ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਸ਼ਰਧਾਲੂ ਨੂੰ BSF ਨੇ ਕੀਤਾ ਕਾਬੂ, ਬਰਾਮਦ ਹੋਇਆ ਇਹ ਸਾਮਾਨ
Tuesday, Sep 06, 2022 - 04:48 AM (IST)
ਗੁਰਦਾਸਪੁਰ (ਵਿਨੋਦ) : ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਕੇ ਵਾਪਸ ਪਰਤੇ ਇਕ ਭਾਰਤੀ ਨਾਗਰਿਕ ਕੋਲੋਂ ਇਕ ਲੱਖ ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਹੈ। ਇਹ ਸਾਰੇ ਨੋਟ 1000 ਰੁਪਏ ਪਾਕਿਸਤਾਨੀ ਕਰੰਸੀ ਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਦੇ ਡੀ.ਆਈ.ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਜਿਹੜੇ ਲੋਕ ਸਵੇਰੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘੇ ਰਾਹੀਂ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ, ਸ਼ਾਮ ਨੂੰ ਜਦੋਂ ਉਹ ਵਾਪਸ ਭਾਰਤ ਸਰਹੱਦ ਅੰਦਰ ਦਾਖਲ ਹੋਏ ਤਾਂ ਰੁਟੀਨ 'ਚ ਉਨ੍ਹਾਂ ਦੀ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ : ਅਹਿਮ ਖਬ਼ਰ: ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਤਲਾਸ਼ੀ ਦੌਰਾਨ ਇਕ ਭਾਰਤੀ ਨਾਗਰਿਕ ਪਵਨ ਕੁਮਾਰ ਪੁੱਤਰ ਤਰਸੇਮ ਕੁਮਾਰ ਵਾਸੀ ਜੰਡੀ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਪਾਸਪੋਰਟ ਨੰਬਰ ਵੀ-ਐੱਸ-443886 ਮਿਤੀ 29-12-2021 ਦੇ ਆਧਾਰ 'ਤੇ ਪਾਕਿਸਤਾਨ ਸ੍ਰੀ ਗੁਰਦੁਆਰਾ ਕਰਤਾਰ ਸਾਹਿਬ ਨਤਮਸਤਕ ਹੋਣ ਗਿਆ ਸੀ, ਨੂੰ ਜਦੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕਾਬੂ ਕੀਤਾ ਤਾਂ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ (ਇਕ ਹਜ਼ਾਰ ਰੁਪਏ ਦੇ ਸਾਰੇ ਨੋਟ) ਬਰਾਮਦ ਹੋਈ।
ਇਹ ਵੀ ਪੜ੍ਹੋ : ਬੈਂਗਲੁਰੂ ’ਚ ਬਾਰਿਸ਼ ਬਣੀ ਲੋਕਾਂ ਲਈ ਆਫ਼ਤ, IT ਕਰਮਚਾਰੀਆਂ ਨੇ ਦਫ਼ਤਰ ਜਾਣ ਲਈ ਲਿਆ ਟਰੈਕਟਰ ਦਾ ਸਹਾਰਾ
ਉਸ ਤੋਂ ਪੁੱਛਗਿੱਛ ਕਰਨ 'ਤੇ ਪਵਨ ਕੁਮਾਰ ਨੇ ਦੱਸਿਆ ਕਿ ਇਹ ਪਾਕਿਸਤਾਨੀ ਕਰੰਸੀ ਉਸ ਨੂੰ ਪਾਕਿਸਤਾਨ ਰਹਿੰਦੇ ਉਸ ਦੇ ਰਿਸ਼ਤੇਦਾਰਾਂ ਨੇ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਤੋਹਫੇ ਵਜੋਂ ਦਿੱਤੀ ਸੀ। ਡੀ.ਆਈ.ਜੀ. ਪ੍ਰਭਾਬਰ ਜੋਸ਼ੀ ਨੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਲਈ ਪੁਲਸ ਨੂੰ ਸੂਚਿਤ ਕਰਕੇ ਮੁਲਜ਼ਮ ਪਵਨ ਕੁਮਾਰ ਕੋਲੋਂ ਬਰਾਮਦ ਪਾਕਿਸਤਾਨੀ ਕਰੰਸੀ ਸਮੇਤ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਨਿਯਮਾਂ ਮੁਤਾਬਕ ਪਾਕਿਸਤਾਨੀ ਕਰੰਸੀ ਲਿਆਉਣ ਦੀ ਇਜਾਜ਼ਤ ਨਹੀਂ ਹੈ। ਇਸ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦੋਸ਼ੀ ਪਵਨ ਕੁਮਾਰ ਇਹ ਪਾਕਿਸਤਾਨੀ ਕਰੰਸੀ ਭਾਰਤ ਕਿਉਂ ਲੈ ਕੇ ਆਇਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।