ਆਂਗਣਵਾੜੀ ਮੁਲਾਜ਼ਮਾਂ ਨੇ ਲਾਇਆ ਧਰਨਾ
Tuesday, Nov 14, 2017 - 07:12 AM (IST)

ਬਠਿੰਡਾ, (ਸੁਖਵਿੰਦਰ)- ਆਪਣੀਆਂ ਮੰਗਾਂ ਦੇ ਹੱਕ 'ਚ ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਵਰਕਰਾਂ ਵੱਲੋਂ ਡੀ. ਸੀ. ਦਫ਼ਤਰ ਸਾਹਮਣੇ ਧਰਨਾ ਲਾਇਆ ਗਿਆ, ਜਦਕਿ 15 ਨਵੰਬਰ ਦੇ ਜੇਲ ਭਰੋ ਅੰਦੋਲਨ ਖਾਤਿਰ 100 ਮੁਲਾਜ਼ਮਾਂ ਦੇ ਭਰੇ ਹੋਏ ਫਾਰਮ ਏ. ਡੀ. ਸੀ. ਬਠਿੰਡਾ ਨੂੰ ਵੀ ਸੌਂਪੇ ਗਏ।
ਜਾਣਕਾਰੀ ਦਿੰਦਿਆਂ ਪ੍ਰਧਾਨ ਪ੍ਰਕਾਸ਼ ਕੌਰ ਅਤੇ ਪ੍ਰਤਿਭਾ ਸ਼ਰਮਾ ਨੇ ਦੱਸਿਆ ਕਿ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਵਿਚ ਭੇਜਣ ਦਾ ਹੁਕਮ ਸੁਣਾ ਦਿੱਤਾ ਹੈ, ਜਿਸ ਨਾਲ ਆਂਗਣਵਾੜੀ ਸੈਂਟਰਾਂ 'ਚ ਮਿਲਣ ਵਾਲੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ।
ਇਸ ਤਰ੍ਹਾਂ ਆਂਗਣਵਾੜੀ ਸੈਂਟਰਾਂ ਨੂੰ ਬੰਦ ਕਰਨ ਦੀ ਕੋਝੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਅੱਜ 100 ਮੁਲਾਜ਼ਮਾਂ ਨੇ ਫਾਰਮ ਭਰ ਕੇ ਏ. ਡੀ. ਸੀ. ਬਠਿੰਡਾ ਨੂੰ ਸੌਂਪੇ, ਜੋ 15 ਨਵੰਬਰ ਨੂੰ ਸੂਬੇ ਭਰ 'ਚ ਰੱਖੇ ਗਏ ਜੇਲ ਭਰੋ ਅੰਦੋਲਨ ਤਹਿਤ ਗ੍ਰਿਫ਼ਤਾਰੀਆਂ ਦੇਣਗੇ। ਉਨ੍ਹਾਂ ਕਿਹਾ ਕਿ 14 ਨਵੰਬਰ ਨੂੰ ਹੋਣ ਵਾਲੀ ਸਰਕਾਰ ਦੀ ਮੀਟਿੰਗ 'ਚ ਉਕਤ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਉਹ ਜੇਲਾਂ ਭਰਨ ਤੋਂ ਇਲਾਵਾ ਹੋਰ ਵੀ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ।