''ਰਿਫਰੈਂਡਮ-2020'' ਦਾ ਸਮਰਥਨ ਨਹੀਂ ਕਰਦੀ ਆਮ ਆਦਮੀ ਪਾਰਟੀ

Sunday, Jun 17, 2018 - 08:12 AM (IST)

''ਰਿਫਰੈਂਡਮ-2020'' ਦਾ ਸਮਰਥਨ ਨਹੀਂ ਕਰਦੀ ਆਮ ਆਦਮੀ ਪਾਰਟੀ

ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਪੱਸ਼ਟ ਕੀਤਾ ਕਿ ਪਾਰਟੀ 'ਰਿਫਰੈਂਡਮ 2020 ਮੁਹਿੰਮ' ਦਾ ਪ੍ਰਤੱਖ ਜਾਂ ਅਪ੍ਰਤੱਖ ਤੌਰ 'ਤੇ ਕਿਸੇ ਕਿਸਮ ਦਾ ਸਮਰਥਨ ਨਹੀਂ ਕਰਦੀ। 'ਆਪ' ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਮਾਲਵਾ ਜ਼ੋਨ-1 ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ, ਮਾਲਵਾ ਜ਼ੋਨ-2 ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਅਤੇ ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਫ਼ ਸ਼ਬਦਾਂ 'ਚ ਸਪੱਸ਼ਟ ਕਰਦੀ ਹੈ ਕਿ ਪਾਰਟੀ ਭਾਰਤੀ ਸੰਵਿਧਾਨ, ਦੇਸ਼ ਦੀ ਪ੍ਰਭੂਸੱਤਾ ਅਤੇ ਏਕਤਾ-ਅਖੰਡਤਾ 'ਚ ਪੂਰਨ ਵਿਸ਼ਵਾਸ ਰੱਖਦੀ ਹੈ, ਇਸ ਲਈ ਪਾਰਟੀ ਦੇਸ਼ ਨੂੰ ਵੰਡਣ ਜਾਂ ਤੋੜਨ ਵਾਲੇ ਕਿਸੇ ਵੀ ਪ੍ਰਕਾਰ ਦੇ 'ਰਿਫਰੈਂਡਮ' 'ਚ ਨਾ ਯਕੀਨ ਰੱਖਦੀ ਅਤੇ ਨਾ ਹੀ ਸਮਰਥਨ ਕਰਦੀ ਹੈ।
ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ 'ਰਿਫਰੈਂਡਮ 2020' ਦਾ ਸਮਰਥਨ ਕੀਤੇ ਜਾਣ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਪਾਰਟੀ ਦੇ ਉਪਰੋਕਤ ਆਗੂਆਂ ਨੇ ਕਿਹਾ ਕਿ 'ਜਨਮਤ 2020' ਨੂੰ ਹਮਾਇਤ ਸੁਖਪਾਲ ਸਿੰਘ ਖਹਿਰਾ ਦੀ ਆਪਣੀ ਨਿੱਜੀ ਰਾਇ ਹੋ ਸਕਦੀ ਹੈ ਪਰ ਇਸ ਤਰ੍ਹਾਂ ਦੀ ਰਾਇ ਨਾਲ ਆਮ ਆਦਮੀ ਪਾਰਟੀ ਦਾ ਕੋਈ ਸਬੰਧ ਨਹੀਂ। ਸੁਖਪਾਲ ਸਿੰਘ ਖਹਿਰਾ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਅਤੇ ਜ਼ੋਨ ਪ੍ਰਧਾਨਾਂ ਨੇ ਕਿਹਾ ਕਿ ਪਾਰਟੀ ਸੁਖਪਾਲ ਸਿੰਘ ਖਹਿਰਾ ਤੋਂ ਇਸ ਸੰਬੰਧੀ ਸਪੱਸ਼ਟੀਕਰਨ ਮੰਗੇਗੀ।


Related News