ਉਹ ਵੱਡੇ ਕਾਰਨ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਮਿਲੀ ਬੰਪਰ ਜਿੱਤ
Friday, Mar 11, 2022 - 05:46 PM (IST)
ਚੰਡੀਗ਼ੜ੍ਹ : ਵਿਧਾਨ ਸਭਾ ਚੋਣਾਂ ਵਿਚ ਪੰਜਾਬ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। 56 ਸਾਲ ਬਾਅਦ ਜਨਤਾ ਨੇ ਕਿਸੇ ਪਾਰਟੀ ਨੂੰ ਇੰਨਾ ਵੱਡਾ ਬਹੁਮਤ ਦਿੱਤਾ। 1966 ਤੋਂ ਬਾਅਦ ਪਹਿਲੀ ਵਾਰ ਕਿਸੇ ਪਾਰਟੀ ਨੂੰ 92 ਸੀਟਾਂ ਮਿਲੀਆਂ ਹਨ। ‘ਆਪ’ ਦੀ ਇਸ ਸੁਨਾਮੀ ਵਿਚ ਸੱਤਾ ਦੇ ਬਾਬਾ ਬੋਹੜ ਕਹੇ ਜਾਣ ਵਾਲੀ ਅਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ, ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ, ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਰਗੇ ਦਿੱਗਜ ਬੁਰੀ ਤਰ੍ਹਾਂ ਹਾਰ ਗਏ। ਇਥੇ ਹੀ ਬਸ ਨਹੀਂ ਮੁੱਖ ਮੰਤਰੀ ਸਮੇਤ 17 ਮੰਤਰੀਆਂ ਵਿਚੋਂ 10 ਮੰਤਰੀਆਂ ਨੂੰ ਜਨਤਾ ਨੇ ਨਾਕਾਰ ਦਿੱਤਾ। ਮਜੀਠੀਆ ਅਤੇ ਆਦੇਸ਼ ਪ੍ਰਤਾਪ ਕੈਰੋਂ ਸਮੇਤ ਪੂਰਾ ਬਾਦਲ ਪਰਿਵਾਰ ਹੀ ਹਾਰ ਗਿਆ।
ਇਹ ਵੀ ਪੜ੍ਹੋ : ਭਗਵੰਤ ਮਾਨ ਵਲੋਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੀ ਤਾਰੀਖ਼ ਦਾ ਐਲਾਨ
ਆਮ ਆਦਮੀ ਪਾਰਟੀ ਦੀ ਜਿੱਤ ਦੇ ਵੱਡੇ ਕਾਰਣ
► ਆਮ ਆਦਮੀ ਪਾਰਟੀ ਵਲੋਂ ਦਿੱਲੀ ਸਰਕਾਰ ਦੇ ਆਧਾਰ ’ਤੇ ਕੀਤੇ ਗਏ ਲੋਕਪੱਖੀ ਵਾਅਦੇ।
► ਮਾਫੀਆ ਰਾਜ ਖ਼ਿਲਾਫ ਹਮਲਾਵਰ ਰਵੱਈਆ ਅਤੇ ਲੋਕਾਂ ਦਾ ਰਿਵਾਇਤੀ ਪਾਰਟੀਆਂ ਤੋਂ ਹੋਇਆ ਮੋਹ ਭੰਗ ਕੰਮ ਕਰ ਗਿਆ।
► ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਲਗਾਤਾਰ ਰਿਵਾਇਤੀ ਪਾਰਟੀਆਂ ਦੇ ਨੇਤਾਵਾਂ ਨੂੰ ਉਨ੍ਹਾਂ ਦੇ ਭ੍ਰਿਸ਼ਟਾਚਾਰ ਲਈ ਨਿਸ਼ਾਨੇ ’ਤੇ ਰੱਖਿਆ, ਜਿਸ ਨਾਲ ਵਿਰੋਧੀ ਪਾਰਟੀਆਂ ਲਈ ਬਚਾਅ ਕਰਨਾ ਮੁਸ਼ਕਿਲ ਹੁੰਦਾ ਰਿਹਾ।
► ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨਾ ਵੀ ਆਮ ਆਦਮੀ ਪਾਰਟੀ ਦੇ ਪੱਖ ਵਿਚ ਗਿਆ ਅਤੇ ਇਸ ਨਾਲ ਕਾਂਗਰਸ ਦੇ ਦਲਿਤ ਕਾਰਡ ਨੂੰ ਵੀ ਅਸਫਲ ਬਣਾਇਆ ਗਿਆ।
► ਲੋਕਾਂ ਦੇ ਮਨਾਂ ਵਿਚ ਰਿਵਾਇਤੀ ਪਾਰਟੀਆਂ ਨੂੰ ਵਾਰ-ਵਾਰ ਅਜ਼ਮਾਉਣ ਤੋਂ ਛੁਟਕਾਰਾ ਪਾ ਕੇ ਬਦਲਾਅ ਲਿਆਉਣ ਦੀ ਇੱਛਾ ਨੇ ਵੀ ‘ਆਪ’ ਦਾ ਸਾਥ ਦਿੱਤਾ।
► ਕਾਂਗਰਸ ਦੇ ਆਪਸੀ ਕਲੇਸ਼ ਦਾ ਵੀ ਆਮ ਆਦਮੀ ਪਾਰਟੀ ਨੂੰ ਸਿੱਧਾ ਫਾਇਦਾ ਹੋਇਆ। ਜਿਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਵੱਡੀ ਹਾਰ ਤੋਂ ਬਾਅਦ ਪਾਰਟੀ ’ਚ ਉੱਠੀ ਬਗਾਵਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?