ਆਪ ਵਿਧਾਇਕਾ ਸਰਬਜੀਤ ਮਾਣੂੰਕੇ ਨੇ ਵਿਰੋਧੀ ਪਾਰਟੀਆਂ ਦੀ ਕਾਰਗੁਜ਼ਾਰੀ ''ਤੇ ਖੜ੍ਹੇ ਕੀਤੇ ਸਵਾਲ
Tuesday, Jun 09, 2020 - 11:29 AM (IST)
ਗੁਰਾਇਆ(ਮੁਨੀਸ਼) : ਆਮ ਆਦਮੀ ਪਾਰਟੀ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਸੋਮਵਾਰ ਨੂੰ ਗੁਰਾਇਆ ਪਹੁੰਚੀ ਜਿਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨਾਲ ਮੀਟਿੰਗ ਕੀਤੀ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਕਾਰਨ ਜਲੰਧਰ ਲੋਕ ਸਭਾ ਲਈ ਇੰਚਾਰਜ ਨਿਯੁਕਤ ਕੀਤੀ ਗਈ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਇਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਤਾਲਾਬੰਦੀ ਅਤੇ ਕਰਫਿਊ ਦੌਰਾਨ ਪੰਜਾਬ ਦੀ ਕੈਪਟਨ ਸਰਕਾਰ ਪੂਰੀ ਤਰ੍ਹਾਂ ਫ਼ੇਲ ਹੋ ਚੁੱਕੀ ਹੈ। ਲੋਕਾਂ ਤੱਕ ਨਾ ਤਾਂ ਸਹੀ ਢੰਗ ਨਾਲ ਰਾਸ਼ਨ ਪਹੁੰਚਿਆ ਹੈ ਅਤੇ ਨਾ ਹੀ ਸਰਕਾਰ ਵੱਲੋਂ ਕਿਸੇ ਵਰਗ ਨੂੰ ਕੋਈ ਰਿਆਇਤ ਦਿੱਤੀ ਗਈ ਹੈ।ਇਸ ਦੇ ਨਾਲ ਹੀ ਬੀਜ ਘੁਟਾਲੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਸਾਰੇ ਘਪਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਹ ਕੰਮ ਜੋ ਅਕਾਲੀ ਦਲ ਦੀ ਸਰਕਾਰ ਵਿਚ ਹੋਇਆ ਸੀ ਉਹ ਹੀ ਕੰਮ ਕੈਪਟਨ ਸਰਕਾਰ ਵਿਚ ਹੋਇਆ ਹੈ, ਜਿਸ ਨੂੰ ਕਿ ਇਨ੍ਹਾਂ ਦੀ ਪ੍ਰਾਪਤੀ ਹੀ ਕਿਹਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿਤੈਸ਼ੀ ਜਿਹੜੇ ਆਗੂ 'ਆਪ' ਵਿਚ ਆਉਣਾ ਚਾਹੁੰਦੇ ਹਨ, ਪਾਰਟੀ ਵਲੋਂ ਉਨ੍ਹਾਂ ਦਾ ਸਵਾਗਤ ਹੈ।ਇਸ ਦੇ ਨਾਲ ਹੀ ਹਰ ਪਾਰਟੀ 'ਚ ਸਿੱਧੂ ਦੀ ਮੰਗ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਸਿੱਧੂ ਬਾਰੇ ਅਜਿਹੇ ਸਵਾਲ ਕਿਉਂ ਖੜ੍ਹੇ ਕੀਤੇ ਜਾ ਰਹੇ ਹਨ। ਇਸ ਦਾ ਸਵਾਲ ਸਿੱਧੂ ਨੂੰ ਹੀ ਪੁੱਛਣਾ ਚਾਹੀਦਾ ਹੈ ਕਿਉਂਕਿ ਸਿੱਧੂ ਹੀ ਇਸ ਮਾਮਲੇ 'ਤੇ ਬਿਹਤਰ ਤਰੀਕੇ ਨਾਲ ਜਵਾਬ ਦੇ ਸਕਦੇ ਹਨ।