ਆਪ ਆਗੂ ਦੇਵ ਮਾਨ ਨੇ ਥਾਣਾ ਭਾਦਸੋਂ ਦੀ ਰੈਪਿਡ ਗੱਡੀ ''ਤੇ ਚੁੱਕੇ ਸਵਾਲ
Sunday, Oct 03, 2021 - 08:07 PM (IST)
ਭਾਦਸੋਂ(ਅਵਤਾਰ)- ਨਾਭਾ ਹਲਕੇ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ ਅਕਸਰ ਹੀ ਕਿਸੇ ਨਾ ਕਿਸੇ ਮੁੱਦੇ 'ਤੇ ਸੁਰਖੀਆਂ ਵਿੱਚ ਛਾਏ ਰਹਿੰਦੇ ਹਨ। ਜਿਸ ਦੀ ਉਦਾਹਰਨ ਅੱਜ ਭਾਦਸੋਂ ਵਿਖੇ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਥਾਣਾ ਭਾਦਸੋਂ ਦੀ ਪਾਇਲਟ ਰੈਪਿਡ ਗੱਡੀ ਧਰਮਸੋਤ ਨੂੰ ਲੈ ਕੇ ਭਾਦਸੋਂ ਪੁੱਜੀ ਤਾਂ ਮੌਕੇ 'ਤੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਨਾਭਾ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਨੇ ਭਾਦਸੋਂ ਪੁਲਸ ਵੱਲੋਂ ਧਰਮਸੋਤ ਨੂੰ ਦਿੱਤੀ ਜਾਂਦੀ ਸਹੂਲਤ ਬਾਰੇ ਥਾਣਾ ਮੁਖੀ ਨਾਲ ਸੁਖਦੇਵ ਸਿੰਘ ਦੀ ਇਸ ਕਾਰਗੁਜਾਰੀ 'ਤੇ ਸਵਾਲ ਖੜੇ ਕੀਤੇ। ਦੇਵ ਮਾਨ ਨੇ ਮੌਕੇ 'ਤੇ ਪੁੱਜੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਧਾਇਕ ਧਰਮਸੋਤ ਅੱਜ ਵੀ ਕੈਬਨਿਟ ਮੰਤਰੀ ਵਾਲੇ ਸਾਹੀ ਠਾਠ ਦਾ ਨਿੱਘ ਮਾਣ ਰਹੇ ਹਨ ਜਦਕਿ ਪ੍ਰੋਟੋਕੋਲ ਮੁਤਾਬਕ ਸਿਰਫ ਮੰਤਰੀ ਪੱਧਰ 'ਤੇ ਹੀ ਲੋਕਲ ਥਾਣੇ ਵੱਲੋਂ ਪੁਲਸ ਮੁਲਾਜਮ ਗੱਡੀ ਸਮੇਤ ਭੇਜੇ ਜਾਂਦੇ ਹਨ ਪਰ ਹੁਣ ਧਰਮਸੋਤ ਜੋ ਕਿ ਸਿਰਫ ਵਿਧਾਇਕ ਹੀ ਹਨ ਅਤੇ ਉਨ੍ਹਾਂ ਦੀ ਚਾਪਲੂਸੀ ਕਰਨ ਲਈ ਪੁਲਸ ਵੱਲੋਂ ਰੈਪਿਡ ਗੱਡੀ ਮੁਲਾਜਮਾਂ ਸਮੇਤ ਭੇਜ ਕੇ ਉਲੰਘਣਾ ਕੀਤੀ ਜਾ ਰਹੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਖੁਦ ਦੀ ਨਿੱਜੀ ਸਿਕਿਓਰਟੀ ਵੀ ਘਟਾ ਦਿੱਤੀ ਹੈ। ਦੇਵ ਮਾਨ ਨੇ ਪੁਲਸ ਦੀ ਕਾਰਗੁਜਾਰੀ 'ਤੇ ਸਵਾਲੀ ਚਿੰਨ ਖੜੇ ਕੀਤੇ ਹਨ।
ਇਹ ਵੀ ਪੜ੍ਹੋ- ਸਿੱਧੂ ਦੀ ਨਾਰਾਜ਼ਗੀ ਬਰਕਰਾਰ, AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਮੁੜ ਕੀਤਾ ਧਮਾਕੇਦਾਰ ਟਵੀਟ
ਬਿਨਾਂ ਨੰਬਰੀ ਪੁਲਸ ਦੀ ਰੈਪਿਡ ਗੱਡੀ ਚਰਚਾ ’ਚ
ਸਥਾਨਕ ਸਹਿਰ ਵਿੱਚ ਥਾਣਾ ਭਾਦਸੋਂ ਪੁਲਸ ਦੀ ਬਿਨਾਂ ਨੰਬਰੀ ਰੈਪਿਡ ਗੱਡੀ ਜੋ ਕਿ ਵਿਧਾਇਕ ਨੂੰ ਹਲਕੇ ਅੰਦਰ ਲੈ ਕੇ ਤੇ ਛੱਡਣ ਜਾਂਦੀ ਹੈ, ਅੱਜ ਕੱਲ ਚਰਚਾ ਵਿੱਚ ਹੈ। ਲੋਕਾਂ ਵਿੱਚ ਇਹ ਚਰਚਾ ਹੈ ਕਿ ਭਾਦਸੋਂ ਬਸ ਸਟੈਂਡ 'ਤੇ ਪੁਲਸ ਵੱਲੋਂ ਬਿਨਾਂ ਨੰਬਰੀ ਵਾਹਨਾਂ ਦੇ ਚਲਾਨ ਕੀਤੇ ਜਾਂਦੇ ਹਨ, ਪਰੰਤੂ ਪੁਲਸ ਦੀ ਆਪਣੀ ਹੀ ਬਿਨਾਂ ਨੰਬਰੀ ਰੈਪਿਡ ਗੱਡੀ ਰੋਡ 'ਤੇ ਚੱਲ ਰਹੀ ਹੈ।
ਕੀ ਕਹਿੰਦੇ ਹਨ ਥਾਣਾ ਮੁਖੀ- ਇਸ ਬਾਰੇ ਜਦੋਂ ਥਾਣਾ ਮੁਖੀ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਤਰੀ ਨੂੰ ਸਕਿਉਰਿਟੀ ਦੇਣਾ ਸਾਡਾ ਫਰਜ਼ ਹੈ ਜਦੋਂ ਨੰਬਰ ਪਲੇਟ ਟੁੱਟੀ ਹੋਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ ।