ਨਵਾਂਸ਼ਹਿਰ ''ਚ ਹੋਏ ਪਰਮਜੀਤ ਦੇ ਕਤਲ ਨੂੰ ਲੈ ਕੇ ''ਆਪ'' ਆਗੂ ਹਰਪਾਲ ਚੀਮਾ ਨੇ ਕੀਤੀ ਇਹ ਮੰਗ
Thursday, May 28, 2020 - 02:01 PM (IST)
ਨਵਾਂਸ਼ਹਿਰ (ਤ੍ਰਿਪਾਠੀ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਮਨ ਕਾਨੂੰਨ ਦੀ ਬਦਤਰ ਹਾਲਤ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਪੁਲਸ ਨੂੰ ਕਾਂਗਰਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਨਾ ਅਪਰਾਧ ਘਟੇਗਾ ਅਤੇ ਨਾ ਹੀ ਅਪਰਾਧੀਆਂ ਪ੍ਰਵਿਰਤੀ ਵਾਲੇ ਅਨਸਰਾਂ 'ਚ ਕਾਨੂੰਨ ਦਾ ਡਰ ਪੈਦਾ ਹੋਵੇਗਾ। ਹਰਪਾਲ ਸਿੰਘ ਚੀਮਾ ਇਥੋਂ ਦੇ ਨੇੜਲੇ ਪਿੰਡ ਰਾਣੇਵਾਲ ਵਿਖੇ ਅਪਰਾਧੀਆਂ ਵੱਲੋਂ ਵਹਿਸ਼ੀਆਨਾ ਤਰੀਕੇ ਨਾਲ ਕਤਲ ਕੀਤੇ ਗਏ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਨੌਜਵਾਨ ਪਰਮਜੀਤ ਸਿੰਘ ਪੰਮਾ ਦੇ ਅੰਤਿਮ ਸੰਸਕਾਰ ਪਿੱਛੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਰਮਜੀਤ ਪੰਮਾ ਦੇ ਕਤਲ ਦਾ ਮੁੱਖ ਦੋਸ਼ੀ ਪਹਿਲਾਂ ਕੀਤੇ ਕਤਲ ਦੇ ਕੇਸ 'ਚ ਜ਼ਮਾਨਤ 'ਤੇ ਰਿਹਾਅ ਹੋ ਕੇ ਆਇਆ ਸੀ। ਸਪਸ਼ਟ ਹੈ ਕਿ ਅਜਿਹੇ ਅਪਰਾਧੀ ਕਿਸਮ ਦੇ ਲੋਕਾਂ ਦੇ ਮਨਾਂ 'ਚ ਕਾਨੂੰਨ ਦਾ ਕੋਈ ਡਰ-ਭੈਅ ਨਹੀਂ ਹੈ। ਚੀਮਾ ਨੇ ਕਿਹਾ ਕਿ ਇਹ 'ਜੰਗਲਰਾਜ' ਲਈ ਸਿੱਧੇ ਤੌਰ 'ਤੇ ਪਹਿਲਾਂ ਅਕਾਲੀ-ਭਾਜਪਾ ਸ਼ਾਸਨ 'ਚ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਸਨ ਹੁਣ ਕਾਂਗਰਸ ਦੇ ਰਾਜਭਾਗ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ, ਜਿੰਨਾ ਕੋਲ ਗ੍ਰਹਿ ਮਹਿਕਮੇਦੀ ਵੀ ਜ਼ਿੰਮੇਵਾਰੀ ਹੈ। ਚੀਮਾ ਨੇ ਕਿਹਾ ਕਿ ਕੈਪਟਨ ਨੂੰ ਗ੍ਰਹਿ ਮਹਿਕਮੇ ਦੀ ਜ਼ਿੰਮੇਵਾਰੀ ਤੁਰੰਤ ਛੱਡ ਦੇਣੀ ਚਾਹੀਦੀ ਹੈ। ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਐਨੀ ਬੇਰਹਿਮ ਹੱਤਿਆ ਦੇ ਮੁੱਖ ਦੋਸ਼ੀ ਅਤੇ ਸਾਜ਼ਿਸ਼ ਕਰਤਾ ਅਜੇ ਤੱਕ ਪੁਲਸ ਦੀ ਪਹੁੰਚ ਤੋਂ ਬਾਹਰ ਹਨ। 'ਆਪ' ਆਗੂਆਂ ਨੇ ਦੋਸ਼ੀਆਂ ਨੂੰ ਸੱਤਾਧਾਰੀ ਕਾਂਗਰਸ ਦੇ ਸਥਾਨਕ ਆਗੂਆਂ ਦੀ ਪੁਸ਼ਤ ਪਨਾਹੀ ਦਾ ਦੋਸ਼ ਲਗਾਇਆ।
'ਆਪ' ਆਗੂਆਂ ਨੇ ਮੰਗ ਕੀਤੀ ਕਿ ਪਰਮਜੀਤ ਪੰਮਾ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਯਕੀਨੀ ਬਣਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਸਿਆਸੀ ਦਖਲ ਥੱਲੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ 'ਆਪ' ਵੱਲੋਂ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਕੋਰ ਕਮੇਟੀ ਮੈਂਬਰ ਗੈਰੀ ਬੜਿੰਗ, ਹਰਜੋਤ ਬੈਂਸ, ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆ, ਮਨਜੀਤ ਸਿੰਘ ਘੁਮਣ, ਜ਼ਿਲ੍ਹਾ ਪ੍ਰਧਾਨ ਸ਼ਿਵ ਕਰਨ ਚੇਚੀ, ਹਲਕਾ ਪ੍ਰਧਾਨ ਸਤਨਾਮ ਸਿੰਘ ਜਲਵਾਹਾ, ਪਟਿਆਲਾ ਕਾਰਪੋਰੇਸ਼ਨ ਪ੍ਰਧਾਨ ਤੇਜਿੰਦਰ ਮਹਿਤਾ, ਸਤਨਾਮ ਚੇਚੀ, ਆਈ. ਟੀ. ਵਿੰਗ ਪੰਜਾਬ ਦੇ ਮੈਂਬਰ ਚੰਦਰ ਮੋਹਨ ਜੇਡੀ ਸਮੇਤ ਹੋਰ ਸਥਾਨਕ ਆਗੂ ਮੌਜੂਦ ਸਨ।