‘ਆਪ’ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Monday, Apr 04, 2022 - 04:18 PM (IST)
ਲਹਿਰਾਗਾਗਾ (ਗਰਗ) : ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫੋਨ ਕਰਕੇ ਦੋ ਦਿਨਾਂ ’ਚ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ। ਅੱਜ ਪ੍ਰੈੱਸ ਦੇ ਰੂ-ਬ-ਰੂ ਹੁੰਦਿਆਂ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.10 ਵਜੇ ਉਨ੍ਹਾਂ ਦੇ ਫੋਨ ’ਤੇ ਕਿਸੇ ਵਿਅਕਤੀ ਨੇ ਫੋਨ ਕੀਤਾ, ਜੋ ਉਨ੍ਹਾਂ ਦੇ ਪੀ. ਏ. ਰਾਕੇਸ਼ ਕੁਮਾਰ ਗੁਪਤਾ (ਵਿੱਕੀ) ਨੇ ਚੁੱਕਿਆ ਤਾਂ ਵਿਅਕਤੀ ਨੇ ਗਾਲ੍ਹਾਂ ਕੱਢਣ ਤੋਂ ਬਾਅਦ ਕਿਹਾ ਕਿ ਮੈਂ ਐੱਮ. ਐੱਲ. ਏ. ਵਕੀਲ ਨੂੰ ਗੋਲੀ ਮਾਰ ਕੇ ਮਾਰ ਦੇਵਾਂਗਾ ਅਤੇ ਇਸ ਤੋਂ ਇਲਾਵਾ ਹੋਰ ਵੀ ਘਟੀਆ ਸ਼ਬਦਾਵਲੀ ਵਰਤੀ ਗਈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਤੇ ਪਿਛਲੇ ਤੀਹ ਸਾਲਾਂ ਤੋਂ ਉਹ ਅਜਿਹੇ ਸਿਸਟਮ ’ਚੋਂ ਗੁਜ਼ਰ ਚੁੱਕੇ ਹਨ। ਉਹ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਵੀ ਸੰਘਰਸ਼ ਜਾਂ ਕੁਰਬਾਨੀ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਇਹ ਵੀ ਪੜ੍ਹੋ : DJ ’ਤੇ ਵੱਜਦੇ ਲੱਚਰ ਤੇ ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ADGP ਵੱਲੋਂ ਨਵੇਂ ਹੁਕਮ (ਵੀਡੀਓ)
ਦੂਜੇ ਪਾਸੇ ਉਕਤ ਮਾਮਲੇ ’ਤੇ ਵਿਧਾਇਕ ਬਰਿੰਦਰ ਗੋਇਲ ਦੇ ਪੀ. ਏ. ਰਾਕੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਜਿਸ ਨੰਬਰ ਤੋਂ ਵਿਧਾਇਕ ਨੂੰ ਧਮਕੀ ਦਿੱਤੀ ਗਈ ਹੈ। ਉਸ ਦੀ ਜਾਣਕਾਰੀ ਐੱਸ. ਐੱਚ. ਓ. ਤੇ ਡੀ.ਐੱਸ.ਪੀ. ਨੂੰ ਦੇ ਦਿੱਤੀ ਗਈ ਹੈ। ਫੋਨ ਕਰਨ ਵਾਲੇ ਵਿਅਕਤੀ ਨੇ ਗਾਲ੍ਹਾਂ ਕੱਢਣ ਤੋਂ ਇਲਾਵਾ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਉਹ ਦੋ ਦਿਨਾਂ ’ਚ ਵਿਧਾਇਕ ਵਕੀਲ ਨੂੰ ਗੋਲੀ ਮਾਰ ਦੇਵੇਗਾ। ਫੋਨ ਕਰਨ ਵਾਲੇ ਵਿਅਕਤੀ ਨੇ ਮੈਨੂੰ ਵੀ ਬੁਰਾ-ਭਲਾ ਕਿਹਾ ਤੇ ਗਾਲ੍ਹਾਂ ਕੱਢੀਆਂ। ਉਹ ਖ਼ੁਦ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਪੂਰੀ ਤਰ੍ਹਾਂ ਸੁਚੇਤ ਹੋ ਗਏ ਹਨ।
ਇਹ ਵੀ ਪੜ੍ਹੋ ; ਹੁਸ਼ਿਆਰਪੁਰ ਦੇ SSP ਨਿੰਬਾਲੇ ਦੇ ਤਬਾਦਲੇ ’ਤੇ ਭਖ਼ੀ ਸਿਆਸਤ, ਕਾਂਗਰਸੀ ਵਿਧਾਇਕਾਂ ਨੇ ਚੁੱਕੇ ਸਵਾਲ
ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਪੁਲਸ : ਡੀ.ਐੱਸ.ਪੀ.
ਉਕਤ ਮਾਮਲੇ ’ਤੇ ਡੀ.ਐੱਸ.ਪੀ. ਮਨੋਜ ਗੋਰਸੀ ਨੇ ਕਿਹਾ ਕਿ ਕਿਸੇ ਵਿਅਕਤੀ ਵੱਲੋਂ ਵਿਧਾਇਕ ਨੂੰ ਧਮਕੀ ਦੇਣ ਦੀ ਜਾਣਕਾਰੀ ਉਨ੍ਹਾਂ ਨੂੰ ਮਿਲ ਚੁੱਕੀ ਹੈ। ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਫੋਨ ਦੀ ਲੋਕੇਸ਼ਨ ਅਤੇ ਵਿਅਕਤੀ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ ਤੇ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।