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਦੇ ਨਿਰਦੇਸ਼ਾਂ ’ਤੇ ਏ. ਆਈ. ਜੀ. ਗੁਰਮੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਗਠਿਤ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਵਲੋਂ ਥਾਣਾ ਸਿਟੀ ਫਾਜ਼ਿਲਕਾ ’ਚ ਦਰਜ ਮੁਕੱਦਮੇ ’ਚ ਨਾਮਜ਼ਦ ਅਬੋਹਰ-ਫਾਜ਼ਿਲਕਾ ’ਚ ਹਥਿਆਰਾਂ ਦੀ ਦੁਕਾਨ ਦਾ ਸੰਚਾਲਨ ਕਰਨ ਵਾਲੇ ਹਰੀਸ਼ ਕੁਮਾਰ ਦੀ ਨਿਸ਼ਾਨਦੇਹੀ ’ਤੇ ਪੰਜਾਬ ਪੁਲਸ ਦੇ ਵਿਸ਼ੇਸ਼ ਦਸਤੇ ਨੇ ਦੁਰਗਾ ਗੰਨ ਹਾਊਸ ’ਤੇ ਦਬਿਸ਼ ਦਿੰਦੇ ਹੋਏ ਸਾਰਾ ਰਿਕਾਰਡ ਖੰਗਾਲਿਆ। ਵਰਣਨਯੋਗ ਹੈ ਕਿ ਸਿਟੀ ਫਾਜ਼ਿਲਕਾ ਦੀ ਪੁਲਸ ਨੇ ਮੁਕੱਦਮਾ ਨੰ. 35 ਤਹਿਤ ਹਰੀਸ਼ ਕੁਮਾਰ ਅਤੇ ਅਬੋਹਰ ਵਾਸੀ ਸੰਜੀਵ ਚਾਵਲਾ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਅੋਕੂ ਟੀਮ ਦੇ ਪੁਲਸ ਉਪ ਕਪਤਾਨ ਵਿਕ੍ਰਮਜੀਤ ਸਿੰਘ ਅਤੇ ਥਾਣਾ ਮੁਖੀ ਛਿੰਦਰਪਾਲ ਸਿੰਘ, ਨਗਰ ਥਾਣਾ ਨੰ. 1 ਮੁਖੀ ਚੰਦਰ ਸ਼ੇਖਰ ਸਮੇਤ ਹੋਰ ਅਧਿਕਾਰੀਆਂ ਨੇ ਸਵੇਰੇ 8 ਵਜੇ ਹਰੀਸ਼ ਦੀ ਨਿਸ਼ਾਨਦੇਹੀ ’ਤੇ ਉਸ ਦੀ ਸੀਤੋ ਰੋਡ ਸਥਿਤ ਬੰਦ ਪਈ ਦੁਰਗਾ ਗੰਨ ਹਾਊਸ ਦੁਕਾਨ ਦੇ ਤਾਲੇ ਖੁੱਲ੍ਹਵਾ ਕੇ ਕਰੀਬ 8 ਘੰਟਿਆਂ ਤੱਕ ਪੂਰਾ ਰਿਕਾਰਡ ਖੰਗਾਲਿਆ ਅਤੇ ਜਾਂਚ ਕੀਤੀ। ਬੀਤੇ ਦਿਨ ਅੋਕੂ ਟੀਮ ਵਲੋਂ ਹਰੀਸ਼ ਕੁਮਾਰ ਦੀ ਫਾਜ਼ਿਲਕਾ ’ਚ ਸਥਿਤ ਰਾਹੁਲ ਆਰਮਜ਼ ’ਤੇ ਜਾਂਚ ਕੀਤੀ ਗਈ ਤਾਂ ਉਥੋਂ ਬਿਨਾਂ ਬਿੱਲਾਂ ਦੇ ਹਥਿਆਰ ਵੇਚੇ ਜਾਣ ਅਤੇ ਫਰਜ਼ੀ ਬਿੱਲਾਂ ’ਤੇ ਕਾਰਤੂਸ ਦੇਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਅੋਕੂ ਟੀਮ ਨੇ ਉਨ੍ਹਾਂ ਦੀ ਇਹ ਦੁਕਾਨ ਸੀਲ ਕਰ ਦਿੱਤੀ ਅਤੇ ਅੱਜ ਉਨ੍ਹਾਂ ਦੀ ਅਬੋਹਰ ਸਥਿਤ ਦੁਕਾਨ ’ਚ ਵੀ ਆ ਕੇ ਰਿਕਾਰਡ ਖੰਗਾਲਿਆ।
ਇਸੇ ਮਾਮਲੇ ’ਚ ਨਾਮਜ਼ਦ ਵਿਸ਼ਾਲ ਗੰਨ ਹਾਊਸ ਅਬੋਹਰ ਦਾ ਸੰਚਾਲਕ ਸੰਜੀਵ ਚਾਵਲਾ ਵੀ ਅੱਜੇ ਤਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਸ ਵੱਲੋਂ ਉਸ ਦੇ ਟਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਬਾਅਦ ਦੁਪਹਿਰ ਹਰੀਸ਼ ਕੁਮਾਰ ਨੂੰ ਅੋਕੂ ਟੀਮ ਨੇ ਫਾਜ਼ਿਲਕਾ ਦੀ ਅਦਾਲਤ ’ਚ ਪੇਸ਼ ਕੀਤਾ। ਵਰਣਨਯੋਗ ਹੈ ਕਿ ਲਗਭਗ 4-5 ਸਾਲ ਪਹਿਲਾਂ ਵੀ ਮੁਹੱਲਾ ਆਨੰਦ ਨਗਰੀ ਗਲੀ ਨੰ. 1 ਵਾਸੀ ਹਰੀਸ਼ ਕੁਮਾਰ ਦੇ ਨਿਵਾਸ ’ਤੇ ਪੁਲਸ ਵੱਲੋਂ ਛਾਪੇਮਾਰੀ ਕਰ ਕੇ ਉਥੋਂ ਨਾਜਾਇਜ਼ ਹਥਿਆਰਾਂ ਦੇ ਨਾਲ-ਨਾਲ ਫਰਜ਼ੀ ਹਥਿਆਰ ਲਾਇਸੈਂਸ ਬਣਾਉਣ ਲਈ ਇਸਤੇਮਾਲ ਹੋਣ ਵਾਲੀਆਂ ਜਾਅਲੀ ਮੋਹਰਾਂ ਅਤੇ ਹੋਰ ਕਾਗਜ਼ਾਤ ਬਰਾਮਦ ਹੋਏ ਸੀ।