ਅਰਮਾਨ ਕਤਲ ਕਾਂਡ: ਪੁਛਗਿੱਛ ਦੌਰਾਨ ਦੋਸ਼ੀ ਸੁਨੀਲ ਨੇ ਕੀਤੇ ਅਹਿਮ ਖੁਲਾਸੇ
Tuesday, Nov 26, 2019 - 12:44 PM (IST)
![ਅਰਮਾਨ ਕਤਲ ਕਾਂਡ: ਪੁਛਗਿੱਛ ਦੌਰਾਨ ਦੋਸ਼ੀ ਸੁਨੀਲ ਨੇ ਕੀਤੇ ਅਹਿਮ ਖੁਲਾਸੇ](https://static.jagbani.com/multimedia/2019_11image_12_43_466098709abhh.jpg)
ਅਬੋਹਰ - ਅਬੋਹਰ ਵਿਖੇ ਫਾਇਨਾਂਸਰ ਦੇ ਲਾਪਤਾ ਹੋਏ ਪੁੱਤਰ ਅਰਮਾਨ ਦੀ ਲਾਸ਼ 36 ਦਿਨਾਂ ਬਾਅਦ ਸਥਾਨਕ ਮਲੋਟ ਰੋਡ ਓਵਰਬਿ੍ਰਜ ਨੇੜੇ ਦਫਨ ਕੀਤੀ ਹੋਈ ਗਲੀ-ਸੜੀ ਹਾਲਤ ’ਚ ਮਿਲੀ ਸੀ। ਅਰਮਾਨ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਸੁਨੀਲ ਕੁਮਾਰ ਉਰਫ ਸ਼ੀਲੂ ਪੁੱਤਰ ਸੋਹਨ ਲਾਲ ਅਤੇ ਪਵਨ ਕੁਮਾਰ ਉਰਫ ਅੰਕੀ ਪੁੱਤਰ ਫੂਲਚੰਦ ਨੂੰ ਕਾਬੂ ਕਰ ਲਿਆ ਗਿਆ ਸੀ, ਜੋ ਇਸ ਸਮੇਂ ਰਿਮਾਂਡ ’ਤੇ ਹਨ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗ ਰਹੇ ਹਨ, ਜਿਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਰਮਾਨ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ’ਚ ਉਕਤ ਨੌਜਵਾਨਾਂ ਤੋਂ ਇਲਾਵਾ ਹੋਰ ਵੀ ਕਈ ਲੋਕ ਹਨ।
ਜਾਣਕਾਰੀ ਅਨੁਸਾਰ ਅਗਵਾਕਾਰਾਂ ਨੇ ਜਿਹੜੇ ਮਕਾਨ ’ਚ ਅਰਮਾਨ ਦਾ ਕਤਲ ਕੀਤਾ ਸੀ, ਉਹ ਮਕਾਨ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਸੀ। ਪੁਛਗਿੱਛ ਦੌਰਾਨ ਅਗਵਾਕਰਤਾ ਸੁਨੀਲ ਨੇ ਹੈਰਾਨੀਜਨਕ ਖੁਲਾਸੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਮਕਾਨ ਆਪਣੇ ਜੀਜੇ ਨੂੰ 3 ਮਹੀਨੇ ਪਹਿਲਾਂ ਕਿਰਾਏ ’ਤੇ ਦਿੱਤਾ ਸੀ। ਸੁਨੀਲ ਨੇ ਬਿਜਲੀ ਉਤਪਾਦ ਦਾ ਗੁਦਾਮ ਖੋਲ੍ਹਣ ਲਈ ਜੀਜੇ ਤੋਂ ਇਸ ਘਰ ਦੀ ਚਾਬੀ ਲਈ ਸੀ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਸਿੱਟੀ-2 ਦੇ ਐੱਸ. ਐੱਚ. ਓ. ਸੁਨੀਲ ਕੁਮਾਰ ਨੇ ਕਿਹਾ ਕਿ ਦੋਸ਼ੀਆਂ ਨੇ ਅਰਮਾਨ ਨੂੰ ਅਗਵਾ ਕਰਕੇ ਉਸ ਨੂੰ ਇਸ ਮਕਾਨ ’ਚ ਰੱਖਣ ਦੀ ਯੋਜਨਾ ਬਣਾਈ ਸੀ ਪਰ ਜਦੋਂ ਉਸ ਨੇ ਫੇਸਬੁੱਕ ਪੇਜ਼ ’ਤੇ ਬਲਜਿੰਦਰ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਪੁਲਸ ਨੇ ਗਿ੍ਫਤਾਰ ਕਰ ਲਿਆ।