''ਆਪ'' ਨੇ ਚੁੱਕਿਆ ਬਿਜਲੀ ਸਮਝੌਤਿਆਂ ਨੂੰ ਰੀਵਿਊ ਕਰਨ ਦਾ ਮੁੱਦਾ
Tuesday, Feb 12, 2019 - 03:38 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੇ ਗਏ 'ਬਿਜਲੀ ਅੰਦੋਲਨ' ਨੂੰ ਲੈ ਕੇ ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦਾ ਅੰਦੋਲਨ ਸੂਬੇ 'ਚ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਅਤੇ ਉਹ ਪਿੰਡ-ਪਿੰਡ ਜਾ ਕੇ ਇਸ ਅੰਦੋਲਨ ਬਾਰੇ ਲੋਕਾਂ ਨੂੰ ਜਾਣੂੰ ਕਰਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਬਿਜਲੀ ਦੇ ਭਾਰੀ ਬਿੱਲਾਂ ਦਾ ਬੇਤਹਾਸ਼ਾ ਭਾਰ ਪੰਜਾਬ ਦੀ ਜਨਤਾ 'ਤੇ ਪਾਇਆ ਹੋਇਆ ਹੈ ਅਤੇ ਰੇਹੜੀ ਲਾਉਣ ਵਾਲੇ ਜਾਂ ਮਜ਼ਦੂਰੀ ਕਰਨ ਵਾਲੇ ਲੋਕਾਂ ਦੇ ਘਰਾਂ ਦਾ ਬਿਜਲੀ ਦਾ ਬਿੱਲ 40 ਤੋਂ 70 ਹਜ਼ਾਰ ਵਿਚਕਾਰ ਆ ਰਿਹਾ ਹੈ, ਜਿਸ ਕਾਰਨ ਗਰੀਬ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਉਹ ਬਿਜਲੀ ਸਮਝੌਤਿਆਂ ਨੂੰ ਰਿਵਿਊ ਕਰਨ ਦਾ ਮੁੱਦਾ ਵਿਧਾਨ ਸਭਾ ਅੱਗੇ ਰੱਖਣਗੇ ਅਤੇ ਜੇਕਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਉਹ ਇਸ ਖਿਲਾਫ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ। ਅਕਾਲੀ-ਭਾਜਪਾ ਦੇ ਧਰਨੇ ਬਾਰੇ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਸਿਰਫ ਡਰਾਮਾ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਦੇ ਸਮੇਂ ਹੀ ਕਿਸਾਨਾਂ ਸਿਰ ਇੰਨਾ ਕਰਜ਼ਾ ਚੜ੍ਹਿਆ, ਬੇਰੋਜ਼ਗਾਰੀ ਵਧੀ, ਕਿਸਾਨ ਖੁਦਕੁਸ਼ੀਆਂ ਦੀ ਰਾਹ 'ਤੇ ਪਏ ਸਨ ਅਤੇ ਹੁਣ ਉਹ ਸਿਰਫ ਮਗਰਮੱਛ ਵਾਲੇ ਹੰਝੂ ਵਹਾ ਰਹੇ ਹਨ।