120 ਕਰੋੜ ਦੇ ਬਿੱਲਾਂ ਦੀ ਰਿਕਵਰੀ: ‘ਆਪ’ ਦੀ ਸਰਕਾਰ ਬਣਨ ’ਤੇ ਕੁਨੈਕਸ਼ਨ ਕੱਟਣ ਨੂੰ ਲੈ ਕੇ ਸ਼ਸ਼ੋਪੰਜ ’ਚ ਪਾਵਰਕਾਮ

03/12/2022 2:49:32 PM

ਜਲੰਧਰ (ਪੁਨੀਤ)– ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਕੋਲੋਂ 120 ਕਰੋੜ ਰੁਪਏ ਦੀ ਰਿਕਵਰੀ ਕਰਨੀ ਹੈ, ਜਿਸ ਤਹਿਤ ਪਿਛਲੇ ਦਿਨੀਂ ਪਾਵਰਕਾਮ ਵੱਲੋਂ ਧੜੱਲੇ ਨਾਲ ਬਿਜਲੀ ਕੁਨੈਕਸ਼ਨ ਕੱਟੇ ਗਏ, ਜਿਸ ਤੋਂ ਮਹਿਕਮੇ ਨੂੰ 2-3 ਦਿਨਾਂ ਵਿਚ 5 ਕਰੋੜ ਤੋਂ ਵੱਧ ਰਕਮ ਦੀ ਰਿਕਵਰੀ ਹੋਈ। ਹੁਣ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ ਕੁਨੈਕਸ਼ਨ ਕੱਟਣ ਨੂੰ ਲੈ ਕੇ ਪਾਵਰਕਾਮ ਮਹਿਕਮੇ ਵਿਚ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਉੱਚ ਅਹੁਦਿਆਂ ’ਤੇ ਬੈਠੇ ਅਧਿਕਾਰੀ ਹਰ ਹਾਲਤ ਵਿਚ ਰਿਕਵਰੀ ਕਰਨ ਦਾ ਦਬਾਅ ਬਣਾ ਰਹੇ ਹਨ ਕਿਉਂਕਿ 31 ਮਾਰਚ ਨੂੰ ਕਲੋਜ਼ਿੰਗ ਦੀ ਤਰੀਕ ਨੇੜੇ ਆ ਰਹੀ ਹੈ, ਜਿਸ ਕਾਰਨ ਅਧਿਕਾਰੀ ਚਾਹੁੰਦੇ ਹਨ ਕਿ ਪੈਂਡਿੰਗ ਰਕਮ ਨਾਂਹ ਦੇ ਬਰਾਬਰ ਰਹਿ ਜਾਵੇਗੀ।

ਇਸ ਲੜੀ ਵਿਚ ਸਟਾਫ਼ ਜਦੋਂ ਰਿਕਵਰੀ ਲਈ ਕੁਨੈਕਸ਼ਨ ਕੱਟਣ ਜਾ ਰਹੇ ਹਨ ਤਾਂ ਖ਼ਪਤਕਾਰ ਖ਼ੁਦ ਨੂੰ ਆਮ ਆਦਮੀ ਪਾਰਟੀ ਨਾਲ ਸਬੰਧਤ ਦੱਸ ਕੇ ਕੁਨੈਕਸ਼ਨ ਕੱਟਣ ਦੇ ਕੰਮ ਨੂੰ ਰੁਕਵਾ ਰਹੇ ਹਨ ਅਤੇ ਬਿੱਲ ਅਦਾ ਕਰਨ ਦਾ ਭਰੋਸਾ ਦਿਵਾ ਕੇ ਕਰਮਚਾਰੀਆਂ ਨੂੰ ਵਾਪਸ ਭੇਜ ਰਹੇ ਹਨ। ਅੱਜ ਹੀ ਅਜਿਹੇ ਕੁਝ ਕੇਸ ਸੁਣਨ ਨੂੰ ਮਿਲੇ ਹਨ। ਇਸ ਲੜੀ ਵਿਚ ਸਭ ਤੋਂ ਵੱਧ ਪ੍ਰੇਸ਼ਾਨੀ ਮਾਡਲ ਅਤੇ ਵੈਸਟ ਡਿਵੀਜ਼ਨ ਦੇ ਕਰਮਚਾਰੀਆਂ ਨੂੰ ਉਠਾਉਣੀ ਪਵੇਗੀ ਕਿਉਂਕਿ ਇਨ੍ਹਾਂ 2 ਡਿਵੀਜ਼ਨਾਂ ਵਿਚ ਸਭ ਤੋਂ ਵੱਧ ਘਰੇਲੂ ਅਤੇ ਕਮਰਸ਼ੀਅਲ ਖ਼ਪਤਕਾਰ ਹਨ, ਜਿਨ੍ਹਾਂ ਦੀ ਰਿਕਵਰੀ ਦੀ ਰਕਮ ਬਾਕੀ ਡਵੀਜ਼ਨਾਂ ਤੋਂ ਵੱਧ ਹੈ।

ਇਹ ਵੀ ਪੜ੍ਹੋ: ਟਾਂਡਾ ਵਿਖੇ ਗਊਆਂ ਦੇ ਕਤਲ ਦਾ ਮਾਮਲਾ ਭਖਿਆ, ਹਿੰਦੂ ਸੰਗਠਨਾਂ ਵੱਲੋਂ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਜਾਮ

ਪਾਵਰਕਾਮ ਦੇ ਫੀਲਡ ਸਟਾਫ਼ ਅਤੇ ਡਿਵੀਜ਼ਨ ਪੱਧਰ ਦੇ ਅਧਿਕਾਰੀ ‘ਆਪ’ ਦੇ ਆਗੂਆਂ ਦੀ ਨਾਰਾਜ਼ਗੀ ਨਹੀਂ ਝੱਲਣੀ ਚਾਹੁੰਦੇ ਕਿਉਂਕਿ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆ ਚੁੱਕੀ ਹੈ। ਵੱਖ-ਵੱਖ ਡਿਵੀਜ਼ਨਾਂ ਦੇ ਅਧਿਕਾਰੀਆਂ ਵੱਲੋਂ ਅੱਜ ਵੀ ਕੁਨੈਕਸ਼ਨ ਕੱਟਣ ਲਈ ਟੀਮਾਂ ਭੇਜੀਆਂ ਗਈਆਂ ਪਰ ਕੁਨੈਕਸ਼ਨ ਕੱਟਣ ਦਾ ਕੰਮ ਉਮੀਦ ਮੁਤਾਬਕ ਨਹੀਂ ਹੋ ਸਕਿਆ। ਕਲੋਜ਼ਿੰਗ ਵਿਚ ਹੁਣ 20 ਦਿਨਾਂ ਤੋਂ ਵੀ ਘੱਟ ਸਮਾਂ ਬਾਕੀ ਬਚਿਆ ਹੈ। ਅਜਿਹੇ ਹਾਲਾਤ ਵਿਚ ਵਿਭਾਗ ਨੂੰ ਰਿਕਵਰੀ ਕਰਨ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 120 ਕਰੋੜ ਦੇ ਬਿੱਲ ਪੈਂਡਿੰਗ ਹਨ। ਇਨ੍ਹਾਂ ਵਿਚ ਇਸ ਵਾਰ ਦੇ ਬਣੇ ਬਿਜਲੀ ਬਿੱਲ ਵੀ ਸ਼ਾਮਲ ਹਨ। ਅਨੁਮਾਨ ਦੇ ਮੁਤਾਬਕ ਰੋਜ਼ਾਨਾ 2 ਕਰੋੜ ਦੇ ਲਗਭਗ ਬਿੱਲ ਜਮ੍ਹਾ ਹੋ ਜਾਂਦੇ ਹਨ ਪਰ ਇਸ ਹਿਸਾਬ ਨਾਲ 120 ਕਰੋੜ ਦੇ ਅੰਕੜੇ ਦੇ ਨੇੜੇ-ਤੇੜੇ ਪਹੁੰਚਣਾ ਵੀ ਮੁਸ਼ਕਲ ਹੈ।ਇਸ ਲਈ ਮਹਿਕਮੇ ਨੇ ਡਿਫਾਲਟਰ ਬਿਜਲੀ ਖ਼ਪਤਕਾਰਾਂ ਕੋਲੋਂ 50 ਕਰੋੜ ਦੇ ਬਿੱਲਾਂ ਦੀ ਰਕਮ ਰਿਕਵਰ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਸੀ ਪਰ ਹੁਣ ਇਹ ਟੀਚਾ ਵੀ ਆਸਾਨ ਨਜ਼ਰ ਨਹੀਂ ਆ ਰਿਹਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਯੂਨੀਅਨਾਂ ਦੇ ਕਰਮਚਾਰੀ ਲਗਭਗ ਇਕ ਮਹੀਨੇ ਤੱਕ ਆਮ ਵਾਂਗ ਕੰਮਕਾਜ ਨਹੀਂ ਕਰ ਸਕੇ। ਇਸ ਦੌਰਾਨ ਬੜੀ ਮੁਸ਼ਕਲ ਨਾਲ ਨਿਰਵਿਘਨ ਸਪਲਾਈ ਦਿੱਤੀ ਜਾ ਸਕੀ ਸੀ। ਹੜਤਾਲਾਂ ਖਤਮ ਹੋਈਆਂ ਤਾਂ ਚੋਣ ਜ਼ਾਬਤਾ ਲੱਗ ਗਿਆ, ਜਿਸ ਤੋਂ ਬਾਅਦ ਪਾਵਰਕਾਮ ਦੇ ਦਫਤਰੀ ਅਤੇ ਟੈਕਨੀਕਲ ਸਟਾਫ ਦੀ ਚੋਣ ਡਿਊਟੀ ਲੱਗ ਗਈ, ਜਿਸ ਤੋਂ ਬਾਅਦ ਕੰਮਕਾਜ ’ਤੇ ਫਿਰ ਤੋਂ ਬ੍ਰੇਕ ਲੱਗ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਘਟਨਾਕ੍ਰਮਾਂ ਵਿਚ ਲਗਭਗ 60-70 ਦਿਨਾਂ ਤੱਕ ਕੰਮਕਾਜ ਪ੍ਰਭਾਵਿਤ ਹੋ ਚੁੱਕਾ ਹੈ।

