''ਵਾਧੂ ਸੈੱਸ'' ਦੇ ਮਾਮਲੇ ''ਚ ਦੂਜੇ ਦਿਨ ਜਾਗੀ ''ਆਪ'', ਕੀਤੀ ਵਾਪਸ ਲੈਣ ਦੀ ਮੰਗ
Thursday, Aug 08, 2019 - 08:49 AM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਮੰਗਲਵਾਰ ਨੂੰ ਸ਼ਹਿਰੀ ਖੇਤਰਾਂ 'ਚ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ 'ਤੇ ਵਾਧੂ ਸੈਸ ਦਾ ਬਿੱਲ ਪਾਸ ਹੋਣ ਤੋਂ ਅਗਲੇ ਦਿਨ ਆਮ ਆਦਮੀ ਪਾਰਟੀ ਦੇ ਜਾਗ ਖੁੱਲ੍ਹੀ ਹੈ। ਵਿਧਾਨ ਸਭਾ 'ਚ ਵਿਰੋਧ ਕਾਰਨ ਦੀ ਥਾਂ ਆਪ ਹੁਣ ਅਗਲੇ ਦਿਨ ਵਿਰੋਧ ਕਰ ਰਹੀ ਹੈ, ਜਿਸ ਸਮੇ ਸਦਨ ਵਿਚ ਬਿਲ ਪਾਸ ਹੋਇਆ, ਉਸ ਸਮੇਂ ਆਪ ਦਾ ਕੋਈ ਮੈਂਬਰ ਸਦਨ 'ਚ ਹਾਜ਼ਰ ਨਹੀਂ ਸੀ ਲੱਗਦਾ। 'ਆਪ' ਪੰਜਾਬ ਨੇ ਸੂਬਾ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ 'ਚ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ 'ਤੇ ਵਾਧੂ ਸੈਸ (ਟੈਕਸ) ਲਗਾਉਣ ਦਾ ਵਿਰੋਧ ਕਰਦੇ ਹੋਏ ਇਸ ਲੋਕ ਵਿਰੋਧੀ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਵਿਧਾਇਕਾਂ ਅਤੇ ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ ਅਤੇ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਨੇ ਕਿਹਾ ਕਿ ਗੁਆਂਢੀ ਸੂਬਿਆਂ ਨਾਲੋਂ ਪਹਿਲਾਂ ਹੀ ਵੱਧ ਵੈਟ/ਸੈਸ ਲੈ ਰਹੇ ਪੰਜਾਬ 'ਚ ਪੈਟਰੋਲੀਅਮ ਪਦਾਰਥ ਹੋਰ ਮਹਿੰਗੇ ਕਰਨ ਦਾ ਸਿੱਧਾ ਅਸਰ ਹਰੇਕ ਸ਼ਹਿਰੀ ਅਤੇ ਦਿਹਾਤੀ ਨਾਗਰਿਕਾਂ 'ਤੇ ਪਵੇਗਾ। ਜੋ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪਹਿਲਾਂ ਹੀ ਮਹਿੰਗਾਈ ਦੀ ਵੱਡੀ ਮਾਰ ਝੱਲ ਰਹੇ ਹਨ। ਇਸ ਲਈ ਸਰਕਾਰ ਇਹ ਫ਼ੈਸਲਾ ਤੁਰੰਤ ਵਾਪਸ ਲਏ।
ਪ੍ਰੋ. ਬਲਜਿੰਦਰ ਕੌਰ ਅਤੇ ਨੀਨਾ ਮਿੱਤਲ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੇ ਵਪਾਰੀ-ਕਾਰੋਬਾਰੀ ਅਤੇ ਕਿਸਾਨੀ ਸੰਕਟ ਦੇ ਮੱਦੇਨਜ਼ਰ ਬਿਹਤਰ ਹੁੰਦਾ ਕਿ ਸੂਬਾ ਸਰਕਾਰ ਡੀਜ਼ਲ ਅਤੇ ਪੈਟਰੋਲ 'ਤੇ ਆਪਣੇ ਹਿੱਸੇ ਦੇ ਵੈਟ ਦੀ ਛੋਟ ਦਿੰਦੀ ਪਰ ਇਸ ਦੇ ਉਲਟ ਸਰਕਾਰ ਡੀਜ਼ਲ-ਪੈਟਰੋਲ ਅਤੇ ਬਿਜਲੀ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕਰ ਰਹੀ ਹੈ। ਜਿਸ ਤੋਂ ਸਾਫ਼ ਹੈ ਕਿ ਲੋਕ ਸਰਕਾਰ ਦੇ ਏਜੰਡੇ 'ਤੇ ਨਹੀਂ ਹਨ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਸ਼ਹਿਰੀ ਖੇਤਰਾਂ 'ਚ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ 'ਤੇ ਪ੍ਰਤੀ ਲੀਟਰ 10 ਪੈਸੇ ਵਾਧੂ ਸੈਸ ਲਗਾਇਆ ਹੈ।