ਪੰਜਾਬ ਦਾ ਪੈਰਿਸ ਕਪੂਰਥਲਾ ਬਣਿਆ ਗੰਦਗੀ ਦਾ ਢੇਰ

Thursday, Jun 08, 2017 - 07:49 AM (IST)

ਪੰਜਾਬ ਦਾ ਪੈਰਿਸ ਕਪੂਰਥਲਾ ਬਣਿਆ ਗੰਦਗੀ ਦਾ ਢੇਰ

ਕਪੂਰਥਲਾ, (ਗੌਰਵ)- ਕਿਸੇ ਜ਼ਮਾਨੇ 'ਚ ਪੰਜਾਬ ਦਾ ਪੈਰਿਸ ਕਹਾਉਣ ਵਾਲਾ ਰਿਆਸਤੀ ਸ਼ਹਿਰ ਕਪੂਰਥਲਾ ਵਰਤਮਾਨ 'ਚ ਟੁੱਟੀਆਂ ਸੜਕਾਂ, ਖਸਤਾ ਹਾਲਤ ਸਰਕਾਰੀ ਇਮਾਰਤਾਂ ਤੇ ਕੂੜਾ ਕਰਕਟ ਦੇ ਥਾਂ-ਥਾਂ 'ਤੇ ਲੱਗੇ ਢੇਰਾਂ ਦੇ ਕਾਰਨ ਫੈਲੀ ਗੰਦਗੀ ਲਈ ਸੁਰਖੀਆਂ 'ਚ ਆਇਆ ਰਹਿੰਦਾ ਹੈ। ਸਾਫ-ਸਫਾਈ ਤੇ 24 ਘੰਟੇ ਪੀਣ ਵਾਲੇ ਪਾਣੀ ਦੀ ਨਿਰੰਤਰ ਸਪਲਾਈ ਲਈ ਦੇਸ਼-ਵਿਦੇਸ਼ 'ਚ ਮਸ਼ੂਹਰ ਕਪੂਰਥਲਾ ਹੁਣ ਇਨ੍ਹਾਂ ਮੁੱਢਲੀਆਂ ਸਹੂਲਤਾਂ ਤੋਂ ਦੂਰ ਚਲਾ ਜਾ ਰਿਹਾ ਹੈ। ਸਾਫ-ਸਫਾਈ ਦੇ ਨਾਮ 'ਤੇ ਸ਼ਹਿਰ 'ਚ ਸ਼ਾਇਦ ਹੀ ਕੋਈ ਕੋਨਾ ਬਚਿਆ ਹੋਵੇਗਾ, ਹਰ ਜਗ੍ਹਾ ਗੰਦਗੀ, ਕੂੜਾ ਕਰਕਟ ਦੇ ਢੇਰ ਲੱਗੇ ਹੋਏ ਹਨ, ਸ਼ਹਿਰ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਠੀਕ ਨਹੀਂ ਚੱਲ ਰਹੀ ਜਿਸ ਕਰਕੇ ਸ਼ਹਿਰ ਨਿਵਾਸੀ ਖਾਸੇ ਪ੍ਰੇਸ਼ਾਨ ਹਨ। ਗਰਮੀ 'ਚ ਲੱਗ ਰਹੇ ਬਿਜਲੀ ਦੇ ਕੱਟਾਂ ਦੇ ਨਾਲ ਹੀ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ। ਸ਼ਹਿਰ ਦੀਆਂ ਕਈ ਲੋਕੇਸ਼ਨਾਂ 'ਤੇ ਪਾਣੀ ਦੀ ਸਪਲਾਈ ਬਗੈਰ ਟੁੱਲੂ ਪੰਪਾਂ ਦੇ ਚਲਾਏ ਘਰਾਂ 'ਚ ਆਉਂਦੀ ਨਹੀਂ ਹੈ। ਸ਼ਹਿਰ ਦੇ ਸਰਕੂਲਰ ਰੋਡ, ਜਲੌਖਾਨਾ ਚੌਕ, ਪੰਜ ਮੰਦਰ ਦੇ ਬਾਹਰ, ਪਸ਼ੂਆਂ ਦੇ ਹਸਪਤਾਲ ਦੇ ਬਾਹਰ, ਲਕਸ਼ਮੀ ਨਗਰ ਸ਼ਮਸ਼ਾਨਘਾਟ ਰੋਡ ਦੇ ਮੋੜ 'ਤੇ, ਅੰਮ੍ਰਿਤਸਰ ਰੋਡ ਤੋਂ ਮਲਕਾਣਾ ਮੁਹੱਲਾ ਰੋਡ 'ਤੇ, ਕੋਟੂ ਚੌਕ, ਮਸਜਿਦ ਚੌਕ ਦੇ ਕੋਲ, ਬੱਸ ਸਟੈਂਡ, ਮਾਲ ਰੋਡ 'ਤੇ ਵਿਜਯ ਬੈਂਕ ਦੇ ਕੋਲ ਆਦਿ ਸ਼ਹਿਰ ਦੇ ਕਈ ਮਹੱਤਵਪੂਰਨ ਸਥਾਨਾਂ 'ਤੇ ਕੂੜਿਆਂ ਦੇ ਅੰਬਾਰ ਲੱਗੇ ਹੋਏ ਹਨ, ਜਿਸ ਵੱਲ ਨਗਰ ਕੌਂਸਲ ਦਾ ਕੋਈ ਧਿਆਨ ਨਹੀਂ ਜਾ ਰਿਹਾ। ਕੂੜੇ ਦੇ ਲੱਗੇ ਹੋਏ ਢੇਰਾਂ ਦੇ ਕਾਰਨ ਲੋਕਾਂ 'ਚ ਅਤਿ ਰੋਸ ਹੈ ਤੇ ਲੋਕਾਂ ਨੂੰ ਗੰਦਗੀ ਤੋਂ ਫੈਲਣ ਵਾਲੀ ਬੀਮਾਰੀ ਦਾ ਵੀ ਡਰ ਸਤਾਅ ਰਿਹਾ ਹੈ। 
ਇਸ ਸਬੰਧੀ ਨਗਰ ਕੌਂਸਲ ਦੇ ਨਵ-ਨਿਯੁਕਤ ਈ.ਓ. ਰਣਦੀਪ ਸਿੰਘ ਵੜੈਚ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਜੇ ਉਨ੍ਹਾਂ ਨੂੰ ਡਿਊਟੀ ਸੰਭਾਲੇ ਦੋ ਦਿਨ ਹੀ ਹੋਏ ਹਨ ਪ੍ਰੰਤੂ ਸ਼ਹਿਰ 'ਚ ਕੂੜਾ ਕਰਕਟ ਸਬੰਧੀ ਸਮੱਸਿਆ ਬਹੁਤ ਹੀ ਜ਼ਿਆਦਾ ਗੰਭੀਰ ਹੈ, 2 ਹਫਤਿਆਂ ਦੇ ਅੰਦਰ ਹੀ ਕੂੜਾ-ਕਰਕਟ ਸਬੰਧੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਸਫਾਈ ਕਰਮਚਾਰੀਆਂ ਦੀਆਂ ਜੰਗੀ ਪੱਧਰ 'ਤੇ ਡਿਊਟੀਆਂ ਲਗਾ ਕੇ ਕੂੜਾ ਚੁਕਾਇਆ ਜਾਵੇਗਾ ਤੇ ਸ਼ਹਿਰ ਨੂੰ ਦੁਬਾਰਾ ਸਾਫ-ਸੁਥਰਾ ਮਾਹੌਲ ਦਿੱਤਾ ਜਾਵੇਗਾ। 


Related News