‘ਆਪ’ ਵਿਧਾਇਕ ਕੁਲਤਾਰ ਸੰਧਵਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ
Tuesday, Mar 15, 2022 - 06:24 PM (IST)

ਕੋਟਕਪੂਰਾ (ਨਰਿੰਦਰ) : ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਕੋਟਕਪੂਰਾ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਕੁਲਤਾਰ ਸਿੰਘ ਸੰਧਵਾਂ ਜਿੱਤ ਉਪਰੰਤ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਵਿਧਾਇਕ ਸੰਧਵਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਪ੍ਰਮਾਤਮਾ ਦੀ ਮਿਹਰ ਅਤੇ ਲੋਕਾਂ ਦੇ ਪਿਆਰ ਸਦਕਾ ਜੋ ਉਨ੍ਹਾਂ ਨੂੰ ਤਾਕਤ ਨਸੀਬ ਹੋਈ ਹੈ, ਉਸ ਤਾਕਤ ਦੀ ਵਰਤੋਂ ਲੋਕਾਂ ਦੇ ਬਣਦੇ ਹੱਕ ਦਿਵਾਉਣ ਲਈ ਕੀਤੀ ਜਾਵੇਗੀ। ਉਹ ਗੁਰੂ ਚਰਨਾਂ ’ਚ ਅਰਦਾਸ ਕਰਦੇ ਹਨ ਕਿ ਜੋ ਸੁਫ਼ਨੇ ਸਾਡੇ ਲੋਕਾਂ ਨੇ ਵੇਖੇ ਹਨ, ਅਕਾਲ ਪੁਰਖ ਉਹ ਸਾਕਾਰ ਕਰਨ ਲਈ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ’ਤੇ ਰੱਖਣ ਅਤੇ ਅਸੀਂ ਲੋਕਾਂ ਦੀਆਂ ਆਸਾਂ-ਉਮੀਦਾਂ ’ਤੇ ਖਰੇ ਉੱਤਰ ਸਕੀਏ।
ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਮਿਹਰ ਸਦਕਾ ਹੀ ਧਨ-ਦੌਲਤ ਅਤੇ ਨਸ਼ੇ ਦੇ ਸਹਾਰੇ ਚੋਣਾਂ ਜਿੱਤਣ ਦੇ ਖੁਆਬ ਵੇਖਣ ਵਾਲੇ ਲੋਕਾਂ ਦੇ ਸੁਫ਼ਨੇ ਚਕਨਾਚੂਰ ਹੋਏ ਹਨ। ‘ਆਪ’ ਦੀ ਜਿੱਤ ਨਾਲ ਪੰਜਾਬ ਦੇ ਲੋਕਾਂ ’ਚ ਜਿੱਥੇ ਖੁਸ਼ੀ ਦੀ ਲਹਿਰ ਹੈ, ਉੱਥੇ ਇਕ ਉਮੀਦ ਵੀ ਹੈ ਕਿ ਜੋ ਕੰਮ ਪਿਛਲੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਹੁਣ ‘ਆਪ’ ਦੀ ਸਰਕਾਰ ਜ਼ਰੂਰ ਕਰੇਗੀ। ਇਸ ਮੌਕੇ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਮਨਦੀਪ ਸਿੰਘ ਮੌਂਗਾ, ਸੁਖਵਿੰਦਰ ਸਿੰਘ ਬੱਬੂ, ਸੁੱਖਾ ਧਾਲੀਵਾਲ, ਜਗਸੀਰ ਸਿੰਘ ਸੰਧਵਾਂ ਆਦਿ ਹਾਜ਼ਰ ਸਨ।