ਡੇਅਰੀ ਫਾਰਮਿੰਗ ’ਚ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਦੀ ਸਮਰੱਥਾ : ਕੁਲਦੀਪ ਧਾਲੀਵਾਲ
Monday, Jun 27, 2022 - 08:33 PM (IST)
ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ’ਚ ਡੇਅਰੀ ਵਿਕਾਸ ਖੇਤਰ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਮੂਲ ਦੇ ਨਾਂ ਨਾਲ ਜਾਣੇ ਜਾਂਦੇ ਆਨੰਦ ਮਿਲਕ ਯੂਨੀਅਨ ਲਿਮਟਿਡ (ਗੁਜਰਾਤ) ਦੇ ਬੋਰਡ ਆਫ਼ ਡਾਇਰੈਕਟਰਜ਼ ਨਾਲ ਮੁਲਾਕਾਤ ਕੀਤੀ। ਮੰਤਰੀ ਨੇ 'ਅਮੂਲ ਡੇਅਰੀ' ਦੇ ਬਿਹਤਰ ਤਜਰਬਿਆਂ ਤੋਂ ਸਿੱਖਣ ਦੀ ਡੂੰਘੀ ਇੱਛਾ ਜ਼ਾਹਿਰ ਕੀਤੀ ਤਾਂ ਜੋ ਸੂਬੇ ਦੇ 3 ਲੱਖ ਤੋਂ ਵੱਧ ਡੇਅਰੀ ਕਿਸਾਨਾਂ ਨੂੰ ਲਾਭ ਮਿਲ ਸਕੇ। ਮੀਟਿੰਗ ਦਾ ਮੁੱਖ ਮੰਤਵ ਵੇਰਕਾ ਵੱਲੋਂ ਚਲਾਈਆਂ ਜਾ ਰਹੀਆਂ 7300 ਮਿਲਕ ਸੋਸਾਇਟੀਆਂ ਨਾਲ ਜੁੜੇ ਪੰਜਾਬ ਦੇ ਡੇਅਰੀ ਕਿਸਾਨਾਂ ਨੂੰ ਅਮੂਲ ਦੀਆਂ ਨਵੀਨਤਾਕਾਰੀ ਮਾਰਕੀਟਿੰਗ ਰਣਨੀਤੀਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਸੀ ਤਾਂ ਜੋ ਉਨ੍ਹਾਂ ਦੇ ਉਤਪਾਦਾਂ ਦੇ ਮੁੱਲ ’ਚ ਵਾਧਾ ਯਕੀਨੀ ਬਣਾਇਆ ਜਾ ਸਕੇ ਅਤੇ ਕੁਝ ਨਵੇਂ ਉਤਪਾਦ ਲਿਆਂਦੇ ਜਾ ਸਕਣ।
ਇਹ ਵੀ ਪੜ੍ਹੋ : ਤਬੀਅਤ ਖ਼ਰਾਬ ਹੋਣ ਮਗਰੋਂ ਸਿਮਰਨਜੀਤ ਮਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ, ਸਮਰਥਕਾਂ ਨੂੰ ਕੀਤੀ ਇਹ ਅਪੀਲ
ਘਰੇਲੂ ਡੇਅਰੀ ਫਾਰਮਿੰਗ ਦੇ ਸੰਕਲਪ ’ਤੇ ਜ਼ੋਰ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਸ ਖੇਤਰ ’ਚ ਅੱਗੇ ਵਧੇਰੇ ਸੰਭਾਵਨਾਵਾਂ ਹਨ ਅਤੇ ਡੇਅਰੀ ਫਾਰਮਿੰਗ ਨੂੰ ਹੁਲਾਰਾ ਦੇਣ ਲਈ ਇਸ ਨੂੰ ਵਰਤਣ ਦੀ ਲੋੜ ਹੈ, ਜਿਸ ਨਾਲ ਸਹਿਕਾਰਤਾ ਲਹਿਰ ਨੂੰ ਵੀ ਮਜ਼ਬੂਤੀ ਮਿਲੇਗੀ। ਮੰਤਰੀ ਨੇ ਕਿਹਾ, ‘‘ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਇਸ ਨਵੇਂ ਸੰਕਲਪ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਕਿਉਂਕਿ ਇਹ ਪਰਿਵਾਰ ਦੀ ਆਮਦਨ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸਸ਼ਕਤੀਕਰਨ ਵਿਚ ਵੀ ਮਦਦ ਕਰੇਗਾ।’’ ਉਨ੍ਹਾਂ ਅੱਗੇ ਕਿਹਾ ਕਿ ਡੇਅਰੀ ਫਾਰਮਿੰਗ ਸੈਕਟਰ ਵਿੱਚ ਮੌਜੂਦਾ ਨਾਲੋਂ ਬਿਹਤਰ ਕੰਮ ਕਰਨ ਦੀ ਸਮਰੱਥਾ ਹੈ।
ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ, ਜਾਣੋ ਕੀ ਰਹੇ ਵੱਡੇ ਕਾਰਨ
ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਵਿਧਾਇਕ (ਬੋਰਸਦ) ਅਤੇ ਮੈਂਬਰ ਬੋਰਡ ਆਫ਼ ਡਾਇਰੈਕਟਰਜ਼ ਅਮੂਲ ਡੇਅਰੀ ਰਾਜਿੰਦਰ ਸਿੰਘ ਧੀਰ ਸਿੰਘ ਪਰਮਾਰ, ਵਿਧਾਇਕ (ਆਨੰਦ) ਮੈਂਬਰ ਬੋਰਡ ਆਫ਼ ਡਾਇਰੈਕਟਰਜ਼ ਅਮੂਲ ਡੇਅਰੀ ਕਾਂਤੀਭਾਈ ਮਨੀਭਾਈ ਸੋਢਾ ਪਰਮਾਰ, ਐਮਡੀ ਅਮੂਲ ਡੇਅਰੀ ਅਮਿਤ ਵਿਆਸ, ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਕਾਸ ਪ੍ਰਤਾਪ, ਡਾਇਰੈਕਟਰ ਪਸ਼ੂ ਪਾਲਣ ਡਾ. ਸੁਭਾਸ਼ ਚੰਦਰ, ਡਾਇਰੈਕਟਰ ਡੇਅਰੀ ਵਿਕਾਸ ਕੁਲਦੀਪ ਸਿੰਘ ਅਤੇ ਡੀਨ, ਕਾਲਜ ਆਫ਼ ਡੇਅਰੀ ਸਾਇੰਸਜ਼, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਡਾ: ਰਮਣੀਕ ਮੌਜੂਦ ਸਨ।