''ਆਪ'' ਦੀ ਚੋਣ ਕਮਿਸ਼ਨ ਕੋਲ ''ਸਪੀਕਰ'' ਨੂੰ ਬਰਖਾਸਤ ਕਰਨ ਦੀ ਮੰਗ

Monday, May 06, 2019 - 10:13 AM (IST)

''ਆਪ'' ਦੀ ਚੋਣ ਕਮਿਸ਼ਨ ਕੋਲ ''ਸਪੀਕਰ'' ਨੂੰ ਬਰਖਾਸਤ ਕਰਨ ਦੀ ਮੰਗ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ 'ਤੇ ਆਪਣੇ ਅਹੁਦੇ ਦੇ ਮਾਣ ਅਤੇ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਛਿੱਕੇ ਟੰਗਣ ਦੇ ਗੰਭੀਰ ਇਲਜ਼ਾਮ ਲਾਏ ਹਨ। 'ਆਪ' ਨੇ ਚੋਣ ਕਮਿਸ਼ਨ ਕੋਲ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਸ਼ਿਕਾਇਤ ਕਰਕੇ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਰਾਜਪਾਲ ਕੋਲ ਰਾਣਾ ਕੇ.ਪੀ. ਸਿੰਘ ਨੂੰ ਸਪੀਕਰ ਦੇ ਅਹੁਦੇ ਤੋਂ ਤੁਰੰਤ ਹਟਾਏ ਜਾਣ ਦੀ ਜ਼ੋਰਦਾਰ ਸਿਫ਼ਾਰਿਸ਼ ਕਰਨ।
'ਆਪ' ਮੁੱਖ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਵਲੋਂ ਕੀਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਰਾਣਾ ਕੇ. ਪੀ. ਸਿੰਘ ਨੇ ਦਲ ਬਦਲੀ (ਐਂਟੀ ਡਿਫੈਕਸ਼ਨ) ਕਾਨੂੰਨ ਦੀਆਂ ਖ਼ੁਦ ਧੱਜੀਆਂ ਉਡਾ ਕੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਾਂਗਰਸ 'ਚ ਸ਼ਾਮਲ ਕਰਵਾਇਆ ਹੈ।
'ਆਪ' ਦੇ ਲੀਗਲ ਵਿੰਗ ਦੇ ਪ੍ਰਧਾਨ ਜਸਤੇਜ ਸਿੰਘ ਅਰੋੜਾ ਰਾਹੀਂ ਕੀਤੀ ਗਈ ਇਸ ਸ਼ਿਕਾਇਤ 'ਚ 'ਆਪ' ਆਗੂਆਂ ਨੇ ਕਿਹਾ ਹੈ ਕਿ ਲੋਕਤੰਤਰ ਦਾ ਮੰਦਰ ਮੰਨੀ ਜਾਂਦੀ ਵਿਧਾਨ ਸਭਾ ਦੇ ਪਵਿੱਤਰ ਸਦਨ ਦਾ ਸਪੀਕਰ ਸਰਪ੍ਰਸਤ ਹੁੰਦਾ ਹੈ ਜਿਸ ਕੋਲ ਸਦਨ ਅਤੇ ਸੰਵਿਧਾਨਿਕ ਜ਼ਿੰਮੇਵਾਰੀਆਂ ਨੂੰ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨਿਭਾਉਣ ਦੀ ਪਵਿੱਤਰ ਜ਼ਿੰਮੇਵਾਰੀ ਹੁੰਦੀ ਹੈ। ਸਪੀਕਰ ਕਿਸੇ ਇਕ ਧਿਰ ਦਾ ਪ੍ਰਤੀਨਿਧ ਨਹੀਂ ਕਰਦਾ ਸਗੋਂ ਸਾਰੀਆਂ ਸਿਆਸੀ ਧਿਰਾਂ ਦੇ ਨਿਰਪੱਖ ਨੁਮਾਇੰਦੇ ਵਜੋਂ ਵਿਚਰਦਾ ਹੈ ਪਰ ਰਾਣਾ ਕੇ. ਪੀ. ਸਿੰਘ ਨੇ ਸਾਰੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਨੂੰ ਲਾਂਭੇ ਸੁਟ ਕੇ ਅਮਰਜੀਤ ਸਿੰਘ ਸੰਦੋਆ ਦੀ ਕਾਂਗਰਸ 'ਚ ਸ਼ਮੂਲੀਅਤ ਕਰਵਾਈ ਹੈ, ਜਿਸ ਦੀ ਪੁਸ਼ਟੀ ਮੀਡੀਆ 'ਚ ਛਪੀਆਂ ਫ਼ੋਟੋਆਂ ਅਤੇ ਖ਼ਬਰਾਂ ਵੀ ਕਰਦੀਆਂ ਹਨ ਅਤੇ ਪ੍ਰਤੱਖਦਰਸ਼ੀ ਵੀ ਕਰਦੇ ਹਨ। 'ਆਪ' ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨ ਸੂਬੇ ਦੇ ਰਾਜਪਾਲ ਕੋਲ ਰਾਣਾ ਕੇ. ਪੀ. ਸਿੰਘ ਨੂੰ ਸਪੀਕਰ ਦੇ ਅਹੁਦੇ ਤੋਂ ਹਟਾਉਣ ਦੀ ਸਿਫ਼ਾਰਿਸ਼ ਕਰੇ।


author

Babita

Content Editor

Related News