ਕੁੱਲ ਹਿੰਦ ਕਿਸਾਨ ਸਭਾ ਨੇ ਫੂਕਿਆ ਮੋਦੀ ਦਾ ਪੁਤਲਾ

03/15/2018 2:39:09 AM

ਮੁਕੇਰੀਆਂ, (ਜੱਜ)- ਤ੍ਰਿਪੁਰਾ ਦੇ ਬੇਲੋਨੀਆ ਸ਼ਹਿਰ ਵਿਚ ਸਥਾਪਤ 1917 ਦੀ ਰੂਸੀ ਕ੍ਰਾਂਤੀ ਦੇ ਮਹਾਨਾਇਕ ਵਲਾਦੀਮੀਰ ਲੈਨਿਨ ਦੇ ਬੁੱਤ ਨੂੰ ਕੁਝ ਲੋਕਾਂ ਵੱਲੋਂ ਤੋੜਣ ਅਤੇ ਕਥਿਤ ਭੰਨ-ਤੋੜ ਕਰਨ, ਸੀ. ਪੀ. ਐੱਮ. ਦੇ ਦਫ਼ਤਰ ਨੂੰ ਤੋੜਣ, ਵਰਕਰਾਂ ਨਾਲ ਕੁੱਟ-ਮਾਰ ਆਦਿ ਦੀਆਂ ਘਟਨਾਵਾਂ ਵਿਰੁੱਧ ਅੱਜ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਜ਼ਿਲਾ ਮੀਤ ਪ੍ਰਧਾਨ ਅਸ਼ੋਕ ਮਹਾਜਨ ਦੀ ਅਗਵਾਈ ਵਿਚ ਸਥਾਨਕ ਬੱਸ ਸਟੈਂਡ ਵਿਖੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਥਾਨਕ ਸਿਵਲ ਹਸਪਤਾਲ  ਸਾਹਮਣੇ ਨੈਸ਼ਨਲ ਹਾਈਵੇ 'ਤੇ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। 
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸੂਬਾ ਕਮੇਟੀ ਮੈਂਬਰ ਆਸ਼ਾ ਨੰਦ ਨੇ ਉਕਤ ਘਟਨਾਵਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਮਹਿੰਗਾਈ, ਬੇਰੋਜ਼ਗਾਰੀ, ਕਿਸਾਨਾਂ ਦੀਆਂ ਖੁਦਕੁਸ਼ੀਆਂ ਆਦਿ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਹੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਦੇਸ਼ ਤੇ ਜਨਤਾ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਵਿਰੋਧੀ ਵਿਚਾਰ ਵਾਲਿਆਂ ਨੂੰ ਵਿਦੇਸ਼ੀ ਕਹਿ ਕੇ ਬਦਨਾਮ ਕਰਨ ਵਾਲੇ ਖੁਦ ਦੇਸ਼ ਦਾ ਇਕ ਤਿਹਾਈ ਹਿੱਸਾ ਵਿਦੇਸ਼ੀ ਕੰਪਨੀਆਂ ਨੂੰ ਵੇਚਣ ਲਈ ਰਾਜ ਸਭਾ ਅਤੇ ਲੋਕ ਸਭਾ ਵਿਚ ਬਿੱਲ ਪਾਸ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। 
ਇਸ ਮੌਕੇ ਸਰਬਜੀਤ ਸਿੰਘ, ਅਸ਼ਵਨੀ ਕੁਮਾਰ, ਬਚਨ ਲਾਲ, ਵਰਿੰਦਰ ਬੱਗੀ, ਰਘੁਵੀਰ ਸਿੰਘ, ਜਤਿੰਦਰ ਸਿੰਘ, ਸ਼ੰਕਰ ਸਿੰਘ, ਤਾਰਾ ਸਿੰਘ, ਨਾਥੂ ਰਾਮ, ਅਸ਼ੋਕ ਕੁਮਾਰ, ਦਿਲਾਵਰ ਸਿੰਘ, ਮਨਦੀਪ ਸਿੰਘ, ਜਨਕ ਰਾਜ, ਸੁਰਜੀਤ ਬਾਡੀ, ਕਿਸ਼ਨ ਸਿੰਘ, ਬਲਦੇਵ ਸਿੰਘ ਆਦਿ ਵੀ ਹਾਜ਼ਰ ਸਨ।


Related News