ਇਹ ਵੀ ਪੜ੍ਹੋ: ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 4 ਦਿਨ ਰੱਦ ਰਹਿਣਗੀਆਂ ਇਹ ਟਰੇਨਾਂ

ਰੁਟੀਨ ’ਚ ਬਿੱਲ ਜਮ੍ਹਾ ਨਾ ਕਰਵਾਉਣ ਵਾਲਿਆਂ ਦੇ 2-3 ਬਿੱਲ ਬਕਾਇਆ
ਡਿਵੀਜ਼ਨ ਪੱਧਰ ਦੇ ਐੱਸ. ਡੀ. ਐੱਮ. ਅਤੇ ਜੇ. ਈ. ਰੈਂਕ ਦੇ ਅਧਿਕਾਰੀ ਦੱਸਦੇ ਹਨ ਕਿ ਹਰੇਕ ਸਬ-ਡਵੀਜ਼ਨ ਵਿਚ ਸੈਂਕੜੇ ਅਜਿਹੇ ਖਪਤਕਾਰ ਹਨ, ਜਿਹੜੇ ਰੁਟੀਨ ਵਿਚ ਆਪਣਾ ਬਿੱਲ ਜਮ੍ਹਾ ਨਹੀਂ ਕਰਵਾਉਂਦੇ। ਕਈਆਂ ਕੋਲ ਵਾਰ-ਵਾਰ ਚੱਕਰ ਲਾਉਣੇ ਪੈਂਦੇ ਹਨ ਤਾਂ ਜਾ ਕੇ ਕਿਸ਼ਤਾਂ ਵਿਚ ਰਾਸ਼ੀ ਜਮ੍ਹਾ ਹੋ ਪਾਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਰਮਚਾਰੀਆਂ ਦੇ ਰੁੱਝੇ ਹੋਣ ਕਾਰਨ ਅਜਿਹੇ ਖ਼ਪਤਕਾਰਾਂ ਤੱਕ ਪਹੁੰਚ ਨਹੀਂ ਕੀਤੀ ਜਾ ਸਕੀ। ਇਸ ਕਾਰਨ ਲੇਟ ਬਿੱਲ ਜਮ੍ਹਾ ਕਰਵਾਉਣ ਵਾਲੇ ਡਿਫ਼ਾਲਟਰਾਂ ਦੇ 2 ਤੋਂ 3 ਬਿੱਲ ਖੜ੍ਹੇ ਹਨ। ਹੁਣ ਕਲੋਜ਼ਿੰਗ ਕਾਰਨ ਪੂਰੀ ਰਕਮ ਉਦੋਂ ਜਮ੍ਹਾ ਹੋ ਸਕਦੀ ਹੈ, ਜਦੋਂ ਕੁਨੈਕਸ਼ਨ ਕੱਟਿਆ ਜਾਵੇਗਾ।

ਇਹ ਵੀ ਪੜ੍ਹੋ: ਫਗਵਾੜਾ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ SBI ਦਾ ATM ਤੋੜ ਕੇ ਲੁੱਟੀ 23 ਲੱਖ ਦੀ ਨਕਦੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News