ਵਿਧਾਇਕਾ ਬਲਜਿੰਦਰ ਕੌਰ ਦੇ ਪਿਤਾ ਨੂੰ ਪੁਲਸ ਨੇ ਭੇਜਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
Tuesday, Jun 23, 2020 - 06:20 PM (IST)
ਬਠਿੰਡਾ (ਮਨੀਸ਼ ਗਰਗ): ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਇਕ ਵਾਰ ਫ਼ਿਰ ਚਰਚਾ 'ਚ ਹੈ। ਪਿੰਡ ਜੰਬਰ ਬਸਤੀ ਦੇ ਇਕ ਮਾਮਲੇ 'ਚ ਸਮਝੌਤਾ ਕਰਵਾਉਣ ਲਈ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨੂੰ 5 ਲੱਖ ਰੁਪਏ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਖੁਲਾਸੇ ਤੋਂ ਬਾਅਦ ਹੁਣ ਵਿਧਾਇਕਾ ਦੇ ਪਿਤਾ ਨੂੰ ਵੀ ਤਲਵੰਡੀ ਸਾਬੋ ਪੁਲਸ ਨੇ ਨੋਟਿਸ ਭੇਜ ਕੇ ਪੁਲਸ ਤਫਤੀਸ਼ 'ਚ ਸ਼ਾਮਲ ਹੋਣ ਲਈ ਕਿਹਾ ਹੈ ਅਤੇ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦਾ ਵੱਡਾ ਧਮਾਕਾ, 20 ਨਵੇਂ ਮਾਮਲੇ ਆਏ ਸਾਹਮਣੇ
ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ 'ਚ ਇਕ ਮੁੰਡਾ-ਕੁੜੀ ਦੇ ਮਾਮਲੇ 'ਚ 4 ਲੱਖ 90 ਹਜ਼ਾਰ ਰੁਪਏ ਮੁੰਡੇ ਵਾਲਿਆਂ ਤੋਂ ਲੈਣ ਦੇ ਦੋਸ਼ ਪਿੰਡ ਜਗਾ ਰਾਮ ਤੀਰਥ ਦੀ ਮਹਿਲਾ ਸਰਪੰਚ ਦੇ ਪਤੀ ਜਗਤਾਰ ਸਿੰਘ 'ਤੇ ਲੱਗੇ ਸਨ, ਜਿਸ 'ਤੇ ਤਲਵੰਡੀ ਸਾਬੋ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਕਥਿਤ ਮੁਲਜ਼ਮ ਜਗਤਾਰ ਸਿੰਘ ਤੋਂ ਜਾਂਚ ਦੌਰਾਨ ਸਮਝੌਤੇ 'ਚ ਹਲਕੇ ਦੀ ਵਿਧਾਇਕਾ ਬਲਜਿੰਦਰ ਕੌਰ ਦੇ ਪਿਤਾ ਦੀ ਸ਼ਮੂਲੀਅਤ ਹੋਣ ਦਾ ਖੁਲਾਸਾ ਹੋਇਆ ਹੈ, ਜਿਸ 'ਤੇ ਪੁਲਸ ਨੇ ਵਿਧਾਇਕਾ ਦੇ ਪਿਤਾ ਦਰਸ਼ਨ ਸਿੰਘ ਨੂੰ ਜਾਂਚ 'ਚ ਸ਼ਾਮਲ ਹੋਣ ਲਈ 2 ਵਾਰ ਨੋਟਿਸ ਜਾਰੀ ਕੀਤਾ। ਬੇਸ਼ੱਕ ਉਹ ਪਹਿਲੇ ਨੋਟਿਸ 'ਤੇ ਥਾਣੇ 'ਚ ਨਹੀਂ ਪਹੁੰਚੇ ਪਰ ਕੱਲ੍ਹ ਦੇਰ ਸ਼ਾਮ ਪੁਲਸ ਨੇ ਇਕ ਹੋਰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਪੁਲਸ ਤਫਤੀਸ਼ 'ਚ ਸ਼ਾਮਲ ਹੋਣ ਲਈ ਕਿਹਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਸਮਝੌਤਾ ਕਰਵਾਉਣ ਸਮੇਂ ਮਹਿਲਾ ਸਰਪੰਚ ਦੇ ਪਤੀ ਦੇ ਨਾਲ-ਨਾਲ ਦਰਸ਼ਨ ਸਿੰਘ ਵੀ ਸ਼ਾਮਲ ਸਨ। ਦੂਜੇ ਪਾਸੇ ਜਦੋਂ ਇਸ ਮਾਮਲੇ 'ਚ ਵਿਧਾਇਕਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਦੇ ਪਿਤਾ ਨੇ ਫੋਨ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ: ਫ਼ਰੀਦਕੋਟ: ਥਾਣਾ ਸਿਟੀ 'ਚ ਬੰਦ ਹਵਾਲਾਤੀ ਨੂੰ ਹੋਇਆ ਕੋਰੋਨਾ, ਥਾਣੇ 'ਚ ਪਈਆਂ ਭਾਜੜਾਂ