ਪੰਜਾਬ 'ਚ ਦਰਦਨਾਕ ਹਾਦਸਾ : 4 ਪੁਲਸ ਮੁਲਾਜ਼ਮਾਂ ਦੀ ਮੌਤ, ਮੁਸ਼ਕਲ ਨਾਲ ਬੱਸ 'ਚੋਂ ਕੱਢਿਆ ਬਾਹਰ (ਵੀਡੀਓ)

Wednesday, Jan 17, 2024 - 05:02 PM (IST)

ਪੰਜਾਬ 'ਚ ਦਰਦਨਾਕ ਹਾਦਸਾ : 4 ਪੁਲਸ ਮੁਲਾਜ਼ਮਾਂ ਦੀ ਮੌਤ, ਮੁਸ਼ਕਲ ਨਾਲ ਬੱਸ 'ਚੋਂ ਕੱਢਿਆ ਬਾਹਰ (ਵੀਡੀਓ)

ਹੁਸ਼ਿਆਰਪੁਰ (ਵਰਿੰਦਰ ਪੰਡਿਤ,ਨਾਗਲਾ, ਬਲਵੀਰ) : ਇੱਥੇ ਅੱਜ ਸਵੇਰੇ ਕਰੀਬ ਜਲੰਧਰ-ਪਠਾਨਕੋਟ ਹਾਈਵੇਅ 'ਤੇ ਪਿੰਡ ਐਮਾ ਮਾਂਗਟ ਨੇੜੇ ਪੰਜਾਬ ਪੁਲਸ ਦੀ ਬੱਸ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਦੌਰਾਨ 4 ਪੁਲਸ ਮੁਲਾਜ਼ਮਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ 16 ਹੋਰ ਪੁਲਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ|  ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਦੇ ਚੱਲਦਿਆਂ ਇਹ ਵੱਡਾ ਹਾਦਸਾ ਵਾਪਰਿਆ ਹੈ।  ਇਨ੍ਹਾਂ 'ਚੋਂ 2 ਜਵਾਨ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਹਨ। ਇਕ ਬੱਸ ਦਾ ਚਾਲਕ ਗੁਰਪ੍ਰੀਤ ਸਿੰਘ ਗੋਪੀ ਪਿੰਡ ਅਮੀਪੁਰ ਦਾ ਵਾਸੀ ਸੀ ਅਤੇ ਦੂਜੀ ਮਹਿਲਾ ਕਾਂਸਟੇਬਲ ਸ਼ਾਲੂ ਰਾਣਾ ਪਿੰਡ ਬਾਬੋਵਾਲ ਦੀ ਰਹਿਣ ਵਾਲੀ ਸੀ। 

ਇਹ ਵੀ ਪੜ੍ਹੋ : Canada ਜਾ ਕੇ ਮੁੱਕਰਨ ਦੇ ਇਲਜ਼ਾਮਾਂ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ (ਵੀਡੀਓ)

ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦੀ ਬੱਸ ਜਲੰਧਰ ਦੇ ਪੀ. ਏ. ਪੀ. ਤੋਂ ਗੁਰਦਾਸਪੁਰ ਜਾ ਰਹੀ ਸੀ। ਮੁਕੇਰੀਆਂ 'ਚ ਸੰਘਣੀ ਧੁੰਦ ਕਾਰਨ ਪੰਜਾਬ ਪੁਲਸ ਦੀ ਬੱਸ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਦੌਰਾਨ 4 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਮੁਲਾਜ਼ਮਾਂ ਨੂੰ ਬੱਸ ਅੰਦਰੋਂ ਕੱਢਿਆ ਅਤੇ ਜ਼ਖਮੀ ਮੁਲਾਜ਼ਮਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਘਟਨਾ ਸਥਾਨ ਤੋਂ ਸਵੇਰੇ ਕਰੀਬ 5:45 ਵਜੇ ਪੁਲਸ ਮੁਲਾਜ਼ਮਾਂ ਦੀ ਬੱਸ ਨੰਬਰ ਪੀ ਬੀ 06 ਬੀ 6874 ਕੱਚੀ ਸੜਕ ’ਤੇ ਖੜ੍ਹੇ ਸੀਮਿੰਟ ਨਾਲ ਭਰੇ ਟਰਾਲੇ ਨੰਬਰ ਪੀ. ਬੀ. 07 ਏ. ਸੀ. 7527 ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਕਰੀਬ ਦੋ-ਤਿੰਨ ਫੁੱਟ ਤੱਕ ਟਰਾਲੇ ਵਿੱਚ ਜਾ ਵੜਿਆ। ਹਾਦਸੇ ਦੀ ਆਵਾਜ਼ ਸੁਣਦੇ ਹੀ ਨੇੜਲੇ ਗੁਰਦੁਆਰਾ ਸਾਹਿਬ 'ਚ ਬੈਠੀਆਂ ਸੰਗਤਾਂ ਅਤੇ ਕਸਬਾ ਐਮਾ ਪੰਡੋਰੀ ਦੇ ਲੋਕ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਏ | ਉਨ੍ਹਾਂ ਤੁਰੰਤ ਪੁਲਸ ਨੂੰ ਸੁਚਨਾ ਦਿੱਤੀ ਅਤੇ ਪੁਲਸ ਦੀ ਮਦਦ ਨਾਲ ਜ਼ਖ਼ਮੀ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਅਤੇ ਦਸੂਹਾ ਪਹੁੰਚਾਇਆ। 

ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਦੇ ਅੰਦਰ ਬੁਰੀ ਤਰ੍ਹਾਂ ਫਸੇ ਡਰਾਈਵਰ ਨੂੰ ਕਰੀਬ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਜੇ. ਸੀ. ਬੀ. ਹਾਈਡ੍ਰੋਲਿਕਸ ਦੀ ਮਦਦ ਨਾਲ ਖਿੜਕੀਆਂ ਕੱਟ ਕੇ ਬਾਹਰ ਕੱਢਿਆ ਗਿਆ। ਲੋਕਾਂ ਦੱਸਿਆ ਕਿ ਥੋੜ੍ਹੀ ਦੇਰ ਪਹਿਲਾਂ ਡਰਾਈਵਰ ਨੇ ਫੋਨ 'ਤੇ ਅਤੇ ਉਨ੍ਹਾਂ ਨਾਲ ਗੱਲ ਵੀ ਕੀਤੀ ਪਰ ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਦੋਂ ਤੱਕ ਜ਼ਖ਼ਮਾਂ ਦੀ ਤਾਬ ਨਾ ਸਹਿੰਦਾ ਹੋਏ ਉਸ ਦੀ ਮੌਤ ਹੋ ਚੁੱਕੀ ਸੀ ਜਦਕਿ ਇਕ ਹੋਰ ਮੁਲਾਜ਼ਮ ਅਤੇ ਮਹਿਲਾ ਕਾਂਸਟੇਬਲ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਖਿਡਾਰੀਆਂ ਲਈ ਕੀਤੇ ਅਹਿਮ ਐਲਾਨ, ਜੇਤੂ ਖਿਡਾਰੀਆਂ ਨੂੰ ਵੰਡੀ ਕਰੋੜਾਂ ਦੀ ਰਾਸ਼ੀ (ਵੀਡੀਓ)

ਮੌਕੇ ’ਤੇ ਮੌਜੂਦ ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ ਅਤੇ ਥਾਣਾ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੀ. ਏ. ਪੀ 7, 27, 75 ਅਤੇ 80 ਬਟਾਲੀਅਨ ਦੇ ਪੁਲਸ ਮੁਲਾਜ਼ਮ ਸਵੇਰੇ 5 ਵਜੇ ਡਿਊਟੀ ਲਈ ਜਲੰਧਰ ਤੋਂ ਗੁਰਦਾਸਪੁਰ ਜਾ ਰਹੇ ਸਨ, ਜਿਨ੍ਹਾਂ ਦੀ ਬੱਸ ਐਮਾ ਮਾਂਗਟ ਕਸਬੇ ਵਿਖੇ ਹੀ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. (ਜਨਰਲ) ਗੁਰਦਾਸਪੁਰ ਸੁਭਾਸ਼ ਚੰਦਰ, ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ, ਐੱਸ. ਡੀ. ਐੱਮ. ਮੁਕੇਰੀਆਂ ਅਸ਼ੋਕ ਕੁਮਾਰ, ਤਹਿਸੀਲਦਾਰ ਅੰਮ੍ਰਿਤਵੀਰ ਸਿੰਘ, ਐੱਸ. ਪੀ. (ਪੀ. ਬੀ. ਆਈ) ਮੇਜਰ ਸਿੰਘ ਨੇ ਸਿਵਲ ਹਸਪਤਾਲ ਮੁਕੇਰੀਆ ਵਿੱਚ ਪਹੁੰਚ ਕੇ ਜ਼ਖ਼ਮੀ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਿਆ।  ਇਸ ਮੌਕੇ 'ਤੇ ਮੌਜੂਦ ਐੱਸ. ਐੱਮ. ਓ. ਡਾ. ਰਮਨ ਕੁਮਾਰ ਨੇ ਉਨ੍ਹਾਂ ਨੂੰ ਦੱਸਿਆ ਕਿ 9 ਗੰਭੀਰ ਜ਼ਖ਼ਮੀ ਮੁਲਾਜ਼ਮਾਂ ਨੂੰ ਜਲੰਧਰ ਰੈਫਰ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ 5 ਜ਼ਖ਼ਮੀ ਮੁਲਾਜ਼ਮਾਂ ਦਾ ਸਿਵਲ ਹਸਪਤਾਲ ਮੁਕੇਰੀਆਂ ਵਿੱਚ ਇਲਾਜ ਚੱਲ ਰਿਹਾ ਹੈ ਅਤੇ 2 ਮੁਲਾਜ਼ਮ ਸਿਵਲ ਹਸਪਤਾਲ ਦਸੂਹਾ ਵਿੱਚ ਜ਼ੇਰੇ ਇਲਾਜ ਹਨ। ਏ. ਡੀ. ਸੀ. ਸੁਭਾਸ਼ ਚੰਦਰ ਅਤੇ ਐੱਸ. ਡੀ. ਐੱਮ. ਅਸ਼ੋਕ ਕੁਮਾਰ ਨੇ ਮੌਖਿਕ ਆਦੇਸ ਜਾਰੀ ਕਰਦੇ ਹੋਏ ਕਿਹਾ ਕਿ ਜ਼ਖ਼ਮੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਨ ਦੇ ਨਾਲ-ਨਾਲ ਇਲਾਜ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ। 

ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਖਦਸ਼ਾ ਜ਼ਾਹਰ ਕੀਤਾ ਕਿ ਵਿਜ਼ੀਬਿਲਟੀ ਘੱਟ ਹੋਣ ਕਾਰਨ ਬੱਸ ਚਾਲਕ ਨੂੰ ਘੋੜੇ ਵਰਗਾ ਜਾਨਵਰ ਨਜ਼ਰ ਆ ਗਿਆ ਹੋਵੇਗਾ, ਜਿਸ ਕਾਰਨ ਡਰਾਈਵਰ ਨੇ ਗੱਡੀ ਸਾਈਡ ’ਤੇ ਕੱਟ ਦਿੱਤੀ ਅਤੇ ਬੱਸ ਸੜਕ ਕਿਨਾਰੇ ਖੜ੍ਹੀ ਟਰਾਲੇ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਹਾਲੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਸੜਕ 'ਤੇ ਵਾਹਨ ਖੜ੍ਹੇ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਨੂੰ ਹਰ ਤਰ੍ਹਾਂ ਦੀ ਸਰਕਾਰੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। 
ਥਾਣਾ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਕਾਂਸਟੇਬਲ ਗੁਰਪ੍ਰੀਤ ਸਿੰਘ, ਮਹਿਲਾ ਕਾਂਸਟੇਬਲ ਸ਼ਾਲੂ ਰਾਣਾ ਦੋਵੇਂ ਵਾਸੀ ਗੁਰਦਾਸਪੁਰ ਅਤੇ ਏ. ਐੱਸ. ਆਈ. ਹਰਦੇਵ ਸਿੰਘ ਵਾਸੀ ਮੋਗਾ ਇਨ੍ਹਾਂ ਤਿੰਨਾਂ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਜਦੋਂਕਿ ਗੰਭੀਰ ਜ਼ਖ਼ਮੀਆਂ ਵਿੱਚ ਕੁੰਦਨ ਲਾਲ ਪੁੱਤਰ ਪ੍ਰੀਤਮ ਸਿੰਘ, ਗੁਰਮੀਤ ਸਿੰਘ ਪੁੱਤਰ ਗੁਰਮੇਜ ਸਿੰਘ, ਜਸਵੀਰ ਸਿੰਘ ਪੁੱਤਰ ਅਜੀਤ ਸਿੰਘ, ਸੰਜੀਵ ਕੁਮਾਰ ਪੁੱਤਰ ਮੁਲਖਰਾਜ, ਹਰਦੀਪ ਸਿੰਘ ਪੁੱਤਰ ਜਗਨਨਾਥ, ਮਨਪ੍ਰੀਤ ਕੌਰ ਪੁੱਤਰੀ ਬਲਕਾਰ ਸਿੰਘ, ਨਵਦੀਪ ਕੌਰ ਪੁੱਤਰੀ ਸੁਖਦੇਵ ਸਿੰਘ, ਮਹਿੰਦਰ ਪਾਲ ਪੁੱਤਰ ਥੋਡੂ ਰਾਮ ਅਤੇ ਹਰਿੰਦਰ ਕੁਮਾਰ ਵਾਸੀ ਜਲੰਧਰ ਨੂੰ ਰੈਫਰ ਕਰ ਦਿੱਤਾ ਗਿਆ ਜਦਕਿ ਸੰਜੀਵ ਕੁਮਾਰ, ਕੁਲਦੀਪ ਸਿੰਘ, ਨਵਤੇਜਪਾਲ, ਦਲਜੀਤ ਸਿੰਘ ਅਤੇ ਬਲਜਿੰਦਰ ਰਾਮ ਸਿਵਲ ਹਸਪਤਾਲ ਮੁਕੇਰੀਆਂ ਅਤੇ ਵਿਜੇ ਕੁਮਾਰ ਪੁੱਤਰ ਕਾਬਲ ਰਾਮ ਤਿਲਕ ਰਾਜ ਪੁੱਤਰ ਰਾਮ ਪ੍ਰਕਾਸ਼ ਦੋਵੇਂ ਵਾਸੀ ਜਲੰਧਰ ਦਾ ਸਿਵਲ ਹਸਪਤਾਲ ਦਸੂਹਾ ਵਿਖੇ ਇਲਾਜ ਚੱਲ ਰਿਹਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Babita

Content Editor

Related News