ਅੰਮ੍ਰਿਤਸਰ 'ਚ ਹੋਏ Encounter ਬਾਰੇ 'ਆਪ' ਦੀ ਪ੍ਰੈੱਸ ਕਾਨਫਰੰਸ, ਮੀਤ ਹੇਅਰ ਨੇ ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ
Thursday, Jul 21, 2022 - 01:07 PM (IST)
ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ 'ਚ ਅੰਮ੍ਰਿਤਸਰ ਐਨਕਾਊਂਟਰ ਹੋਣ ਮਗਰੋਂ ਆਮ ਆਦਮੀ ਪਾਰਟੀ ਵੱਲੋਂ ਇੱਥੇ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਮਗਰੋਂ ਪੁਲਸ ਲਗਾਤਾਰ ਦੋਸ਼ੀਆਂ ਨੂੰ ਫੜ੍ਹਨ 'ਚ ਲੱਗੀ ਹੋਈ ਸੀ ਅਤੇ ਕਾਫ਼ੀ ਗ੍ਰਿਫ਼ਤਾਰੀਆਂ ਵੀ ਹੋਈਆਂ। ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਚੱਲ ਰਹੀ ਸੀ।
ਉਨ੍ਹਾਂ ਕਿਹਾ ਕਿ ਇਸ ਐਨਕਾਊਂਟਰ ਦੌਰਾਨ ਕੁੱਝ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਪਰਾਧ ਨਾਲ ਨਜਿੱਠਣ ਲਈ ਪੁਲਸ ਲਗਾਤਾਰ ਜੁੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਐਨਕਾਊਂਟਰ ਤੋਂ ਬਾਅਦ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਲੋਕਾਂ ਨੂੰ ਸਾਫ਼ ਸੁਨੇਹਾ ਚਲਾ ਗਿਆ ਹੈ ਕਿ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਮੀਤ ਹੇਅਰ ਨੇ ਕਿਹਾ ਕਿ ਜਿਹੜੇ ਨੌਜਵਾਨ ਇੰਨ੍ਹਾਂ ਕੰਮਾਂ 'ਚ ਲੱਗੇ ਹੋਏ ਹਨ, ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਉਨ੍ਹਾਂ ਮਾਪਿਆਂ ਦੇ ਹਾਲਾਤ ਦੇਖਣ, ਜਿਨ੍ਹਾਂ ਦੇ ਪੁੱਤ ਇੰਝ ਚਲੇ ਜਾਂਦੇ ਹਨ।
ਇਸ ਲਈ ਉਹ ਅਜਿਹਾ ਰਾਸਤਾ ਛੱਡ ਦੇਣ ਅਤੇ ਮਿਹਨਤ ਕਰਕੇ ਚੰਗਾ ਜੀਵਨ ਬਤੀਤ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਫਿਰ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਲਵੇਗਾ ਤਾਂ ਫਿਰ ਸਰਕਾਰ ਦਾ ਰੁਖ ਸਖ਼ਤ ਰਹੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਵੀ ਇੰਝ ਹੀ ਪੁਲਸ ਨੇ ਗੋਲੀਆਂ ਨਹੀਂ ਚਲਾਈਆਂ, ਸਗੋਂ ਗੈਂਗਸਟਰਾਂ ਨੂੰ ਪਹਿਲਾਂ ਹਥਿਆਰ ਸੁੱਟਣ ਲਈ ਕਿਹਾ ਸੀ ਪਰ ਜਦੋਂ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਅਤੇ ਗੋਲੀਆਂ ਚਲਾਉਣ ਲੱਗ ਪਏ ਤਾਂ ਫਿਰ ਸਾਡੇ ਜਵਾਨਾਂ ਨੂੰ ਵੀ ਮਜਬੂਰੀ 'ਚ ਗੋਲੀਆਂ ਚਲਾਉਣੀਆਂ ਪਈਆਂ।
ਇਹ ਵੀ ਪੜ੍ਹੋ : Encounter ਤੋਂ 3 ਦਿਨ ਪਹਿਲਾਂ ਹੀ ਪੰਜਾਬ ਪੁੱਜੇ ਸੀ ਰੂਪਾ ਤੇ ਕੁੱਸਾ, 17 ਦਿਨਾਂ ਤੋਂ ਸੀ ਰਾਡਾਰ 'ਤੇ
ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦ੍ਰਿੜ ਹੈ ਅਤੇ ਜੇਕਰ ਕਿਸੇ ਨੂੰ ਧਮਕੀ ਵਾਲਾ ਮੈਸੇਜ ਆਉਂਦਾ ਹੈ ਤਾਂ ਸਰਕਾਰ ਦੇ ਧਿਆਨ 'ਚ ਲੈ ਕੇ ਆਓ। ਉਨ੍ਹਾਂ ਕਿਹਾ ਕਿ ਪੁਲਸ ਅਤੇ ਪ੍ਰਸ਼ਾਸਨ ਲੋਕਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸ਼ਾਂਤੀ ਬਹਾਲ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