ਫਰੀਦਕੋਟ ਪੁਲਸ ਦਾ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਆਇਆ ਸਾਹਮਣੇ, ਜਾਣੋ ਕੀ ਹੈ ਪੂਰਾ ਮਾਮਲਾ
Monday, Sep 18, 2023 - 06:41 PM (IST)
ਫਰੀਦਕੋਟ (ਜਗਤਾਰ) : ਫਰੀਦਕੋਟ ਪੁਲਸ ਦਾ ਇਕ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਜਿਸ ਵਿਚ ਪੁਲਸ ਨੇ ਇਕ 23 ਸਾਲਾ ਨੌਜਵਾਨ ’ਤੇ 25 ਸਾਲਾਂ ਤੋਂ ਸਰਕਾਰੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕਰਨ ਦਾ ਮਾਮਲਾ ਦਰਜ ਕਰ ਲਿਆ। ਫਰੀਦਕੋਟ ਜ਼ਿਲ੍ਹੇ ਅੰਦਰ ਪੁਲਸ ਵੱਲੋਂ 5 ਲੋਕਾਂ ’ਤੇ ਸਰਕਾਰੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕਰਨ ਦਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਕਰਕੇ ਪੁਲਸ ਦੀ ਚੁਫੇਰਿਓਂ ਕਿਰਕਿਰੀ ਹੋ ਰਹੀ ਹੈ।
ਕੀ ਹੈ ਪੂਰਾ ਮਾਮਲਾ?
ਦਰਅਸਲ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਦਿਕ ਦੇ ਪੁਲਸ ਥਾਣੇ ਵਿਚ ਪਿੰਡ ਰੁਪੱਈਆਂ ਵਾਲੇ ਦੇ 5 ਵਿਅਕਤੀਆ ਖ਼ਿਲਾਫ ਪੰਜਾਬ ਸਰਕਾਰ ਦੀ ਮਾਲਕੀ ਵਾਲੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕਰਨ ਸੰਬੰਧੀ ਮੁਕੱਦਮਾਂ ਨੰਬਰ 58 ਦਰਜ ਕੀਤਾ ਗਿਆ ਹੈ ਜਿਸ ਵਿਚ ਹਰਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਬਲਰਾਜ ਸਿੰਘ ਸਮੇਤ ਕੁੱਲ 5 ਲੋਕਾਂ ਨੂੰ ਨਜਾਇਜ਼ ਕਬਜ਼ਾ ਕਰਨ ਦੇ ਦੋਸ਼ੀ ਦੱਸਿਆ ਗਿਆ ਹੈ। ਅਜੇ ਤੱਕ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਸੰਦੀਪ ਸਿੰਘ ਚਕੋਤਾਕਾਰ ਨੇ ਦੱਸਿਆ ਕਿ ਉਸ ਨੇ ਆਪਣੇ ਪਿੰਡ ਦੇ ਰਕਬੇ ਅਧੀਨ ਪੈਂਦੀ ਪੰਜਾਬ ਸਰਕਾਰ ਦੀ ਕਰੀਬ 11 ਏਕੜ ਜ਼ਮੀਨ ਕਰੀਬ ਢਾਈ ਲੱਖ ਰੁਪਏ ਸਲਾਨਾਂ ਚਕੌਤੇ ’ਤੇ ਲਈ ਹੈ। ਉਸ ਨੇ ਕਿਹਾ ਕਿ ਉਸ ਨੇ ਇਸ ਜ਼ਮੀਨ ਨੂੰ ਪੂਰਾ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਇਸ ਦੀ ਨਿਸ਼ਾਨਦੇਹੀ ਕਰਵਾਈ ਸੀ ਤਾਂ ਪਤਾ ਲੱਗਾ ਸੀ ਕਿ ਪਿੰਡ ਦੇ ਹੀ ਹਰਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਬਲਰਾਜ ਸਿੰਘ ਨੇ ਆਪਣੇ 2 ਹੋਰ ਸਾਥੀਆਂ ਸਮੇਤ ਇਸ ਜ਼ਮੀਨ ’ਤੇ ਪਿਛਲੇ ਕਰੀਬ 25/30 ਸਾਲ ਤੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਸੰਬੰਧੀ ਉਸ ਨੇ ਕਬਜ਼ਾ ਛੁਡਵਾਉਣ ਅਤੇ ਇਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਦਰਖਾਸਤ ਦਿੱਤੀ ਸੀ ਜਿਸ ’ਤੇ ਹੁਣ ਮੁਕੱਦਮਾ ਦਰਜ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 37.98 ਲੱਖ ਪਰਿਵਾਰਾਂ ਲਈ ਵੱਡੀ ਖ਼ਬਰ, ਨਵੰਬਰ ਮਹੀਨੇ ਸ਼ੁਰੂ ਹੋਣ ਜਾ ਰਹੀ ਇਹ ਸਕੀਮ
