'ਆਪ' ਤੋਂ ਬਾਗੀ ਹੋਈ ਸਟਾਰ ਪ੍ਰਚਾਰਕ ਅਮਨ ਗੋਸਲ ਬਣੀ ਅਕਾਲੀ

Tuesday, Apr 30, 2019 - 05:58 PM (IST)

'ਆਪ' ਤੋਂ ਬਾਗੀ ਹੋਈ ਸਟਾਰ ਪ੍ਰਚਾਰਕ ਅਮਨ ਗੋਸਲ ਬਣੀ ਅਕਾਲੀ

ਸੰਗਰੂਰ (ਬੇਦੀ)- ਆਮ ਆਦਮੀ ਪਾਰਟੀ ਤੋਂ ਬਾਗੀ ਹੋਈ ਪਾਰਟੀ ਦੀ ਸਾਬਕਾ ਫਾਊਂਡਰ ਮੈਂਬਰ, ਸੂਬਾ ਸਕੱਤਰ ਅਤੇ ਸਟਾਰ ਪ੍ਰਚਾਰਕ ਰਹਿ ਚੁੱਕੀ ਅਮਨਦੀਪ ਕੌਰ ਗੋਸਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਈ। ਉਨ੍ਹਾਂ ਇਹ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਦੌਰਾਨ ਕੀਤਾ। ਇਸ ਮੌਕੇ ਗੱਲਬਾਤ ਦੌਰਾਨ ਬੀਬੀ ਅਮਨਦੀਪ ਕੌਰ ਗੋਸਲ ਨੇ ਦੱਸਿਆ ਕਿ ਉਹ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਸਾਫ ਸੁਥਰੇ ਰਾਜ ਦੀ ਇੱਛਾ ਲੈ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਸਨ ਪਰ ਆਮ ਆਦਮੀ ਪਾਰਟੀ ਵਿਚ ਰਹਿ ਕੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਹ ਪਾਰਟੀ ਚਲਾਉਣ ਵਾਲਿਆਂ ਨੂੰ ਸੂਬੇ ਅਤੇ ਸੂਬੇ ਦੇ ਲੋਕਾਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ। ਸਾਰੀ ਸੀਨੀਅਰ ਲੀਡਰਸ਼ਿਪ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦੇ ਰਹੀ ਹੈ। ਮਿਹਨਤੀ ਆਗੂਆਂ ਤੇ ਵਰਕਰਾਂ ਦੀ ਕੋਈ ਕਦਰ ਨਹੀਂ। ਸਿਰਫ ਚੋਣਾਂ ਸਮੇਂ ਹੀ ਉਨ੍ਹਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਝੂਠ ਤਾਂ ਬੋਲਿਆ ਹੀ ਹੈ, ਸਗੋਂ ਥਾਂ-ਥਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਸ਼ਰਮਸਾਰ ਕੀਤਾ ਹੈ। ਵਰਨਣਯੋਗ ਹੈ ਕਿ ਬੀਬੀ ਗੋਸਲ ਨੇ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ 'ਤੇ ਪਾਰਟੀ ਫੰਡਾਂ ਵਿਚ ਵੱਡੇ ਘਪਲੇ ਕਰਨ ਦੇ ਦੋਸ਼ ਲਾਏ ਸੀ ਪਰ ਉਨ੍ਹਾਂ ਦੀ ਇਕ ਨਹੀਂ ਸੁਣੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਵੱਡੇ ਪੱਧਰ 'ਤੇ ਵਰਕਰ ਨਿਰਾਸ਼ਾ ਦੇ ਆਲਮ ਵਿਚ ਹਨ ਅਤੇ ਪਾਰਟੀ ਛੱਡਣ ਦੇ ਰੌਅ ਵਿਚ ਹਨ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਅਕਾਲੀ-ਭਾਜਪਾ ਸਰਕਾਰ ਨੇ ਸਰਵਪੱਖੀ ਵਿਕਾਸ ਕਰਵਾਇਆ ਹੈ। ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਕੋਲ ਜੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਵੱਲ ਹੈ, ਉਹ ਹੋਰ ਕਿਸੇ ਆਗੂ ਕੋਲ ਨਹੀਂ। ਬੀਬੀ ਗੋਸਲ ਨੇ ਦੱਸਿਆ ਕਿ ਉਹ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਹਲਕੇ ਦੇ ਲੋਕਾਂ ਦੀ ਭਲਾਈ ਲਈ ਕੀਤੇ ਕਾਰਜਾਂ ਤੋਂ ਪ੍ਰਭਾਵਿਤ ਹਨ।


author

Gurminder Singh

Content Editor

Related News