ਗਰੀਬੀ ਤੋਂ ਤੰਗ ਆਏ ਵਿਅਕਤੀ ਨੇ ਲਗਾਇਆ ਮੌਤ ਨੂੰ ਗਲੇ

Tuesday, Jan 30, 2018 - 01:28 AM (IST)

ਗਰੀਬੀ ਤੋਂ ਤੰਗ ਆਏ ਵਿਅਕਤੀ ਨੇ ਲਗਾਇਆ ਮੌਤ ਨੂੰ ਗਲੇ

ਗੜ੍ਹਦੀਵਾਲਾ, (ਜਤਿੰਦਰ)- ਇਕ ਪਾਸੇ ਜਿਥੇ ਸਰਕਾਰਾਂ ਦੇਸ਼ ਅੰਦਰ ਗਰੀਬਾਂ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਚਲਾ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ, ਉਥੇ ਹੀ ਦੂਜੇ ਪਾਸੇ ਗਰੀਬ ਅੱਜ ਵੀ 2 ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ। ਅਜਿਹੇ ਵਿਅਕਤੀ ਆਪਣੀਆਂ ਸਮੱਸਿਆਵਾਂ ਦਾ ਕੋਈ ਹੱਲ ਹੁੰਦਾ ਨਾ ਦੇਖ ਪ੍ਰੇਸ਼ਾਨੀ ਵਿਚ ਮੌਤ ਨੂੰ ਗਲੇ ਲਾ ਲੈਂਦੇ ਹਨ। ਅਜਿਹੇ ਹੀ ਗਰੀਬੀ ਤੋਂ ਤੰਗ ਇਥੋਂ ਨਜ਼ਦੀਕੀ ਪਿੰਡ ਰੂਪੋਵਾਲ ਦੇ ਇਕ ਵਿਅਕਤੀ ਵੱਲੋਂ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ (45) ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਰੂਪੋਵਾਲ ਵਜੋਂ ਹੋਈ ਹੈ। 
ਇਸ ਸਬੰਧੀ ਮ੍ਰਿਤਕ ਦੀ ਪਤਨੀ ਅਨੀਤਾ ਰਾਣੀ ਨੇ ਗੜ੍ਹਦੀਵਾਲਾ ਪੁਲਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਉਸ ਦਾ ਪਤੀ ਮਿਹਨਤ-ਮਜ਼ਦੂਰੀ ਕਰਦਾ ਸੀ। ਉਸ ਦੀਆਂ 2 ਲੜਕੀਆਂ ਹਨ। ਕੱਲ ਗੁਰਮੀਤ ਸਿੰਘ ਘਰੋਂ ਬਾਹਰ ਗਿਆ ਸੀ। ਕਾਫੀ ਦੇਰ ਬਾਅਦ ਵੀ ਜਦੋਂ ਉਹ ਨਾ ਪਰਤਿਆ ਤਾਂ ਗੁਆਂਢੀਆਂ ਨੇ ਦੱਸਿਆ ਕਿ ਸ਼ਮਸ਼ਾਨਘਾਟ ਵਿਚ ਦਰੱਖਤ ਨਾਲ ਕਿਸੇ ਦੀ ਲਾਸ਼ ਲਟਕ ਰਹੀ ਹੈ। ਜਦੋਂ ਜਾ ਕੇ ਦੇਖਿਆ ਤਾਂ ਉਹ ਲਾਸ਼ ਉਸ ਦੇ ਪਤੀ ਦੀ ਸੀ। ਅਨੀਤਾ ਨੇ ਕਿਹਾ ਕਿ ਮ੍ਰਿਤਕ ਘਰ ਵਿਚ ਗਰੀਬੀ ਕਾਰਨ ਬਹੁਤ ਪ੍ਰੇਸ਼ਾਨ ਰਹਿੰਦਾ ਸੀ। 
ਸੂਚਨਾ ਮਿਲਣ 'ਤੇ ਥਾਣਾ ਗੜ੍ਹਦੀਵਾਲਾ ਦੇ ਏ. ਐੱਸ. ਆਈ. ਸਤਵਿੰਦਰ ਸਿੰਘ ਚੀਮਾ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਮੀਤ ਸਿੰਘ ਦੀ ਪਹਿਲਾਂ ਇਕ ਲੜਕੀ ਸੀ। ਕੁਝ ਸਮਾਂ ਪਹਿਲਾਂ ਉਸ ਦੇ ਘਰ ਫਿਰ ਲੜਕੀ ਹੋਈ। ਉਪਰੋਂ ਉਹ ਆਪ ਵੀ ਪਿਛਲੇ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ, ਜਿਸ ਕਾਰਨ ਉਹ ਜ਼ਿਆਦਾ ਪ੍ਰੇਸ਼ਾਨ ਸੀ। ਉਹ ਹਰ ਸਮੇਂ ਇਹ ਸੋਚਦਾ ਰਹਿੰਦਾ ਸੀ ਕਿ ਉਸ ਦੀ ਬੀਮਾਰੀ ਦਾ ਇਲਾਜ ਕਿਵੇਂ ਹੋਵੇਗਾ, ਕੁੜੀਆਂ ਕਿਵੇਂ ਪੜ੍ਹਨਗੀਆਂ ਅਤੇ ਕਿਵੇਂ ਉਨ੍ਹਾਂ ਦੇ ਵਿਆਹ ਹੋਣਗੇ। ਪਤਲੀ ਆਰਥਿਕ ਹਾਲਤ ਅਤੇ ਉਕਤ ਪ੍ਰੇਸ਼ਾਨੀ ਕਾਰਨ ਹੀ ਉਸ ਖੁਦਕੁਸ਼ੀ ਕਰਨ ਵਾਲਾ ਕਦਮ ਚੁੱਕਿਆ।


Related News