ਕੀ ਕਹਿਣਾ ਹੈ ਹਰਜੀਤ ਸਿੰਘ ਤੇ ਉਸ ਦੇ ਸਾਥੀਆਂ ਦਾ
ਇਸ ਪੂਰੇ ਮਾਮਲੇ ਬਾਰੇ ਜਦੋਂ ਦੂਜੀ ਧਿਰ ਦੇ ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਜੋ ਮੁਕੱਦਮਾਂ ਦਰਜ ਹੋਇਆ ਹੈ, ਇਹ ਸਿਆਸੀ ਰੰਜਿਸ਼ ਦੇ ਤਹਿਤ ਦਰਜ ਹੋਇਆ ਹੈ। ਉਨ੍ਹਾਂ ਦਾ ਕਿਸੇ ਵੀ ਸਰਕਾਰੀ ਜ਼ਮੀਨ ’ਤੇ ਕੋਈ ਕਬਜ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕਰਨ ਦੀ ਗੱਲ ਕਹੀ ਜਾ ਰਹੀ ਹੈ ਉਸ ਜ਼ਮੀਨ ਦੇ ਨਾਲ ਸਿਰਫ ਉਸ ਦੀ ਜ਼ਮੀਨ ਲੱਗਦੀ ਹੈ ਅਤੇ ਉਸ ਨੇ ਆਪਣੀ ਜ਼ਮੀਨ ਵਿਚੋਂ ਕਰੀਬ 10 ਫੁੱਟ ਜਗ੍ਹਾ ਛੱਡ ਕੇ ਫਸਲ ਬੀਜੀ ਹੋਈ ਹੈ। ਉਨ੍ਹਾਂ ਕਿਹਾ ਕਿ ਨਾ ਤਾ ਇਥੇ ਕੋਈ ਅਧਿਕਾਰੀ ਜਾਂ ਕਰਮਚਾਰੀ ਕਦੇ ਤਫਤੀਸ਼ ਕਰਨ ਆਇਆ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਨੂੰ ਬੁਲਾ ਕੇ ਕੋਈ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਇਸੇ ਜ਼ਮੀਨ ਦੇ ਰਕਬੇ ਵਿਚੋਂ ਪਿੰਡ ਵਿਚ ਇਕ ਹੋਰ ਸਖਸ਼ ਨੇ ਕਬਜ਼ਾ ਕੀਤਾ ਹੋਇਆ ਉਸ ’ਤੇ ਕਾਰਵਾਈ ਕਰਨ ਦੀ ਬਿਜਾਏ ਸਾਡੇ ’ਤੇ ਝੂਠਾ ਮੁਕੱਦਮਾਂ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਨੂੰ ਪੂਰੇ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਇਹ ਵੀ ਪੜ੍ਹੋ : ਤਰਨਤਾਰਨ : ਪਰਿਵਾਰ ’ਤੇ ਵਰ੍ਹਿਆ ਕਹਿਰ, ਪੇਟ ਦਰਦ ਤੋਂ ਬਾਅਦ ਦੋ ਪੁੱਤਾਂ ਦੀ ਮੌਤ
ਦੂਜੇ ਪਾਸੇ ਗੱਲਬਾਤ ਕਰਦਿਆਂ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਾਰਾ ਮਾਮਲਾ ਝੂਠਾ ਦਰਜ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਸ ਮਾਮਲੇ ਵਿਚ ਨਾਮਜ਼ਦ 5 ਲੋਕਾਂ ਵਿਚੋਂ 4 ਲੋਕਾਂ ਦੀ ਜ਼ਮੀਨ ਇਸ ਸਰਕਾਰੀ ਜ਼ਮੀਨ ਤੋਂ ਕਰੀਬ 2-2 ਕਿਲੋਮੀਟਰ ਦੂਰ ਹੈ ਅਤੇ ਦੂਜਾ ਜਦੋਂ ਦਾ ਇਸ ਜ਼ਮੀਨ ’ਤੇ ਉਸ ਦਾ ਕਬਜ਼ਾ ਦਿਖਾਇਆ ਜਾ ਰਿਹਾ ਉਸ ਦਾ ਤਾਂ ਜਨਮ ਵੀ ਉਸ ਤੋਂ 2 ਸਾਲ ਬਾਅਦ ਹੋਇਆ ਸੀ ਫਿਰ ਦੱਸੋ ਕਬਜ਼ਾ ਕਿਵੇਂ ਹੋ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਬਲਰਾਜ ਸਿੰਘ ਨੇ ਕਿਹਾ ਕਿ ਇਹ ਪੂਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਨਾਮਜ਼ਦ 5 ਲੋਕਾਂ ਵਿਚੋਂ ਉਨ੍ਹਾਂ ਕਿਸੇ ਨੇ ਵੀ ਸਰਕਾਰੀ ਜ਼ਮੀਨ ’ਤੇ ਕੋਈ ਕਬਜ਼ਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆ ਜ਼ਮੀਨਾਂ ਇਸ ਜ਼ਮੀਨ ਦੇ ਨਾਲ ਨਹੀਂ ਲਗਦੀਆਂ ਨਾ ਕਿਸੇ ਕੋਲ ਕੋਈ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੇ ਕੋਈ ਨਜਾਇਜ਼ ਕਬਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੀ ਪੁਲਸ ਦੱਸ ਸਕਦੀ ਹੈ ਕਿ 23 ਸਾਲਾ ਮੁੰਡੇ ਨੇ 25 ਸਾਲ ਪਹਿਲਾਂ ਜ਼ਮੀਨ ’ਤੇ ਕਬਜ਼ਾ ਕਿਵੇਂ ਕੀਤਾ ਅਤੇ ਉਸ ਦੀ ਖੁਦ ਦੀ ਉਮਰ 36 ਸਾਲ ਹੈ ਕੀ ਉਸ ਨੇ 8/9 ਸਾਲ ਦੀ ਉਮਰ ਵਿਚ ਹੀ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਉਹ ਪੁਲਸ ਮੁਲਾਜ਼ਮਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕਰਵਾਈ ਜਾਵੇ ਅਤੇ ਅਸਲ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਨਹੀਂ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਤੇ ਉਨ੍ਹਾਂ ਦੇ ਪਤੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਕੀ ਕਹਿਣਾ ਹੈ ਡੀ. ਐੱਸ. ਪੀ. (ਐੱਚ)
ਇਸ ਪੂਰੇ ਮਾਮਲੇ ਜਦੋਂ ਡੀ. ਐੱਸ. ਪੀ. (ਐਚ) ਫਰੀਦਕੋਟ ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਰੁਪੱਈਆਂ ਵਾਲਾ ਵਿਖੇ ਪੰਜਾਬ ਸਰਕਾਰ ਦੀ ਮਾਲਕੀ ਵਾਲੀ ਕਰੀਬ 11 ਏਕੜ ਜ਼ਮੀਨ ਪਿੰਡ ਦੇ ਇਕ ਵਿਅਕਤੀ ਨੇ ਚਕੌਤੇ ’ਤੇ ਲਈ ਸੀ ਜੋ ਰਕਬਾ ਪੂਰਾ ਨਾ ਹੋਣ ਦੇ ਚੱਲਦੇ ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ਮੀਨ ਪੂਰੀ ਕਰਵਾਉਣ ਅਤੇ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀਆ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਜੋ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਐੱਸ. ਡੀ. ਐੱਮ ਫਰੀਦਕੋਟ ਨੂੰ ਮਾਰਕ ਹੋਈ ਸੀ ਅਤੇ ਐੱਸਡੀਐੱਮ ਫਰੀਦਕੋਟ ਨੇ ਹੀ ਇਸ ਦੀ ਕੋਈ ਜਾਂਚ ਕਰਵਾਈ ਸੀ ਜਿਸ ’ਤੇ 5 ਵਿਅਕਤੀਆ ਖ਼ਿਲਾਫ ਮੁਕੱਦਮਾਂ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਨਾਮ ਗਲਤ ਇਸ ਵਿਚ ਆਇਆ ਹੈ ਜਾਂ ਕਿਸੇ ਨਾਲ ਕੋਈ ਧੱਕਾ ਹੋਇਆ ਹੈ ਇਸ ਸੰਬੰਧੀ ਪੁਲਸ ਵੱਲੋਂ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਬੇਕਸੂਰ ਨੂੰ ਫਸਾਇਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਪਿਛਲੇ ਤਿੰਨ ਦਿਨ ਤੋਂ ਲਾਪਤਾ ਮਿਸਟਰ ਏਸ਼ੀਆ ਰਹਿ ਚੁੱਕੇ ਮਸ਼ਹੂਰ ਬਾਡੀ ਬਿਲਡਰ ਦੀ ਇਸ ਹਾਲਤ ’ਚ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8